ਨਸ਼ਾ ਤਸਕਰਾਂ ਦੀ ਉਸਾਰੀ ਤੇ ਚੱਲਿਆ ਪੀਲਾ ਪੰਜਾ
ਨਸ਼ਾ ਤਸਕਰਾਂ ਦੀ ਉਸਾਰੀ ਤੇ ਚੱਲਿਆ ਪੀਲਾ ਪੰਜਾ
Publish Date: Thu, 22 Jan 2026 03:53 PM (IST)
Updated Date: Fri, 23 Jan 2026 04:01 AM (IST)

ਪਤੀ ਪਤਨੀ ’ਤੇ ਨਸ਼ਿਆਂ ਖ਼ਿਲਾਫ਼ ਦਰਜ ਹਨ 15 ਮੁਕਦਮੇ : ਐੱਸਪੀ ਸ਼ੰਭੂ ਗੋਇਲ, ਪੰਜਾਬੀ ਜਾਗਰਣ, ਲਹਿਰਾਗਾਗਾ : ਪੰਜਾਬ ਸਰਕਾਰ ਨਸ਼ਾ ਤਸਕਰਾਂ ਨੂੰ ਠੱਲ ਪਾਉਣ ਲਈ ਉਨ੍ਹਾਂ ਵਿਰੁੱਧ ਸਖ਼ਤ ਕਾਰਵਾਈ ਅਮਲ ਵਿਚ ਲਿਆਂਦੀ ਜਾ ਰਹੀ ਹੈ ਤੇ ਨਸ਼ਾ ਤਸਕਰਾਂ ਵੱਲੋਂ ਕੀਤੀਆਂ ਨਾਜਾਇਜ਼ ਉਸਾਰੀਆਂ ਵੀ ਢਾਹੀਆਂ ਜਾ ਰਹੀਆਂ ਹਨ। ਇਸੇ ਸੰਦਰਭ ਦੇ ਚਲਦਿਆਂ ਥਾਣਾ ਲਹਿਰਾ ਦੇ ਪਿੰਡ ਹਰਿਆਊ ਵਿਖੇ ਨਸ਼ਾ ਤਸਕਰਾਂ ਦੀ ਇਕ ਨਾਜਾਇਜ਼ ਉਸਾਰੀ ਪੀਲੇ ਪੰਜੇ ਨਾਲ ਢਹਿ ਢੇਰੀ ਕਰ ਦਿੱਤੀ ਗਈ ਹੈ। ਇਸ ਸਬੰਧੀ ਐੱਸਪੀ ਸੰਗਰੂਰ ਰਾਜੇਸ਼ ਛਿੱਬਰ ਡੀਐੱਸਪੀ ਰਣਬੀਰ ਸਿੰਘ ਲਹਿਰਾ, ਥਾਣਾ ਲਹਿਰਾ ਦੇ ਮੁੱਖ ਅਫ਼ਸਰ ਇੰਸਪੈਕਟਰ ਮਨਪ੍ਰੀਤ ਸਿੰਘ ਨੇ ਦੱਸਿਆ ਕਿ ਸਾਨੂੰ ਬੀਡੀਪੀਓ ਦਫ਼ਤਰ ਲਹਿਰਾ ਵੱਲੋਂ ਵੀ ਇਸ ਉਸਾਰੀ ਸਬੰਧੀ ਸ਼ਿਕਾਇਤ ਮਿਲੀ ਸੀ। ਜਾਂਚ ਪੜਤਾਲ ਕਰਨ ਉਪਰੰਤ ਪਤਾ ਲੱਗਿਆ ਕਿ ਇਸ ਨਾਜਾਇਜ਼ ਉਸਾਰੀ ਦੇ ਮਾਲਕ ਗੋਰਾ ਸਿੰਘ ਤੇ ਉਸਦੀ ਪਤਨੀ ਸ਼ਿੰਦਰ ਕੌਰ ਹਨ। ਇਨ੍ਹਾਂ ਵਿੱਚੋਂ ਗੋਰਾ ਸਿੰਘ ਖ਼ਿਲਾਫ਼ ਤਿੰਨ-ਚਾਰ ਪਰਚੇ ਨਸ਼ਿਆਂ ਸਬੰਧੀ ਹਨ ਤੇ 110 ਦੇ ਕਲੰਦਰੇ ਵੀ ਹਨ। ਜਦੋਂ ਕੇ ਸ਼ਿੰਦਰ ਕੌਰ ਖ਼ਿਲਾਫ਼ 12 ਮਾਮਲੇ ਐੱਨਡੀਪੀਐੱਸ ਐਕਟ ਅਧੀਨ ਦਰਜ ਹਨ। ਇਸ ਸਬੰਧੀ ਪਿੰਡ ਦੀ ਵੀ ਸ਼ਿਕਾਇਤ ਸੀ ਕਿ ਇਨ੍ਹਾਂ ਨੇ ਪਿੰਡ ਦੀ ਸ਼ਾਮਲਾਤ ਜ਼ਮੀਨ ਉੱਤੇ ਨਾਜਾਇਜ਼ ਉਸਾਰੀ ਕੀਤੀ ਗਈ ਹੈ। ਐੱਸਪੀ ਨੇ ਦੱਸਿਆ ਕਿ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਤਹਿਤ ਜੇਸੀਬੀ ਮਸ਼ੀਨ ਨਾਲ ਇਹ ਉਸਾਰੀ ਸ਼ਾਂਤੀ ਪੂਰਵਕ ਢਾਹੀ ਗਈ ਹੈ। ਇਸ ਸਮੇਂ ਐੱਸਪੀ ਰਾਜੇਸ਼ ਛਿੱਬਰ ਤੇ ਡੀਐੱਸਪੀ ਰਣਵੀਰ ਸਿੰਘ ਨੇ ਨਸ਼ਾ ਤਸਕਰਾਂ ਨੂੰ ਸਖ਼ਤ ਤਾੜਨਾ ਕਰਦਿਆਂ ਚਿਤਾਵਨੀ ਦਿੱਤੀ ਕਿ ਨਸ਼ਾ ਤਸਕਰ ਬਾਜ਼ ਆ ਜਾਣ ਨਹੀਂ ਤਾਂ ਉਨ੍ਹਾਂ ਨਾਲ ਪੂਰੀ ਸਖ਼ਤੀ ਨਾਲ ਨਜਿੱਠਿਆ ਜਾਵੇਗਾ। ਉਨ੍ਹਾਂ ਇਹ ਵੀ ਸਪਸ਼ਟ ਕੀਤਾ ਕਿ ਇਹ ਮੁਹਿੰਮ ਅੱਗੇ ਨੂੰ ਵੀ ਇਸੇ ਤਰ੍ਹਾਂ ਜਾਰੀ ਰਹੇਗੀ।