15 ਗ੍ਰਾਮ ਹੈਰੋਇਨ ਸਮੇਤ ਨੌਜਵਾਨ ਗ੍ਰਿਫ਼ਤਾਰ
15 ਗ੍ਰਾਮ ਹੈਰੋਇਨ ਸਮੇਤ ਨੌਜਵਾਨ ਗ੍ਰਿਫਤਾਰ
Publish Date: Mon, 23 Mar 2026 05:24 PM (IST)
Updated Date: Tue, 24 Mar 2026 04:02 AM (IST)

ਹਰਜੀਤ ਸਿੰਘ, ਪੰਜਾਬੀ ਜਾਗਰਣ, ਖਨੌਰੀ : ਪੁਲਿਸ ਥਾਣਾ ਖਨੌਰੀ ਦੀ ਪੁਲਿਸ ਪਾਰਟੀ ਨੇ ਬੀਤੀ ਰਾਤ ਗਸ਼ਤ ਤੇ ਸ਼ੱਕੀ ਵਿਅਕਤੀਆਂ ਦੀ ਚੈਕਿੰਗ ਦੌਰਾਨ ਇਕ ਨੌਜਵਾਨ ਨੂੰ 15 ਗ੍ਰਾਮ ਹੈਰੋਇਨ (ਚਿੱਟਾ) ਸਮੇਤ ਕਾਬੂ ਕੀਤਾ ਹੈ। ਸਹਾਇਕ ਥਾਣੇਦਾਰ ਰਘਬੀਰ ਸਿੰਘ ਨੇ ਦੱਸਿਆ ਕਿ ਬੀਤੀ ਰਾਤ ਪੁਲਿਸ ਪਾਰਟੀ ਸ਼ੱਕੀ ਪੁਰਸ਼ਾਂ ਦੀ ਚੈਕਿੰਗ ਦੇ ਸਬੰਧ ਵਿਚ ਗਸ਼ਤ ਕਰ ਰਹੀ ਸੀ ਜਦੋਂ ਉਹ ਨਹਿਰੀ ਵਿਸ਼ਰਾਮ ਘਰ (ਰੈਸਟ ਹਾਊਸ) ਲਾਗੇ ਪਹੁੰਚੇ ਸਨ ਤਾਂ ਪੁਲਿਸ ਪਾਰਟੀ ਨੂੰ ਦੇਖ ਕੇ ਇਕ ਨੌਜਵਾਨ ਘਬਰਾ ਗਿਆ ਅਤੇ ਇਕਦਮ ਮੁੜਨ ਦੀ ਕੋਸ਼ਿਸ਼ ਕੀਤੀ। ਇਸ ਦੌਰਾਨ ਉਸਨੇ ਆਪਣੀ ਜੇਬ ਵਿਚੋਂ ਇੱਕ ਪਾਰਦਰਸ਼ੀ ਲਿਫਾਫਾ ਸੜਕ ਦੇ ਕਿਨਾਰੇ ਸੁੱਟ ਦਿੱਤਾ। ਸ਼ੱਕ ਦੇ ਆਧਾਰ ’ਤੇ ਪੁਲਿਸ ਨੇ ਤੁਰੰਤ ਉਸਨੂੰ ਕਾਬੂ ਕਰ ਕੇ ਪੁੱਛਗਿੱਛ ਕੀਤੀ। ਕਾਬੂ ਕੀਤੇ ਨੌਜਵਾਨ ਦੀ ਪਹਿਚਾਣ ਲਵਪ੍ਰੀਤ ਸਿੰਘ ਉਰਫ ਲਵ ਵਾਸੀ ਲਸਕਰੀ ਨੰਗਲ, ਜ਼ਿਲ੍ਹਾ ਅੰਮ੍ਰਿਤਸਰ ਵਜੋਂ ਹੋਈ ਹੈ। ਪੁਲਿਸ ਵੱਲੋਂ ਲਿਫਾਫੇ ਦੀ ਜਾਂਚ ਕਰਨ ’ਤੇ ਉਸ ਵਿੱਚੋਂ ਹੈਰੋਇਨ ਬਰਾਮਦ ਹੋਈ, ਜਿਸਦੀ ਪੁਸ਼ਟੀ ਨਾਰਕੋਟਿਕ ਡਰੱਗ ਡਿਟੈਕਸ਼ਨ ਕਿੱਟ ਰਾਹੀਂ ਕੀਤੀ ਗਈ। ਥਾਣੇਦਾਰ ਰਘਬੀਰ ਸਿੰਘ ਨੇ ਦੱਸਿਆ ਕੀ ਬਰਾਮਦ ਕੀਤੇ ਨਸ਼ੀਲੇ ਪਦਾਰਥ ਦਾ ਕੁੱਲ ਵਜ਼ਨ 15 ਗ੍ਰਾਮ ਪਾਇਆ ਗਿਆ। ਪੁਲਿਸ ਨੇ ਮਾਮਲੇ ਵਿਚ ਐੱਨਡੀਪੀਐੱਸ ਐਕਟ ਦੀਆਂ ਧਾਰਾਵਾਂ 21/61/85 ਤਹਿਤ ਕੇਸ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਇਲਾਕੇ ਵਿਚ ਨਸ਼ੇ ਖ਼ਿਲਾਫ਼ ਮੁਹਿੰਮ ਜਾਰੀ ਰਹੇਗੀ ਤੇ ਦੋਸ਼ੀਆਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ। ਇਸ ਮੌਕੇ ਉਨ੍ਹਾਂ ਨਾਲ ਹੌਲਦਾਰ ਵੀਰਦਵਿੰਦਰ ਸਿੰਘ, ਹੌਲਦਾਰ ਮਨਜਿੰਦਰ ਸਿੰਘ ਮੌਜੂਦ ਸਨ।