ਪੀਯੂ ’ਚ ਪੰਜ ਰੋਜ਼ਾ ਵਰਕਸ਼ਾਪ ਕਰਵਾਈ
ਪੀਯੂ ਵਿਖੇ ਪੰਜਾਬੀ ਭਾਸ਼ਾ ਵਿਚ ਗਿਆਨ–ਵਿਗਿਆਨ ਦੀ ਸ਼ਬਦਾਵਲੀ ਦੇ ਨਿਰਮਾਣ ਲਈ ਪੰਜ–ਰੋਜ਼ਾ ਵਰਕਸ਼ਾਪ ਕਰਵਾਈ
Publish Date: Sat, 21 Mar 2026 05:52 PM (IST)
Updated Date: Sat, 21 Mar 2026 05:55 PM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਪਟਿਆਲਾ : ਪੰਜਾਬੀ ਯੂਨੀਵਰਸਿਟੀ ਦੇ ਪੰਜਾਬੀ ਵਿਭਾਗ ਵੱਲੋਂ ਭਾਰਤ ਸਰਕਾਰ ਦੇ ਵਿਗਿਆਨਕ ਅਤੇ ਤਕਨੀਕੀ ਸ਼ਬਦਾਵਲੀ ਆਯੋਗ ਦੇ ਸਹਿਯੋਗ ਨਾਲ ਪੰਜ ਰੋਜ਼ਾ ਵਰਕਸ਼ਾਪ ਕਰਵਾਈ ਗਈ। ਪੰਜਾਬੀ ਭਾਸ਼ਾ ਵਿਚ ਤਕਨੀਕੀ ਸ਼ਬਦਵਾਲੀਆਂ ਦੀ ਸਿਰਜਣਾ ਵਿਸ਼ੇ ’ਤੇ ਇਹ ਵਿਗਿਆਨਕ ਅਤੇ ਤਕਨੀਕੀ ਵਣਜ ਸ਼ਬਦਾਵਲੀ ਵਰਕਸ਼ਾਪ ਅਰਥ ਸ਼ਾਸਤਰ ਵਿਭਾਗ ਵਿਖੇ ਸਮਾਪਤ ਹੋ ਗਈ ਹੈ। ਇਸ ਵਰਕਸ਼ਾਪ ਦਾ ਉਦੇਸ਼ ਕਾਮਰਸ ਵਿਸ਼ੇ ਨਾਲ ਸਬੰਧਿਤ ਤਕਨੀਕੀ ਪੰਜਾਬੀ ਸ਼ਬਦਾਵਲੀ ਦਾ ਨਿਰਮਾਣ ਕਰਨਾ ਸੀ। ਉਪ ਕੁਲਪਤੀ ਡਾ. ਜਗਦੀਪ ਸਿੰਘ ਨੇ ਵਿਦਾਇਗੀ ਸਮਾਗਮ ਦੀ ਪ੍ਰਧਾਨਗੀ ਕਰਦਿਆਂ ਕਿਹਾ ਕਿ ਭਾਸ਼ਾ, ਖੋਜ ਅਤੇ ਸਾਹਿਤ ਦੇ ਖੇਤਰ ਵਿਚ ਸਮੇਂ ਦੇ ਹਾਣੀ ਬਣਨ ਲਈ ਵਿਗਿਆਨਕ ਅਤੇ ਤਕਨੀਕੀ ਸ਼ਬਦਾਵਲੀ ਦੇ ਮਹੱਤਵ ਨੂੰ ਸਮਝਦੇ ਹੋਏ ਗੰਭੀਰਤਾ ਨਾਲ ਕਾਰਜ ਕਰਨ ਦੀ ਅਹਿਮ ਜ਼ਰੂਰਤ ਹੈ। ਪੰਜਾਬੀ ਵਿਭਾਗ ਦੇ ਮੁਖੀ ਡਾ. ਰਾਜਵੰਤ ਕੌਰ ਪੰਜਾਬੀ ਨੇ ਕਿਹਾ ਕਿ ਉਨ੍ਹਾਂ ਦੇ ਵਿਭਾਗ ਵੱਲੋਂ ਭਾਰਤ ਸਰਕਾਰ ਦੇ ਵਿਗਿਆਨਕ ਅਤੇ ਤਕਨੀਕੀ ਸ਼ਬਦਾਵਲੀ ਆਯੋਗ ਦੇ ਸਹਿਯੋਗ ਨਾਲ ਪਹਿਲਾਂ ਤੋਂ ਹੀ ਅਜਿਹੀਆਂ ਵਰਕਸ਼ਾਪਾਂ ਕਰਵਾਈਆਂ ਜਾ ਰਹੀਆਂ ਹਨ। ਵਰਕਸ਼ਾਪ ਕੋਆਰਡੀਨੇਟਰ ਡਾ. ਰਾਜਵਿੰਦਰ ਸਿੰਘ ਨੇ ਵਰਕਸ਼ਾਪ ਦੀ ਰੂਪ–ਰੇਖਾ ਤੇ ਮੰਤਵ ਬਾਰੇ ਬੋਲਦਿਆਂ ਕਿਹਾ ਕਿ ਪੰਜਾਬੀ ਭਾਸ਼ਾ ਨੂੰ ਉਚੇਰੀ ਸਿੱਖਿਆ ਵਿਚ ਮਾਧਿਅਮ ਦੇ ਤੌਰ ’ਤੇ ਵਰਤਣ ਲਈ ਤਿਆਰ ਕੀਤੀ ਜਾ ਰਹੀ ਸ੍ਰੋਤ ਸਮੱਗਰੀ ਵੱਖ–ਵੱਖ ਵਿਸ਼ਿਆਂ ਵਿਚ ਢੁੱਕਵੀਆਂ ਪੁਸਤਕਾਂ ਨਾ ਉਪਲਬਧ ਹੋਣ ਕਾਰਨ ਪੈਦਾ ਹੁੰਦੀ ਰੁਕਾਵਟ ਨੂੰ ਦੂਰ ਕਰੇਗੀ। ਇਸ ਮੌਕੇ ਆਯੋਗ ਦੇ ਸਹਾਇਕ ਵਿਗਿਆਨਿਕ ਅਧਿਕਾਰੀ ਅਫਸਰ ਇੰਚਾਰਜ ਇੰਦਰਦੀਪ ਸਿੰਘ ਨੇ ਵਰਕਸ਼ਾਪ ਨੂੰ ਵਿਧੀਵੱਤ ਤੌਰ ਤੇ ਚਲਾਉਣ ਲਈ ਪੰਜਾਬੀ ਯੂਨੀਵਰਸਿਟੀ ਵੱਲੋਂ ਦਿੱਤੇ ਪ੍ਰਸ਼ੰਸਾਤਮਕ ਸਹਿਯੋਗ ਲਈ ਯੂਨੀਵਰਸਿਟੀ ਦਾ ਧੰਨਵਾਦ ਕੀਤਾ। ਇਸ ਵਰਕਸ਼ਾਪ ਵਿਚ ਦਿੱਲੀ ਯੂਨੀਵਰਸਿਟੀ ਤੋਂ ਡਾ. ਨਛੱਤਰ ਸਿੰਘ, ਖ਼ਾਲਸਾ ਕਾਲਜ ਤੋਂ ਡਾ. ਸਰਬਜੀਤ ਸਿੰਘ, ਡਾ. ਜਸਵੀਰ ਕੌਰ ਅਤੇ ਡਾ. ਰਾਜ ਮੋਹਿੰਦਰ ਕੌਰ ਆਦਿ ਭਾਸ਼ਾ-ਮਾਹਿਰਾਂ ਤੋਂ ਇਲਾਵਾ ਡਾ. ਪਰਨੀਤ ਕੌਰ, ਸੀਆਰਆਰਆਈਡੀ ਦੇ ਡਾ. ਜਤਿੰਦਰ ਸਿੰਘ, ਡਾ. ਗੌਰਵ ਗੁਪਤਾ, ਡਾ. ਜੋਤੀ ਤ੍ਰਿਥਾਨੀ ਅਤੇ ਬਿਕਰਮ ਕਾਲਜ ਆਫ਼ ਕਾਮਰਸ ਦੇ ਡਾ. ਰੀਤੂ ਕਪੂਰ ਆਦਿ ਨੇ ਵਿਸ਼ਾ ਮਾਹਿਰਾਂ ਵਜੋਂ ਹਿੱਸਾ ਲਿਆ।