ਗੋਲਡੀ ਦੀ ਅਗਵਾਈ ਹੇਠ ਕੱਲ੍ਹ ਨਿਕਲੇਗੀ ਜਾਗਰੂਕਤਾ ਯਾਤਰਾ
ਯਾਦਵਿੰਦਰ ਸਿੰਘ ਗੋਲਡੀ ਦੀ ਅਗਵਾਈ ਹੇਠ ਕੱਲ੍ਹ ਨਿਕਲੇਗੀ ਵਿਸ਼ਾਲ ਜਾਗਰੂਕਤਾ ਯਾਤਰਾ
Publish Date: Sun, 29 Mar 2026 06:31 PM (IST)
Updated Date: Sun, 29 Mar 2026 06:33 PM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਪਟਿਆਲਾ : ਪੰਜਾਬ ਵਿਚ ਨਸ਼ਿਆਂ ਦੀ ਲਾਹਨਤ ਨੂੰ ਜੜ੍ਹੋਂ ਖ਼ਤਮ ਕਰਨ ਅਤੇ ਨੌਜਵਾਨੀ ਨੂੰ ਜਾਗਰੂਕ ਕਰਨ ਦੇ ਮਕਸਦ ਨਾਲ ਆਮ ਆਦਮੀ ਪਾਰਟੀ (ਆਪ) ਵੱਲੋਂ ਪਟਿਆਲਾ ਇਲਾਕੇ ਵਿਚ ਇਕ ਵੱਡੀ ਮੁਹਿੰਮ ਵਿੱਢੀ ਜਾ ਰਹੀ ਹੈ। ਪਾਰਟੀ ਦੇ ਨੌਜਵਾਨ ਆਗੂ ਯਾਦਵਿੰਦਰ ਸਿੰਘ ਗੋਲਡੀ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਨਸ਼ਿਆਂ ਵਿਰੁੱਧ ਹੱਲਾ ਬੋਲ ਯਾਤਰਾ ਭਲਕੇ ਸ਼ਾਮ 4 ਵਜੇ ਪੂਰੀ ਸਰਗਰਮੀ ਨਾਲ ਸ਼ੁਰੂ ਕੀਤੀ ਜਾਵੇਗੀ। ਯਾਦਵਿੰਦਰ ਸਿੰਘ ਗੋਲਡੀ ਅਨੁਸਾਰ ਇਹ ਯਾਤਰਾ ਗੁਰਦੁਆਰਾ ਸ੍ਰੀ ਕਸ਼ਮੀਰੀਆਂ ਵਾਲਾ (ਤ੍ਰਿਪੜੀ) ਤੋਂ ਸ਼ਾਮ 4 ਵਜੇ ਅਰਦਾਸ ਉਪਰੰਤ ਰਵਾਨਾ ਹੋਵੇਗੀ। ਇਹ ਜਾਗਰੂਕਤਾ ਮਾਰਚ ਇਲਾਕੇ ਦੇ ਵੱਖ-ਵੱਖ ਪਿੰਡਾਂ ’ਚੋਂ ਗੁਜ਼ਰਦਾ ਹੋਇਆ ਲੋਕਾਂ ਨੂੰ ਨਸ਼ਿਆਂ ਦੇ ਮਾਰੂ ਪ੍ਰਭਾਵਾਂ ਬਾਰੇ ਸੁਚੇਤ ਕਰੇਗਾ। ਤ੍ਰਿਪੜੀ ਤੋਂ ਸ਼ੁਰੂ ਹੋ ਕੇ ਬਾਰਨ, ਮਾਜਰੀਆ ਅਕਾਲੀਆਂ, ਕਾਲਵਾ, ਨੰਦਪੁਰ ਕੇਸੋ, ਕਲੀਫੇਆਲ ਅਤੇ ਫੱਗਣ ਮਾਜਰਾ। ਇਸ ਦਾ ਸਮਾਪਨ ਪਿੰਡ ਹਰਦਾਸਪੁਰ ਵਿਖੇ ਹੋਵੇਗਾ। ਆਗੂ ਗੋਲਡੀ ਨੇ ਕਿਹਾ ਕਿ ਇਸ ਯਾਤਰਾ ਦਾ ਮੁੱਖ ਉਦੇਸ਼ ਪਿੰਡ-ਪਿੰਡ ਜਾ ਕੇ ਨੌਜਵਾਨਾਂ ਨੂੰ ਖੇਡਾਂ ਅਤੇ ਸਿਹਤਮੰਦ ਜੀਵਨ ਸ਼ੈਲੀ ਨਾਲ ਜੋੜਨਾ ਹੈ। ਉਨ੍ਹਾਂ ਕਿਹਾ ਕਿ ਨਸ਼ਾ ਸਿਰਫ਼ ਇੱਕ ਇਨਸਾਨ ਨੂੰ ਨਹੀਂ, ਸਗੋਂ ਪੂਰੇ ਪਰਿਵਾਰ ਨੂੰ ਤਬਾਹ ਕਰ ਦਿੰਦਾ ਹੈ। ਆਪ ਵਲੰਟੀਅਰਾਂ ਅਤੇ ਇਲਾਕਾ ਨਿਵਾਸੀਆਂ ਵਿੱਚ ਇਸ ਯਾਤਰਾ ਨੂੰ ਲੈ ਕੇ ਭਾਰੀ ਉਤਸ਼ਾਹ ਦੇਖਿਆ ਜਾ ਰਿਹਾ ਹੈ। ਉਨ੍ਹਾਂ ਸਮੂਹ ਇਲਾਕਾ ਨਿਵਾਸੀਆਂ ਅਤੇ ਖਾਸ ਕਰਕੇ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਉਹ ਵੱਧ ਤੋਂ ਵੱਧ ਗਿਣਤੀ ਵਿੱਚ ਇਸ ਯਾਤਰਾ ਦਾ ਹਿੱਸਾ ਬਣਨ ਤਾਂ ਜੋ ਇੱਕ ਨਸ਼ਾ-ਮੁਕਤ ਸਮਾਜ ਦੀ ਸਿਰਜਣਾ ਕੀਤੀ ਜਾ ਸਕੇ। ਯਾਤਰਾ ਦੌਰਾਨ ਨਸ਼ਿਆਂ ਖ਼ਿਲਾਫ਼ ਨਾਅਰੇਬਾਜ਼ੀ ਅਤੇ ਲੋਕਾਂ ਨੂੰ ਸਹੁੰ ਚੁਕਾ ਕੇ ਇਸ ਸਮਾਜਿਕ ਬੁਰਾਈ ਵਿਰੁੱਧ ਲਾਮਬੰਦ ਕੀਤਾ ਜਾਵੇਗਾ।