ਮੰਡੀਆਂ ’ਚ ਆਇਆ ਪੀਲੇ ਸੋਨੇ ਦਾ ਹੜ੍ਹ, ਖਰੀਦਦਾਰ ਨਾਦਾਰਦ
ਮੰਡੀਆਂ ’ਚ ਆਇਆ ਪੀਲੇ ਸੋਨੇ ਦਾ ਹੜ੍ਹ, ਖਰੀਦਦਾਰ ਨਾਦਾਰਦ
Publish Date: Sun, 12 Apr 2026 03:59 PM (IST)
Updated Date: Mon, 13 Apr 2026 04:01 AM (IST)

ਸ਼ੰਭੂ ਗੋਇਲ, ਪੰਜਾਬੀ ਜਾਗਰਣ, ਲਹਿਰਾਗਾਗਾ : ਹਲਕੇ ਦੀਆਂ ਅਨਾਜ ਮੰਡੀਆਂ ਵਿੱਚ ਕਣਕ ਦੀ ਫਸਲ (ਪੀਲੇ ਸੋਨੇ) ਦਾ ਹੜ੍ਹ ਆ ਚੁੱਕਾ ਹੈ, ਪਰ ਖਰੀਦ ਏਜੰਸੀਆਂ ਨਾਦਾਰਦ ਹਨ। ਇੱਕ ਪਾਸੇ ਪੰਜਾਬ ਸਰਕਾਰ ਕਹਿ ਰਹੀ ਹੈ ਕਿ ਇਕ ਅਪ੍ਰੈਲ ਤੋਂ ਕਣਕ ਦੀ ਸਰਕਾਰੀ ਖਰੀਦ ਸ਼ੁਰੂ ਹੋ ਚੁੱਕੀ ਹੈ ਪ੍ਰੰਤੂ ਅੱਜ 12 ਅਪ੍ਰੈਲ ਤੱਕ ਵੀ ਲਹਿਰਾਗਾਗਾ ਦੀ ਮੁੱਖ ਮੰਡੀ ਤੇ ਇਸ ਨਾਲ ਜੁੜੇ ਖ਼ਰੀਦ ਕੇਂਦਰਾਂ ਵਿਚ ਕਿਸੇ ਪਾਸੇ ਵੀ ਕਣਕ ਦੀ ਬੋਲੀ ਨਹੀਂ ਹੋਈ। ਕਿਸਾਨ ਇਕ ਹਫਤੇ ਤੋਂ ਕਣਕ ਦੀ ਫਸਲ ਲੈ ਕੇ ਮੰਡੀਆਂ ’ਚ ਬੈਠੇ ਹਨ। ਜਦੋਂ ਕਿ ਸਰਕਾਰ ਦਾਅਵਾ ਕਰ ਰਹੀ ਹੈ ਕਿ ਕਣਕ ਦੀ ਫਸਲ ਤੁਰੰਤ ਵਿਕੇਗੀ ਤੇ 24 ਘੰਟਿਆਂ ਵਿਚ ਵਿਕੀ ਫਸਲ ਦੇ ਪੈਸੇ ਖਾਤਿਆਂ ਵਿੱਚ ਪਾਏ ਜਾਣਗੇ। ਇਸ ਸਬੰਧੀ ਖਰੀਦ ਏਜੰਸੀਆਂ ਦੇ ਇੰਸਪੈਕਟਰਾਂ ਨੇ ਦੱਸਿਆ ਕਿ ਜੋ ਮੰਡੀਆਂ ’ਚ ਕਣਕ ਆ ਰਹੀ ਹੈ, ਉਹ ਸਰਕਾਰੀ ਮਾਪਦੰਡਾਂ ਅਨੁਸਾਰ ਨਹੀਂ ਹੈ। ਜਿਸ ਨੂੰ ਐਫਏਕਿਉ ਵਿੱਚ ਖਰੀਦਣਾ ਅਸੰਭਵ ਹੈ। ਸਰਕਾਰ ਵੱਲੋਂ ਜਾਰੀ ਕੀਤੇ ਪੱਤਰ ਵਿੱਚ ਲਿਖਿਆ ਹੋਇਆ ਹੈ ਕਿ ਜੋ ਕਣਕ ਸਰਕਾਰੀ ਮਾਪਦੰਡਾਂ ਵਿੱਚ ਨਹੀਂ ਆਉਂਦੀ ਉਸ ਨੂੰ ਖ਼ਰੀਦ ਨਾ ਕੀਤਾ ਜਾਵੇ। ਜੇਕਰ ਕਿਸੇ ਵੱਲੋਂ ਖ਼ਰੀਦ ਕੀਤੀ ਗਈ ਤਾਂ ਉਸ ਵਿਰੁੱਧ ਪ੍ਰਸ਼ਾਸਨਿਕ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਜਦੋਂ ਤੱਕ ਕੇਂਦਰ ਸਰਕਾਰ ਵੱਲੋਂ ਮਾਪ ਦੰਡਾਂ ਵਿੱਚ ਢਿੱਲ ਨਹੀਂ ਦਿੱਤੀ ਜਾਂਦੀ ਉਦੋਂ ਤੱਕ ਕਣਕ ਦੀ ਖ਼ਰੀਦ ਕਰਨੀ ਸੰਭਵ ਨਹੀਂ ਹੈ। ਦੂਜੇ ਪਾਸੇ ਕਿਹਾ ਜਾਂਦਾ ਹੈ, ਕਿ ਕੇਂਦਰ ਤੋਂ ਕਣਕ ਦੇ ਮਾਪ ਦੰਡ ਜਾਂਚਣ ਲਈ ਟੀਮ ਆਵੇਗੀ ਪਰੰਤੂ ਦੇਖਣ ਵਾਲੀ ਗੱਲ ਇਹ ਹੈ ਕਿ ਕਦੋਂ ਟੀਮ ਆਵੇਗੀ ਕਦੋਂ ਸੈਂਪਲ ਲੈ ਕੇ ਜਾਵੇਗੀ ਅਤੇ ਕਦੋਂ ਛੋਟ ਦਿੱਤੀ ਜਾਵੇਗੀ। ਜਦੋਂ ਤੱਕ ਕੇਂਦਰ ਸਰਕਾਰ ਛੋਟ ਦੇਵੇਗੀ ਉਦੋਂ ਤੱਕ ਖੇਤਾਂ ਵਿੱਚੋਂ ਸਾਰੀ ਕਣਕ ਦੀ ਫਸਲ ਮੰਡੀਆਂ ਵਿੱਚ ਪਹੁੰਚ ਜਾਵੇਗੀ। ਦੇਖਣ ਵਾਲੀ ਗੱਲ ਇਹ ਹੈ ਕਿ ਆਂਉਦੇ ਦੋ ਦਿਨ ਦੌਰਾਨ ਮੰਡੀਆਂ ਵਿੱਚ ਕਣਕ ਦੀ ਫਸਲ ਉਤਾਰਨ ਲਈ ਵੀ ਥਾਂ ਨਹੀਂ ਬਚੇਗੀ। ਦੂਜਾ ਇਕਦਮ ਜੋਰ ਪੈਣ ਕਾਰਨ ਉਸਦੀ ਤਲਾਈ ਉਪਰੰਤ ਲਿਫਟਿੰਗ ਦੇ ਪ੍ਰਬੰਧ ਵੀ ਇੰਨੀ ਜਲਦੀ ਨਹੀਂ ਹੋ ਸਕਣਗੇ। ਇਸ ਕਾਰਨ ਕਣਕ ਦੀ ਫਸਲ ਵਿੱਚ ਆੜ੍ਹਤੀਆਂ ਨੂੰ ਭਾਰੀ ਸ਼ਾਰਟੇਜ ਪੈਣ ਤੋਂ ਵੀ ਇਨਕਾਰ ਨਹੀਂ ਕੀਤਾ ਜਾ ਸਕਦਾ। ਇਸ ਲਈ ਸਥਾਈ ਆੜ੍ਹਤੀ ਐਸੋਸੀਏਸ਼ਨ ਨੇ ਕੇਂਦਰ ਸਰਕਾਰ ਤੋਂ ਮੰਗ ਕੀਤੀ ਕਿ ਕਣਕ ਦੀ ਖ਼ਰੀਦ ਸਬੰਧੀ ਜਲਦੀ ਛੋਟ ਦਿੱਤੀ ਜਾਵੇ ਤਾਂ ਜੋ ਕਿਸਾਨਾਂ ਦੀ ਸੋਨੇ ਰੰਗੀ ਫਸਲ ਜਲਦੀ ਵਿਕ ਸਕੇ।