ਪੀਣ ਵਾਲੇ ਪਾਣੀ ’ਚੋਂ ਨਿਕਲ ਰਹੇ ਸਪੋਲੀਏ/ ਗੰਡੋਏ
ਪੀਣ ਵਾਲੇ ਪਾਣੀ ’ਚੋਂ ਨਿਕਲ ਰਹੇ ਸਪੋਲੀਏ/ ਗੰਡੋਏ
Publish Date: Sun, 15 Feb 2026 05:48 PM (IST)
Updated Date: Mon, 16 Feb 2026 04:06 AM (IST)

ਸਮੱਸਿਆ ਦਾ ਜਲਦ ਹੱਲ ਨਾ ਹੋਇਆ ਤਾਂ ਕਰਾਂਗੇ ਪ੍ਰਦਰਸ਼ਨ : ਮਹੱਲਾ ਵਾਸੀ ਮੁਕੇਸ਼ ਸਿੰਗਲਾ, ਪੰਜਾਬੀ ਜਾਗਰਣ, ਭਵਾਨੀਗੜ੍ਹ : ਸ਼ਹਿਰ ਦੀ ਹਨੂੰਮਾਨ ਬਸਤੀ, ਰਵਿਦਾਸ ਕਾਲੋਨੀ ਦੇ ਵਸਨੀਕ ਬੁਨਿਆਦੀ ਸਹੂਲਤਾਂ ਤੋਂ ਵੀ ਵਾਂਝੇ ਨਜ਼ਰ ਆ ਰਹੇ ਹਨ। ਇਲਾਕੇ ਦੇ ਵਸਨੀਕਾਂ ਅਨੁਸਾਰ ਪਿਛਲੇ ਕਈ ਦਿਨਾਂ ਤੋਂ ਵਾਟਰ ਵਰਕਸ ਰਾਹੀਂ ਆ ਰਿਹਾ ਪੀਣ ਵਾਲਾ ਪਾਣੀ ਦੂਸ਼ਿਤ ਆ ਰਿਹਾ ਹੈ। ਦੂਸ਼ਿਤ ਪਾਣੀ ਵਿਚ ਛੋਟੇ-ਛੋਟੇ ਸਪੋਲੀਏ (ਗੰਢ-ਗੰਡੋਏ) ਤੇ ਰੇਤਾ ਆ ਰਿਹਾ ਹੈ। ਇਸ ਕਾਰਨ ਲੋਕਾਂ ਦੀ ਜ਼ਿੰਦਗੀ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਰਹੀ ਹੈ। ਮੁਹੱਲਾ ਵਾਸੀਆਂ ਹਰਮੇਸ਼ ਮੇਸ਼ੀ, ਇਕਬਾਲ ਸਿੰਘ, ਸਿੰਦਰ ਕੌਰ, ਮਨਜੀਤ ਕੌਰ, ਰੋਸ਼ਨੀ ਦੇਵੀ ਸਮੇਤ ਰਵਿਦਾਸ ਕਾਲੋਨੀ ਦੇ ਹਾਕਮ ਸਿੰਘ ਤੇ ਹੋਰ ਲੋਕਾਂ ਨੇ ਕਿਹਾ ਕਿ ਇਕ ਪਾਸੇ ਆਮ ਆਦਮੀ ਪਾਰਟੀ ਦੀ ਸਰਕਾਰ ਤੇ ਪ੍ਰਸ਼ਾਸਨ ਵੱਲੋਂ ਸੂਬੇ ਵਿਚ ਆਮ ਲੋਕਾਂ ਨੂੰ ਬਿਹਤਰ ਸਹੂਲਤਾਂ ਮੁਹੱਈਆ ਕਰਵਾਉਣ ਦੇ ਵੱਡੇ-ਵੱਡੇ ਦਾਅਵੇ ਕੀਤੇ ਜਾ ਰਹੇ ਹਨ ਪਰ ਦੂਜੇ ਪਾਸੇ ਸਰਕਾਰੀ ਟੂਟੀਆਂ ’ਚੋਂ ਪੀਣ ਲਈ ਭੇਜੇ ਜਾ ਰਹੇ ਦੂਸ਼ਿਤ ਪਾਣੀ ਵਿਚ ਛੋਟੇ-ਛੋਟੇ ਸਪੋਲੀਏ (ਗੰਢ-ਗੰਡੋਏ) ਅਤੇ ਰੇਤਾ ਆ ਰਿਹਾ ਹੈ। ਉਨ੍ਹਾਂ ਕਿਹਾ ਕਿ ਇਹ ਦੂਸ਼ਿਤ ਪਾਣੀ ਨਾ ਤਾਂ ਪੀਣ ਯੋਗ ਹੈ ਅਤੇ ਨਾ ਹੀ ਰਸੋਈ ਜਾਂ ਹੋਰ ਘਰੇਲੂ ਕੰਮਾਂ ਲਈ ਵਰਤਣ ਦੇ ਯੋਗ ਹੈ। ਬਜ਼ੁਰਗਾਂ ਨੂੰ ਉਲਟੀ ਤੇ ਦਸਤ ਦੀ ਹੋ ਰਹੀ ਸ਼ਿਕਾਇਤ ਇਸ ਮੌਕੇ ਪ੍ਰਸ਼ਾਸਨ ਪ੍ਰਤੀ ਰੋਸ ਜਾਹਿਰ ਕਰਦਿਆਂ ਲੋਕਾਂ ਦੱਸਿਆ ਕਿ ਗੰਦੇ ਪਾਣੀ ਦੀ ਸਪਲਾਈ ਕਾਰਨ ਬੱਚਿਆਂ ਅਤੇ ਬਜ਼ੁਰਗਾਂ ਦੀ ਸਿਹਤ ‘ਤੇ ਵੀ ਬੁਰਾ ਅਸਰ ਪੈ ਰਿਹਾ ਹੈ। ਇੱਕ ਬਜ਼ੁਰਗ ਜੋੜੇ ਨੇ ਦੱਸਿਆ ਕਿ ਦੂਸ਼ਿਤ ਪਾਣੀ ਪੀਣ ਨਾਲ ਦੋ ਦਿਨਾਂ ਤੋੰ ਉਨ੍ਹਾਂ ਨੂੰ ਉਲਟੀ ਤੇ ਦਸਤ ਦੀ ਸ਼ਿਕਾਇਤ ਹੋ ਰਹੀ ਹੈ। ਮੁਹੱਲੇ ਦੇ ਹੋਰ ਲੋਕਾਂ ਨੂੰ ਪੇਟ ਦੀਆਂ ਬਿਮਾਰੀਆਂ ਅਤੇ ਚਮੜੀ ਸੰਬੰਧੀ ਰੋਗ ਫੈਲਣ ਦਾ ਡਰ ਵੀ ਸਤਾ ਰਿਹਾ ਹੈ। ਵਸਨੀਕਾਂ ਨੇ ਦੱਸਿਆ ਕਿ ਕੁਝ ਮਹੀਨੇ ਪਹਿਲਾਂ ਵੀ ਟੂਟੀਆਂ ਚੋੰ ਪਾਣੀ ਦੇ ਨਾਲ ਪੰਛੀਆਂ ਦੇ ਖੰਭ ਵਗੈਰਾ ਆਏ ਸਨ। ਲੋਕਾਂ ਨੇ ਦੋਸ਼ ਲਗਾਇਆ ਕਿ ਵਾਟਰ ਸਪਲਾਈ ਲਾਈਨਾਂ ਦੀ ਸਫਾਈ ਅਤੇ ਮੁਰੰਮਤ ਲੰਬੇ ਸਮੇਂ ਤੋਂ ਨਹੀਂ ਕੀਤੀ ਗਈ, ਜਿਸ ਕਰਕੇ ਗੰਦਾ ਪਾਣੀ ਘਰਾਂ ਤੱਕ ਪਹੁੰਚ ਰਿਹਾ ਹੈ। ਇਸ ਤੋੰ ਇਲਾਵਾ ਕੁਝ ਵਸਨੀਕਾਂ ਨੇ ਸੀਵਰੇਜ ਲਾਈਨਾਂ ਦੇ ਨੇੜੇ ਪਾਣੀ ਦੀਆਂ ਪਾਈਪਾਂ ਹੋਣ ਕਰਕੇ ਮਿਲਾਵਟ ਦੀ ਸੰਭਾਵਨਾ ਦਾ ਖਦਸ਼ਾ ਜਤਾਇਆ ਹੈ। ਸਰਕਾਰ ਖ਼ਿਲਾਫ਼ ਪ੍ਰਦਰਸ਼ਨ ਦੀ ਦਿੱਤੀ ਚੇਤਾਵਨੀ ਮੁਹੱਲਾ ਵਾਸੀਆਂ ਨੇ ਚੇਤਾਵਨੀ ਦਿੱਤੀ ਕਿ ਜੇਕਰ ਜਲਦ ਹੀ ਇਸ ਸਮੱਸਿਆ ਦਾ ਹੱਲ ਨਾ ਕੀਤਾ ਗਿਆ ਤਾਂ ਉਹ ਸਰਕਾਰ ਤੇ ਪ੍ਰਸ਼ਾਸਨ ਖ਼ਿਲਾਫ਼ ਰੋਸ ਪ੍ਰਦਰਸ਼ਨ ਕਰਨ ਲਈ ਮਜਬੂਰ ਹੋਣਗੇ। ਉਨ੍ਹਾਂ ਨੇ ਮੰਗ ਕੀਤੀ ਕਿ ਸਬੰਧਤ ਵਿਭਾਗ ਵੱਲੋਂ ਪਾਣੀ ਦੇ ਸੈਂਪਲ ਦੀ ਜਾਂਚ ਕਰਵਾ ਕੇ ਸਪਲਾਈ ਲਾਈਨਾਂ ਦੀ ਮੁਰੰਮਤ ਕੀਤੀ ਜਾਵੇ ਅਤੇ ਲੋਕਾਂ ਨੂੰ ਸਾਫ-ਸੁੱਥਰਾ ਪਾਣੀ ਮੁਹੱਈਆ ਕਰਵਾਇਆ ਜਾਵੇ।