ਲਾਛੜੂ ਖੁਰਦ ਨੇੜੇ ਨਰਵਾਣਾ ਬ੍ਰਾਂਚ ਨਹਿਰ |ਚ ਪਾੜ ਪੈਣ ਦਾ ਖ਼ਦਸ਼ਾ
ਲਾਛੜੂ ਖੁਰਦ ਨੇੜੇ ਨਰਵਾਣਾ ਬ੍ਰਾਂਚ ਨਹਿਰ ਵਿੱਚ ਪਾੜ ਪੈਣ ਦਾ ਖਤਰਾ, ਝਾੜੀਆਂ ਅਤੇ ਘਾਹ-ਫੂਸ ਬਣੇ ਮੁੱਖ ਕਾਰਨ
Publish Date: Mon, 01 Jun 2026 06:38 PM (IST)
Updated Date: Mon, 01 Jun 2026 06:41 PM (IST)

ਕਰਮਵੀਰ ਸਿੰਘ ਮਰਦਾਂਪੁਰ, ਪੰਜਾਬੀ ਜਾਗਰਣ, ਘਨੌਰ : ਹਲਕਾ ਘਨੌਰ ਦੇ ਪਿੰਡ ਲਾਛੜੂ ਖੁਰਦ ਨੇੜੇ ਲੰਘ ਰਹੀ ਨਰਵਾਣਾ ਬ੍ਰਾਂਚ ਨਹਿਰ ਦੀ ਹਾਲਤ ਚਿੰਤਾਜਨਕ ਬਣਦੀ ਜਾ ਰਹੀ ਹੈ। ਨਹਿਰ ਦੇ ਕੰਢੇ ਤੇ ਕਈ ਫੁੱਟ ਚੌੜਾ ਪਾੜ ਬਣ ਗਿਆ ਹੈ, ਜਿਸ ਕਾਰਨ ਕਿਸੇ ਵੀ ਸਮੇਂ ਵੱਡਾ ਨੁਕਸਾਨ ਹੋਣ ਦਾ ਖਤਰਾ ਬਣਿਆ ਹੋਇਆ ਹੈ। ਇਲਾਕਾ ਵਾਸੀਆਂ ਦਾ ਕਹਿਣਾ ਹੈ ਕਿ ਜੇਕਰ ਸਮੇਂ ਸਿਰ ਇਸ ਦੀ ਮੁਰੰਮਤ ਨਾ ਕੀਤੀ ਗਈ ਤਾਂ ਨਹਿਰ ਦਾ ਕੰਢਾ ਟੁੱਟ ਸਕਦਾ ਹੈ, ਜਿਸ ਨਾਲ ਨੇੜਲੇ ਖੇਤਾਂ ਅਤੇ ਹੋਰ ਜਾਇਦਾਦ ਨੂੰ ਭਾਰੀ ਨੁਕਸਾਨ ਪਹੁੰਚ ਸਕਦਾ ਹੈ। ਸਥਾਨਕ ਲੋਕਾਂ ਅਨੁਸਾਰ ਨਹਿਰ ਦੇ ਕੰਢਿਆਂ ਤੇ ਲੰਬੇ ਸਮੇਂ ਤੋਂ ਖੜ੍ਹੇ ਘਾਹ-ਫੂਸ, ਜੰਗਲੀ ਬੂਟੇ ਤੇ ਝਾੜੀਆਂ ਇਸ ਸਮੱਸਿਆ ਦਾ ਮੁੱਖ ਕਾਰਨ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਨਹਿਰ ਦੀ ਨਿਯਮਤ ਸਫਾਈ ਨਾ ਹੋਣ ਕਾਰਨ ਝਾੜੀਆਂ ਦੀਆਂ ਜੜ੍ਹਾਂ ਨੇ ਕੰਢੇ ਦੀ ਮਿੱਟੀ ਅਤੇ ਢਾਂਚੇ ਨੂੰ ਕਮਜ਼ੋਰ ਕਰ ਦਿੱਤਾ ਹੈ। ਇਸ ਦੇ ਨਾਲ-ਨਾਲ ਪਾਣੀ ਦਾ ਲਗਾਤਾਰ ਦਬਾਅ ਅਤੇ ਰਿਸਾਅ ਹੋਣ ਕਾਰਨ ਕੰਢੇ ਦੇ ਅੰਦਰ ਖੋਖਲਾਪਣ ਪੈਦਾ ਹੋ ਗਿਆ, ਜਿਸ ਦਾ ਨਤੀਜਾ ਅੱਜ ਇਕ ਵੱਡੇ ਪਾੜ ਦੇ ਰੂਪ ਵਿਚ ਸਾਹਮਣੇ ਆ ਰਿਹਾ ਹੈ। ਮੌਕੇ ਤੋਂ ਪ੍ਰਾਪਤ ਤਸਵੀਰਾਂ ਵਿਚ ਸਪੱਸ਼ਟ ਦਿਖਾਈ ਦੇ ਰਿਹਾ ਹੈ ਕਿ ਨਹਿਰ ਦੇ ਕੰਢੇ ਹੇਠਾਂ ਵੱਡਾ ਖੋਖਲਾ ਹਿੱਸਾ ਬਣ ਚੁੱਕਾ ਹੈ ਅਤੇ ਉਪਰਲਾ ਭਾਗ ਵੀ ਕਮਜ਼ੋਰ ਨਜ਼ਰ ਆ ਰਿਹਾ ਹੈ। ਪਿੰਡ ਵਾਸੀਆਂ ਨੇ ਚਿੰਤਾ ਜ਼ਾਹਿਰ ਕਰਦਿਆਂ ਕਿਹਾ ਕਿ ਜੇਕਰ ਇਹ ਪਾੜ ਹੋਰ ਵਧ ਗਿਆ ਤਾਂ ਬਰਸਾਤ ਦੇ ਮੌਸਮ ਦੌਰਾਨ ਸਥਿਤੀ ਗੰਭੀਰ ਹੋ ਸਕਦੀ ਹੈ ਅਤੇ ਨਹਿਰ ਟੁੱਟਣ ਦਾ ਖਤਰਾ ਬਣ ਸਕਦਾ ਹੈ। ਪਿੰਡ ਵਾਸੀਆਂ ਨੇ ਦੱਸਿਆ ਕਿ ਉਹ ਪਹਿਲਾਂ ਵੀ ਨਹਿਰੀ ਵਿਭਾਗ ਦਾ ਧਿਆਨ ਇਸ ਪਾਸੇ ਦਿਵਾ ਚੁੱਕੇ ਹਨ, ਪਰ ਸਮੇਂ ਸਿਰ ਸਫਾਈ ਤੇ ਮੁਰੰਮਤ ਨਾ ਹੋਣ ਕਾਰਨ ਅੱਜ ਇਹ ਹਾਲਾਤ ਬਣੇ ਹਨ। ਉਨ੍ਹਾਂ ਮੰਗ ਕੀਤੀ ਕਿ ਨਹਿਰ ਦੇ ਕੰਢਿਆਂ ਤੋਂ ਝਾੜੀਆਂ ਤੇ ਘਾਹ-ਫੂਸ ਨੂੰ ਤੁਰੰਤ ਸਾਫ ਕਰਕੇ ਕਮਜ਼ੋਰ ਹੋਏ ਹਿੱਸੇ ਦੀ ਪੱਕੀ ਮੁਰੰਮਤ ਕਰਵਾਈ ਜਾਵੇ। ਇਸ ਸਬੰਧੀ ਜਦੋਂ ਨਹਿਰੀ ਵਿਭਾਗ ਦੇ ਐਕਸੀਅਨ ਗੁਰਸ਼ਰਨ ਸਿੰਘ ਵਿਰਕ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਇਸ ਮਾਮਲੇ ਦੀ ਜਾਣਕਾਰੀ ਹੁਣੇ ਹੀ ਮਿਲੀ ਹੈ। ਉਨ੍ਹਾਂ ਦੱਸਿਆ ਕਿ ਸਥਿਤੀ ਦਾ ਜਾਇਜ਼ਾ ਲੈਣ ਲਈ ਤੁਰੰਤ ਸਬੰਧਤ ਜੇ.ਈ. ਨੂੰ ਮੌਕੇ ਤੇ ਭੇਜ ਦਿੱਤਾ ਗਿਆ ਹੈ। ਜੇ.ਈ. ਦੀ ਰਿਪੋਰਟ ਮਿਲਣ ਤੋਂ ਬਾਅਦ ਲੋੜੀਂਦੀ ਕਾਰਵਾਈ ਕਰਦਿਆਂ ਮੁਰੰਮਤ ਦਾ ਕੰਮ ਕਰਵਾਇਆ ਜਾਵੇਗਾ। ਭਾਜਪਾ ਹਲਕਾ ਇੰਚਾਰਜ ਘਨੌਰ ਨੇ ਮੰਗ ਕੀਤੀ ਹੈ ਕਿ ਕਿਸੇ ਸੰਭਾਵਿਤ ਹਾਦਸੇ ਤੋਂ ਪਹਿਲਾਂ ਹੀ ਇਸ ਗੰਭੀਰ ਸਮੱਸਿਆ ਦਾ ਹੱਲ ਕੀਤਾ ਜਾਵੇ ਤਾਂ ਜੋ ਸਰਕਾਰੀ ਸੰਪਤੀ ਅਤੇ ਕਿਸਾਨਾਂ ਦੀ ਫਸਲ ਨੂੰ ਨੁਕਸਾਨ ਤੋਂ ਬਚਾਇਆ ਜਾ ਸਕੇ। ਉਨ੍ਹਾਂ ਦੋਸ਼ ਲਾਇਆ ਕਿ ਸਰਕਾਰ ਦਾ ਇਸਤਿਹਾਰਾਬਾਜ਼ੀ ਤੇ ਮਾਈਨਿੰਗ ਵਲ ਪੂਰਾ ਧਿਆਨ ਹੈ ਪਰ ਸਰਕਾਰੀ ਸੰਪਤੀ ਦੀ ਰੱਖਿਆ ਤੇ ਲੋਕਾਂ ਦੀ ਜਾਨ ਮਾਲ ਦੀ ਰਾਖੀ ਵਲ ਕੋਈ ਧਿਆਨ ਨਹੀਂ ਹੈ।