ਧੋਖਾਧੜੀ ਹੋਣ ’ਤੇ ਨੌਜਵਾਨ ਨੇ ਕੀਤੀ ਖੁਦਕੁਸ਼ੀ
ਧੋਖਾਧੜੀ ਹੋਣ ’ਤੇ ਨੌਜਵਾਨ ਨੇ ਕੀਤੀ ਖੁਦਕੁਸ਼ੀ
Publish Date: Fri, 06 Feb 2026 05:14 PM (IST)
Updated Date: Sat, 07 Feb 2026 04:03 AM (IST)

ਸੁਸਾਈਡ ਨੋਟ ’ਚ ਪਨਗਰੇਨ ਇੰਸਪੈਕਟਰ ’ਤੇ ਲਾਏ ਧੋਖਾਧੜੀ ਦੇ ਦੋਸ਼ ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਧੂਰੀ : ਲੱਖਾਂ ਦੀ ਧੋਖਾਧੜੀ ਦਾ ਸ਼ਿਕਾਰ ਹੋਏ ਨੌਜਵਾਨ ਨੇ ਜਹਿਰੀਲੀ ਵਸਤੂ ਖਾ ਕੇ ਖੁ਼ਦਕੁਸ਼ੀ ਕਰ ਲਈ ਤੇ ਉਸ ਦੀ ਜੇਬ ਵਿੱਚੋਂ ਮਿਲੇ ਸੁਸਾਈਡ ਨੋਟ ਵਿਚ ਉਸਨੇ ਪਨਗ੍ਰੇਨ ਦੇ ਇੰਸਪੈਕਟਰ ’ਤੇ 15 ਲੱਖ ਦੀ ਠੱਗੀ ਮਾਰਨ ਦਾ ਦੋਸ਼ ਲਾਇਆ ਹੈ। ਪੁਲਿਸ ਨੇ ਮਾਮਲਾ ਦਰਜ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਨੌਜਵਾਨ ਦੇ ਪਿਤਾ ਬਹਾਦਰ ਪਾਲ ਵੱਲੋਂ ਥਾਣਾ ਸਿਟੀ ਧੂਰੀ ਵਿਚ ਆਪਣੇ ਦਰਜ ਕਰਵਾਏ ਬਿਆਨਾਂ ਵਿਚ ਕਿਹਾ ਕਿ ਉਸਦਾ ਪੁੱਤਰ ਵਿਨੋਦ ਕੁਮਾਰ ਕਰੀਬ 4 ਸਾਲ ਪਹਿਲਾਂ ਇੰਸਪੈਕਟਰ ਜਸਮੀਤ ਸਿੰਘ ਦੇ ਸੰਪਰਕ ਵਿਚ ਆਇਆ ਸੀ ਤੇ ਜਸਮੀਤ ਸਿੰਘ ਨੇ ਉਸਦੇ ਬੇਟੇ ਨੂੰ ਪਰਿਵਾਰ ਸਮੇਤ ਇੰਗਲੈਂਡ (ਯੂਕੇ) ਭੇਜਣ ਦਾ ਭਰੋਸਾ ਦੇ ਕੇ ਉਸ ਕੋਲੋਂ 13 ਲੱਖ ਰੁਪਏ ਲੈ ਲਏ ਸਨ ਜੋ ਕਿ ਉਸਨੇ ਆਪਣੀ ਪਤਨੀ ਊਸ਼ਾ ਰਾਣੀ ਦੇ ਨਾਮ ’ਤੇ ਪਏ ਪਲਾਟ ਨੂੰ ਵੇਚ ਕੇ ਅਤੇ ਪਰਸਨਲ ਲੋਨ ਲੈ ਕੇ ਜਸਮੀਤ ਸਿੰਘ ਨੂੰ ਦਿੱਤੇ ਸਨ। ਜਸਮੀਤ ਸਿੰਘ ਵੱਲੋਂ ਉਸ ਦੇ ਲੜਕੇ ਵਿਨੋਦ ਕੁਮਾਰ ਨੂੰ ਵਾਇਆ ਦੁਬਈ ਯੂਕੇ ਭੇਜਣ ਦਾ ਭਰੋਸਾ ਦਿੱਤਾ ਸੀ ਤੇ ਇੰਸਪੈਕਟਰ ਜਸਮੀਤ ਸਿੰਘ ਨੇ ਉਸਦੇ ਪੁੱਤਰ ਦੀਆਂ ਦੁਬਈ ਦੀ ਟਿਕਟ ਬੁੱਕ ਕਰਵਾ ਦਿੱਤੀ ਸੀ ਅਤੇ ਕਿਹਾ ਸੀ ਕਿ ਇੱਥੋਂ ਵਿਨੋਦ ਕੁਮਾਰ ਅੱਗੇ ਯੂਕੇ ਚਲਾ ਜਾਵੇਗਾ ਅਤੇ ਵਿਨੋਦ ਕੁਮਾਰ ਕੁਝ ਦਿਨ ਦੁਬਈ ਵਿਚ ਧੱਕੇ ਖਾ ਕੇ ਵਾਪਸ ਪੰਜਾਬ ਆ ਗਿਆ ਸੀ ਤੇ ਅਸੀਂ ਇੰਸਪੈਕਟਰ ਜਸਮੀਤ ਸਿੰਘ ਕੋਲੋਂ ਆਪਣੇ ਦਿੱਤੇ ਪੈਸੇ ਵਾਪਸ ਮੰਗਦੇ ਆ ਰਹੇ। ਜਨਵਰੀ 2026 ਵਿਚ ਵੀ ਜਸਮੀਤ ਸਿੰਘ ਨੇ ਵਿਨੋਦ ਕੁਮਾਰ ਕੋਲੋਂ 2 ਲੱਖ 40 ਹਜਾਰ ਰੁਪਏ ਦੀ ਰਕਮ ਇਹ ਕਹਿ ਕੇ ਲੈ ਲਈ ਕਿ ਉਹ ਧੂਰੀ ਵਿਖੇ ਪਨਗਰੇਨ ਦਫਤਰ ਵਿਚ ਇੰਚਾਰਜ ਲੱਗ ਕੇ ਉਨ੍ਹਾਂ ਦੇ ਸਾਰੇ ਪੈਸੇ ਵਾਪਸ ਕਰ ਦੇਵੇਗਾ। ਪ੍ਰੰਤੂ ਇਸਤੋਂ ਬਾਅਦ ਵੀ ਉਕਤ ਵਿਅਕਤੀ ਨੇ ਉਨ੍ਹਾਂ ਨੂੰ ਕੋਈ ਰਾਹ ਨਾ ਪਾਇਆ। ਅਖੀਰ ਧੋਖਾਧੜੀ ਹੋਣ ਕਾਰਨ ਵਿਨੋਦ ਕੁਮਾਰ ਪਰੇਸ਼ਾਨ ਰਹਿਣ ਲੱਗਾ ਤੇ ਇਸੇ ਪਰੇਸ਼ਾਨੀ ਦੇ ਚਲਦਿਆਂ ਉਸ ਨੇ ਕੋਈ ਜ਼ਹਿਰੀਲੀ ਚੀਜ਼ ਖਾ ਕੇ ਖੁਦਕੁਸ਼ੀ ਕਰ ਲਈ। ਮ੍ਰਿਤਕ ਦੀ ਜੇਬ ਵਿੱਚੋਂ ਇਕ ਸੁਸਾਈਡ ਨੋਟ ਵੀ ਮਿਲਿਆ ਹੈ ਜਿਸ ਵਿਚ ਉਸਨੇ ਆਪਣੀ ਮੌਤ ਲਈ ਇੰਸਪੈਕਟਰ ਜਸਮੀਤ ਸਿੰਘ ਨੂੰ ਜਿੰਮੇਵਾਰ ਠਹਿਰਾਇਆ ਹੈ। ਥਾਣਾ ਸਿਟੀ ਧੂਰੀ ਦੀ ਪੁਲਿਸ ਨੇ ਇੰਸਪੈਕਟਰ ਜਸਮੀਤ ਸਿੰਘ ਦੇ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ।