ਰਾਮ ਨਗਰ ਬਸਤੀ ਵਿਖੇ ਨਾਜਾਇਜ਼ ਉਸਾਰੀ ’ਤੇ ਚੱਲਿਆ ਪੀਲਾ ਪੰਜਾ
ਰਾਮ ਨਗਰ ਬਸਤੀ ਵਿਖੇ ਨਜਾਇਜ ਜਾਇਦਾਦ/ਉਸਾਰੀ ਉੱਤੇ ਚੱਲਿਆ ਪੀਲਾ ਪੰਜਾ
Publish Date: Sat, 18 Apr 2026 06:39 PM (IST)
Updated Date: Sun, 19 Apr 2026 04:13 AM (IST)
ਨਸ਼ਾ ਤਸਕਰਾਂ ਖ਼ਿਲਾਫ਼ ਸਖ਼ਤ ਕਾਰਵਾਈ ਜਾਰੀ: ਐਸਪੀ ਵਿਰਕ ਜਸਵੀਰ ਸਿੰਘ, ਪੰਜਾਬੀ ਜਾਗਰਣ, ਸੰਗਰੂਰ ਸਿਵਲ ਅਤੇ ਪੁਲਿਸ ਪ੍ਰਸ਼ਾਸਨ ਵੱਲੋਂ ਨਸ਼ਾ ਤਸਕਰਾਂ ਖ਼ਿਲਾਫ਼ ਕਾਰਵਾਈ ਨੂੰ ਤੇਜ਼ ਕਰਦਿਆਂ ਸਥਾਨਕ ਰਾਮ ਨਗਰ ਬਸਤੀ ਵਿੱਚ ਨਜਾਇਜ ਜਾਇਦਾਦ ਦੀ ਉਸਾਰੀ ਤੇ ਪੀਲਾ ਪੰਜਾ ਚਲਾਇਆ ਗਿਆ। ਐਸਪੀ ਨਵਰੀਤ ਸਿੰਘ ਵਿਰਕ ਨੇ ਦੱਸਿਆ ਕਿ ਰਾਮ ਨਗਰ ਬਸਤੀ ਦੀ ਰਹਿਣ ਵਾਲੀ ਕੰਵਲਜੀਤ ਕੌਰ ਉਰਫ ਕਾਲੋਂ ਦੇ ਨਜਾਇਜ਼ ਤੌਰ ‘ਤੇ ਉਸਾਰੇ ਮਕਾਨ ਖ਼ਿਲਾਫ਼ ਸਿਵਲ ਅਤੇ ਪੁਲਿਸ ਪ੍ਰਸ਼ਾਸਨ ਵੱਲੋਂ ਸਾਂਝੀ ਕਾਰਵਾਈ ਸ਼ੁਰੂ ਕੀਤੀ ਗਈ ਹੈ। ਕਾਨੂੰਨ ਦੇ ਦਾਇਰੇ ਵਿੱਚ ਰਹਿੰਦਿਆਂ ਨਸ਼ਾ ਤਸਕਰੀ ਨਾਲ ਜੁੜੇ ਅਪਰਾਧੀਆਂ ‘ਤੇ ਕੜੀ ਕਾਰਵਾਈ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਕੰਵਲਜੀਤ ਕੌਰ ਉਰਫ ਕਾਲੋਂ ਖ਼ਿਲਾਫ਼ ਐਨਡੀਪੀਐਸ ਐਕਟ ਤਹਿਤ 5 ਮੁਕੱਦਮੇ ਦਰਜ ਹਨ, ਜਦਕਿ ਉਸ ਦੇ ਪਰਿਵਾਰ ਦੇ ਮੈਂਬਰਾਂ ‘ਤੇ ਵੀ ਕੁੱਲ 15 ਮਾਮਲੇ ਵੱਖ-ਵੱਖ ਥਾਣਿਆਂ ਵਿੱਚ ਦਰਜ ਹਨ। ਇਹ ਕਾਰਵਾਈ ਨਸ਼ਾ ਤਸਕਰਾਂ ਨੂੰ ਸਖ਼ਤ ਸੰਦੇਸ਼ ਦੇਣ ਲਈ ਕੀਤੀ ਗਈ ਹੈ ਕਿ ਗੈਰਕਾਨੂੰਨੀ ਧੰਦੇ ਨੂੰ ਕਿਸੇ ਵੀ ਹਾਲਤ ਵਿੱਚ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਉਨ੍ਹਾਂ ਮੁੜ ਦਹੁਰਾਇਆ ਕਿ ਪੰਜਾਬ ਪੁਲਿਸ ਦੀ ਨਸ਼ਿਆਂ ਵਿਰੁੱਧ ਜ਼ੀਰੋ ਟਾਲਰੈਂਸ ਨੀਤੀ ‘ਤੇ ਸੰਗਰੂਰ ਪੁਲਿਸ ਪੂਰੀ ਤਰ੍ਹਾਂ ਅਡੋਲ ਹੈ ਅਤੇ ਜ਼ਿਲ੍ਹੇ ਵਿੱਚ ਨਸ਼ਾ ਤਸਕਰੀ ਕਰਨ ਵਾਲੇ ਕਿਸੇ ਵੀ ਵਿਅਕਤੀ ਨੂੰ ਬਖ਼ਸ਼ਿਆ ਨਹੀਂ ਜਾਵੇਗਾ।