ਗਰੀਬ ਮਾਂ ਦਾ ਪੁੱਤ ਚੜ੍ਹਿਆ ਨਸ਼ੇ ਦੀ ਭੇਟ
ਸੁੰਦਰ ਬਸਤੀ ’ਚ ਨਸ਼ੇ ਦੀ ਭੇਂਟ ਚੜਿਆ ਨੌਜਵਾਨ
Publish Date: Thu, 19 Mar 2026 05:25 PM (IST)
Updated Date: Fri, 20 Mar 2026 04:08 AM (IST)

ਸਟਾਫ ਰਿਪੋਰਟਰ, ਪੰਜਾਬੀ ਜਾਗਰਣ, ਸੰਗਰੂਰ : ਪੁਲਿਸ ਪ੍ਰਸ਼ਾਸਨ ਇਕ ਪਾਸੇ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਦੇ ਤਹਿਤ ਇਲਾਕੇ ਵਿਚ ਨਸ਼ੇ ’ਤੇ ਪੂਰੀ ਤਰ੍ਹਾਂ ਠੱਲ ਪਾਉਣ ਦੇ ਦਾਅਵੇ ਕਰ ਰਿਹਾ ਹੈ, ਜਦਕਿ ਦੂਜੇ ਪਾਸੇ ਨੌਜਵਾਨ ਪੀੜ੍ਹੀ ਨਸ਼ੇ ਦੀ ਭੇਟ ਚੜ੍ਹ ਰਹੇ ਹਨ। ਅਜਿਹਾ ਹੀ ਇਕ ਮਾਮਲਾ ਸਥਾਨਕ ਸੁੰਦਰ ਬਸਤੀ ਵਿਚ ਸਾਹਮਣੇ ਆਇਆ, ਜਿੱਥੇ ਘਰ ਵਿਚ ਹੀ ਇਕ ਨੌਜਵਾਨ ਨੇ ਆਪਣੇ ਸਾਥੀ ਨੂੰ ਨਸ਼ੇ ਦਾ ਟੀਕਾ ਲਾ ਦਿੱਤਾ। ਨਸ਼ੇ ਦੀ ਓਵਰ ਡੋਜ਼ ਕਾਰਨ ਨੌਜਵਾਨ ਦੀ ਮੌਕੇ ’ਤੇ ਹੀ ਮੌਤ ਹੋ ਗਈ। ਇਸ ਦੌਰਾਨ ਜਦੋਂ ਨੌਜਵਾਨ ਦੀ ਮਾਂ ਮੌਕੇ ’ਤੇ ਪਹੁੰਚੀ ਤਾਂ ਉਸਦਾ ਸਾਥੀ ਸਰਿੰਜ ਤੇ ਪਲਾਸਟਿਕ ਦੀ ਪੰਨੀ ਮੌਕੇ ’ਤੇ ਹੀ ਛੱਡ ਕੇ ਫ਼ਰਾਰ ਹੋ ਗਿਆ। ਗੰਭੀਰ ਹਾਲਤ ਵਿਚ ਮਾਂ ਆਪਣੇ ਪੁੱਤਰ ਨੂੰ ਸਿਵਲ ਹਸਪਤਾਲ ਲੈ ਕੇ ਗਈ, ਜਿੱਥੇ ਡਾਕਟਰਾਂ ਨੇ ਉਸਨੂੰ ਮ੍ਰਿਤਕ ਐਲਾਨ ਦਿੱਤਾ। ਮਾਂ ਨੇ ਦੋਸ਼ ਲਾਇਆ ਕਿ ਉਸਦੇ ਪੁੱਤਰ ਨੂੰ ਉਸਦੇ ਸਾਥੀ ਨੇ ਨਸ਼ੇ ਦਾ ਟੀਕਾ ਲਾਇਆ ਤੇ ਉਸਦੀ ਸਿਹਤ ਖ਼ਰਾਬ ਹੋਣ ’ਤੇ ਉਸਦੀ ਸੰਭਾਲ ਨਾ ਕਰਨ ਕਾਰਨ ਉਸਦੀ ਮੌਤ ਹੋ ਗਈ। ਪੁਲਿਸ ਨੇ ਮਾਂ ਦੇ ਬਿਆਨਾਂ ਦੇ ਆਧਾਰ ’ਤੇ ਮ੍ਰਿਤਕ ਦੇ ਸਾਥੀ ਖ਼ਿਲਾਫ਼ ਕੇਸ ਦਰਜ ਕਰ ਕੇ ਉਸਨੂੰ ਗ੍ਰਿਫ਼ਤਾਰ ਕਰ ਲਿਆ ਹੈ। ਜਾਣਕਾਰੀ ਦਿੰਦਿਆਂ ਪੀੜਤਾ ਸ਼ੁਖੋ ਨਿਵਾਸੀ ਸੁੰਦਰ ਬਸਤੀ ਸੰਗਰੂਰ ਨੇ ਦੱਸਿਆ ਕਿ ਉਹ ਸ਼ਹਿਰ ਦੇ ਇਕ ਨਿੱਜੀ ਹਸਪਤਾਲ ਵਿਚ ਸਫਾਈ ਦਾ ਕੰਮ ਕਰਦੀ ਹੈ। ਮੰਗਲਵਾਰ ਸ਼ਾਮ ਲਗਭਗ ਸੱਤ ਵਜੇ ਜਦੋਂ ਉਹ ਕੰਮ ਖ਼ਤਮ ਕਰਕੇ ਘਰ ਵਾਪਸ ਆਈ ਤਾਂ ਉਸਨੇ ਦੇਖਿਆ ਕਿ ਉਸਦੇ ਘਰ ਦੇ ਕਮਰੇ ’ਚ ਉਸਦਾ 21 ਸਾਲ ਦਾ ਪੁੱਤਰ ਸੁਮਿਤ ਬਿਸਤਰੇ ’ਤੇ ਬੇਹੋਸ਼ ਹਾਲਤ ਵਿੱਚ ਪਿਆ ਸੀ ਅਤੇ ਉਸ ਦੀਆਂ ਲੱਤਾ ਬਿਸਤਰੇ ਤੋਂ ਹੇਠਾਂ ਲਮਕ ਰਹੀਆਂ ਸਨ। ਨੇੜੇ ਹੀ ਉਸਦਾ ਸਾਥੀ ਅਨਮੋਲ ਬੈਠਾ ਸੀ, ਜਿਸਦੇ ਹੱਥ ਵਿੱਚ ਇਕ ਸਰਿੰਜ ਸੀ, ਜਿਸ ਨਾਲ ਉਹ ਸੁਮਿਤ ਨੂੰ ਟੀਕਾ ਲਾ ਚੁੱਕਾ ਸੀ। ਬਿਸਤਰੇ ਦੇ ਕੋਲ ਇਕ ਪੇਪਰ ਪੰਨੀ ਵੀ ਪਈ ਹੋਈ ਸੀ। ਜਦੋਂ ਪੀੜਤਾ ਨੇ ਅਨਮੋਲ ਤੋਂ ਪੁੱਛਿਆ ਕਿ ਉਹ ਕੀ ਕਰ ਰਿਹਾ ਹੈ ਤਾਂ ਉਹ ਸਿਰਿੰਜ ਅਤੇ ਪੰਨੀ ਛੱਡ ਕੇ ਮੌਕੇ ਤੋਂ ਭੱਜ ਗਿਆ। ਇਸ ਤੋਂ ਬਾਅਦ ਪੀੜਤਾ ਆਪਣੇ ਪੁੱਤਰ ਨੂੰ ਪਰਿਵਾਰਕ ਮੈਂਬਰਾਂ ਦੀ ਮਦਦ ਨਾਲ ਸਿਵਲ ਹਸਪਤਾਲ ਸੰਗਰੂਰ ਲੈ ਕੇ ਗਈ, ਜਿੱਥੇ ਡਾਕਟਰਾਂ ਨੇ ਉਸਨੂੰ ਮ੍ਰਿਤਕ ਐਲਾਨ ਦਿੱਤਾ। ਪੀੜਤਾ ਨੇ ਦੋਸ਼ ਲਾਇਆ ਕਿ ਅਨਮੋਲ ਨੇ ਉਸਦੇ ਪੁੱਤਰ ਨੂੰ ਨਸ਼ੇ ਦਾ ਟੀਕਾ ਲਾਇਆ ਤੇ ਉਸਦੀ ਹਾਲਤ ਖ਼ਰਾਬ ਹੋਣ ’ਤੇ ਉਸਦੀ ਸਹਾਇਤਾ ਨਾ ਕੀਤੀ, ਜਿਸ ਕਾਰਨ ਉਸਦੀ ਮੌਤ ਹੋ ਗਈ। ਥਾਣਾ ਸਿਟੀ-1 ਸੰਗਰੂਰ ਦੇ ਐੱਸਐੱਚਓ ਯੋਗੇਸ਼ ਨੇ ਦੱਸਿਆ ਕਿ ਪੀੜਤਾ ਦੇ ਬਿਆਨਾਂ ਦੇ ਆਧਾਰ ’ਤੇ ਅਨਮੋਲ ਸਿੰਘ ਉਰਫ਼ ਟਾਡਾ ਨਿਵਾਸੀ ਸੁੰਦਰ ਬਸਤੀ, ਸੰਗਰੂਰ ਖ਼ਿਲਾਫ਼ ਮਾਮਲਾ ਦਰਜ ਕਰ ਕੇ ਉਸਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਮਾਮਲੇ ਦੀ ਜਾਂਚ ਜਾਰੀ ਹੈ ਅਤੇ ਇਸ ਦੇ ਆਧਾਰ ’ਤੇ ਅਗਲੀ ਕਾਰਵਾਈ ਕੀਤੀ ਜਾਵੇਗੀ।