ਵੀਜ਼ਾ ਨਾ ਮਿਲਣ ਕਾਰਨ ਨੌਜਵਾਨ ਨੇ ਕੀਤੀ ਖੁਦਕੁਸ਼ੀ
ਵੀਜ਼ਾ ਨਾ ਮਿਲਣ ਕਾਰਨ ਨੌਜਵਾਨ ਨੇ ਕੀਤੀ ਖੁਦਕੁਸ਼ੀ
Publish Date: Sat, 31 Jan 2026 06:09 PM (IST)
Updated Date: Sun, 01 Feb 2026 04:10 AM (IST)
ਦਰਸ਼ਨ ਸਿੰਘ ਚੌਹਾਨ, ਪੰਜਾਬੀ ਜਾਗਰਣ, ਸੁਨਾਮ : ਆਈਲੈਟਸ ਕਰ ਕੇ ਵਿਦੇਸ਼ ਜਾਣ ਦੀ ਇੱਛਾ ਪੂਰੀ ਨਾ ਹੋਣ ਤੋਂ ਨਿਰਾਸ਼ ਇਕ ਨੌਜਵਾਨ ਨੇ ਸ਼ਨਿੱਚਰਵਾਰ ਨੂੰ ਜਾਖਲ-ਲੁਧਿਆਣਾ ਰੇਲਵੇ ਲਾਈਨ ’ਤੇ ਪਿੰਡ ਲਖਮੀਰਵਾਲਾ ਨੇੜੇ ਖੁਦਕਸ਼ੀ ਕਰ ਲਈ ਹੈ। ਉਕਤ ਘਟਨਾ ਸਬੰਧੀ ਜੀਆ ਪੀ ਪੁਲਿਸ ਚੌਕੀ ਸੁਨਾਮ ਦੇ ਇੰਚਾਰਜ ਸਹਾਇਕ ਥਾਣੇਦਾਰ ਸਰਬਜੀਤ ਸਿੰਘ ਨੇ ਦੱਸਿਆ ਕਿ ਪਿੰਡ ਸੂਲਰ ਦਾ ਨੌਜਵਾਨ ਹਰਵਿੰਦਰ ਸਿੰਘ ਉਰਫ ਹੈਪੀ (22) ਆਈਲੈਟਸ ਕਰਨ ਉਪਰੰਤ ਪੜ੍ਹਾਈ ਲਈ ਵਿਦੇਸ਼ ਜਾਣਾ ਚਾਹੁੰਦਾ ਸੀ। ਜਿਸ ਲਈ ਉਸ ਵੱਲੋਂ ਤਿੰਨ ਵਾਰ ਵੀਜੇ ਲਈ ਫਾਇਲ ਲਾਈ ਗਈ ਪਰ ਹਰਵਿੰਦਰ ਸਿੰਘ ਉਰਫ ਹੈਪੀ ਦੀ ਤਿੰਨੋਂ ਵਾਰ ਰਿਫਿਉਜਿਲ ਆ ਗਈ। ਇਸ ਨੂੰ ਲੈ ਕੇ ਉਹ ਪ੍ਰੇਸ਼ਾਨ ਰਹਿੰਦਾ ਸੀ। ਇਸ ਕਾਰਨ ਸ਼ਨਿੱਚਰਵਾਰ ਸਵੇਰੇ ਕਰੀਬ 3 ਕੁ ਵਜੇ ਜਾਖਲ-ਲੁਧਿਆਣਾ ਰੇਲਵੇ ਲਾਈਨ ’ਤੇ ਪਿੰਡ ਲਖਮੀਰਵਾਲਾ ਨੇੜੇ ਰੇਲ ਗੱਡੀ ਹੇਠ ਆਕੇ ਖੁਦਕਸ਼ੀ ਕਰ ਲਈ। ਸਹਾਇਕ ਥਾਣੇਦਾਰ ਸਰਬਜੀਤ ਸਿੰਘ ਨੇ ਦੱਸਿਆ ਕਿ ਪੁਲਿਸ ਵੱਲੋਂ ਮ੍ਰਿਤਕ ਨੌਜਵਾਨ ਦੇ ਪਿਤਾ ਗੁਰਤੇਜ ਸਿੰਘ ਦੇ ਬਿਆਨਾਂ ’ਤੇ ਬੀਐੱਨਐੱਸਐੱਸ ਦੀ ਧਾਰਾ 194 ਤਹਿਤ ਕਾਰਵਾਈ ਅਮਲ ਵਿਚ ਲਿਆਂਦੀ ਗਈ ਹੈ ਅਤੇ ਪੋਸਟਮਾਰਟਮ ਉਪਰੰਤ ਮ੍ਰਿਤਕ ਦੀ ਲਾਸ਼ ਵਾਰਸਾਂ ਨੂੰ ਸੌਂਪ ਦਿੱਤੀ ਜਾਵੇਗੀ।