ਨੌਕਰੀ ਲੱਭਣ ਦੀ ਬਜਾਏ ਨੌਕਰੀ ਦੇਣ ਵਾਲੇ ਬਣਨ ਵਿਦਿਆਰਥੀ : ਬਰਾੜ
ਨੌਕਰੀ ਲੱਭਣ ਵਾਲੇ ਬਣਨ ਦੀ ਬਜਾਏ ਨੌਕਰੀ ਦੇਣ ਵਾਲੇ ਬਣਨ ਵਿਦਿਆਰਥੀ: ਬਰਾੜ
Publish Date: Sat, 07 Feb 2026 05:44 PM (IST)
Updated Date: Sun, 08 Feb 2026 04:05 AM (IST)

ਪੱਤਰ ਪ੍ਰੇਕਰ, ਪੰਜਾਬੀ ਜਾਗਰਣ, ਪਟਿਆਲਾ : ਪੰਜਾਬੀ ਯੂਨੀਵਰਸਿਟੀ ਵਿਖੇ ਮੱਛੀ ਪਾਲਣ ਅਤੇ ਉੱਦਮ ਵਿਕਾਸ ਬਾਰੇ ਕਰਵਾਈ ਗਈ ਪੰਜ ਰੋਜ਼ਾ ਸਿਖਲਾਈ ਵਰਕਸ਼ਾਪ ਸਫਲਤਾਪੂਰਵਕ ਸੰਪੰਨ ਹੋ ਗਈ। ਯੂਨੀਵਰਸਿਟੀ ਦੇ ਪ੍ਰਾਣੀ ਵਿਗਿਆਨ ਅਤੇ ਵਾਤਾਵਰਣ ਵਿਗਿਆਨ ਵਿਭਾਗ ਵੱਲੋਂ ਐਂਟਰਪ੍ਰੀਨਿਓਰਸ਼ਿਪ, ਇਨੋਵੇਸ਼ਨ ਐਂਡ ਕਰੀਅਰ ਹੱਬ (ਏ. ਆਈ. ਸੀ. ਐੱਚ.) ਦੇ ਸਹਿਯੋਗ ਨਾਲ਼ ਪ੍ਰੋਫੈਸ਼ਨਲ ਟ੍ਰੇਨਿੰਗ ਪ੍ਰੋਗਰਾਮ ਇਨ ਫਿਸ਼ ਐਂਡ ਫਿਸ਼ਰੀਜ਼ ਫਾਰ ਐਂਟਰਪ੍ਰਾਈਜ਼ ਡਿਵੈੱਲਪਮੈਂਟ ਸਿਰਲੇਖ ਤਹਿਤ ਕਰਵਾਈ ਇਸ ਵਰਕਸ਼ਾਪ ਦੇ ਸਮਾਪਤੀ ਸਮਾਰੋਹ ਦੌਰਾਨ ਡੀਨ ਅਕਾਦਮਿਕ ਮਾਮਲੇ ਪ੍ਰੋ. ਜਸਵਿੰਦਰ ਸਿੰਘ ਬਰਾੜ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਪ੍ਰੋ. ਜਸਵਿੰਦਰ ਸਿੰਘ ਬਰਾੜ ਨੇ ਆਪਣੇ ਭਾਸ਼ਣ ਦੌਰਾਨ ਵਿਦਿਆਰਥੀਆਂ ਨੂੰ ਨੌਕਰੀ ਲੱਭਣ ਵਾਲੇ ਬਣਨ ਦੀ ਬਜਾਏ ਨੌਕਰੀ ਦੇਣ ਵਾਲੇ ਬਣਨ ਲਈ ਪ੍ਰੇਰਿਤ ਕੀਤਾ। ਵਰਕਸ਼ਾਪ ਦੇ ਵਿਸ਼ੇ ਸਬੰਧੀ ਗੱਲ ਕਰਦਿਆਂ ਉਨ੍ਹਾਂ ਕਿਹਾ ਕਿ ਵਿਗਿਆਨਕ ਅਤੇ ਤਕਨੀਕੀ ਪੱਖ ਤੋਂ ਸਮਰੱਥ ਹੋਣਾ ਕਿਸੇ ਵੀ ਪੇਸ਼ੇ ਦੀ ਸਫਲਤਾ ਦਰ ਨੂੰ ਬਹੁਤ ਵਧਾ ਦਿੰਦਾ ਹੈ। ਉਨ੍ਹਾਂ ਕਿਹਾ ਕਿ ਇਸ ਪੱਖੋਂ ਜਨਤਕ ਅਦਾਰਿਆਂ ਨੂੰ ਅੱਗੇ ਆ ਕੇ ਅਜਿਹੇ ਸਿਖਲਾਈ ਪ੍ਰੋਗਰਾਮ ਕਰਨੇ ਚਾਹੀਦੇ ਹਨ ਤਾਂ ਜੋ ਖੇਤੀਬਾੜੀ ਅਧਾਰਿਤ ਆਰਥਿਕਤਾ ਵਾਲ਼ੇ ਸਾਡੇ ਸੂਬੇ ਵਿੱਚ ਮੱਛੀ ਪਾਲਣ ਜਿਹੇ ਸਹਾਇਕ ਧੰਦੇ ਹੋਰ ਪ੍ਰਫੁੱਲਤ ਹੋ ਸਕਣ ਅਤੇ ਸੂਬੇ ਦੀ ਆਰਥਿਕਤਾ ਨੂੰ ਹੋਰ ਹੁਲਾਰਾ ਮਿਲ ਸਕੇ। ਵਰਕਸ਼ਾਪ ਕਨਵੀਨਰ ਅਤੇ ਵਿਭਾਗ ਮੁਖੀ ਡਾ. ਉਂਕਾਰ ਸਿੰਘ ਬੜੈਚ ਨੇ ਦੱਸਿਆ ਕਿ ਵਰਕਸ਼ਾਪ ਵਿੱਚ ਵੱਖ-ਵੱਖ ਯੂਨੀਵਰਸਿਟੀਆਂ ਦੇ ਲਗਭਗ 50 ਪ੍ਰਤੀਭਾਗੀਆਂ ਨੇ ਹਿੱਸਾ ਲਿਆ। ਉਨ੍ਹਾਂ ਦੱਸਿਆ ਕਿ ਵਰਕਸ਼ਾਪ ਦੌਰਾਨ ਪ੍ਰਤੀਭਾਗੀਆਂ ਨੂੰ ਨੇੜਲੇ ਮੱਛੀ ਫਾਰਮਾਂ ਦਾ ਦੌਰਾ ਵੀ ਕਰਵਾਇਆ ਗਿਆ ਤਾਂ ਜੋ ਉਹ ਜਮੀਨੀ ਪੱਧਰ ਤੇ ਜਾਣਕਾਰੀ ਹਾਸਲ ਕਰ ਸਕਣ। ਏ. ਆਈ. ਸੀ. ਐੱਚ. ਡਾਇਰੈਕਟਰ ਪ੍ਰੋ. ਹਿਮੇਂਦਰ ਭਾਰਤੀ ਨੇ ਆਪਣੇ ਵਿਸ਼ੇਸ਼ ਸ਼ਬਦਾਂ ਵਿੱਚ ਕਿਹਾ ਕਿ ਮੱਛੀ ਪਾਲਣ ਵਿੱਚ ਉੱਦਮਤਾ ਸਿਰਫ਼ ਆਰਥਿਕ ਲਾਭ ਲਈ ਨਹੀਂ, ਸਗੋਂ ਸਮਾਜਿਕ ਸ਼ਮੂਲੀਅਤ ਤੇ ਔਰਤਾਂ ਤੇ ਨੌਜਵਾਨਾਂ ਦੇ ਸ਼ਕਤੀਕਰਨ ਪੱਖੋਂ ਵੀ ਅਹਿਮ ਹੈ। ਅੰਤ ’ਚ ਡਾ. ਮਧੂ ਬਾਲਾ ਨੇ ਸਾਰਿਆਂ ਦਾ ਧੰਨਵਾਦ ਕੀਤਾ।