ਮਾਨਸਿਕ ਸਿਹਤ ਦੇ ਪੱਖਾਂ ਬਾਰੇ ਧਿਆਨ ਦੇਣ ਦੀ ਵੀ ਲੋੜ : ਡਾ. ਜਗਦੀਪ
ਮਾਨਸਿਕ ਸਿਹਤ ਦੇ ਪੱਖਾਂ ਬਾਰੇ ਧਿਆਨ ਦੇਣ ਦੀ ਵੀ ਲੋੜ: ਡਾ. ਜਗਦੀਪ
Publish Date: Fri, 16 Jan 2026 06:36 PM (IST)
Updated Date: Fri, 16 Jan 2026 06:39 PM (IST)

ਫੋਟੋ 16ਪੀਟੀਐਲ: 28 ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਪਟਿਆਲਾ : ਨੌਜਵਾਨਾਂ ਨੂੰ ਉੱਦਮੀ ਬਣਨ ਬਾਰੇ ਪ੍ਰੇਰਿਤ ਕਰਦਿਆਂ ਮਾਨਸਿਕ ਸਿਹਤ ਦੇ ਪੱਖਾਂ ਬਾਰੇ ਧਿਆਨ ਦੇਣ ਦੀ ਵਿਸ਼ੇਸ਼ ਲੋੜ ਹੁੰਦੀ ਹੈ। ਉਪ-ਕੁਲਪਤੀ ਡਾ. ਜਗਦੀਪ ਸਿੰਘ ਵੱਲੋਂ ਇਹ ਵਿਚਾਰ ਅੱਜ ਪੰਜਾਬੀ ਯੂਨੀਵਰਸਿਟੀ ਦੇ ਡਾਇਰੈਕਟੋਰੇਟ ਆਫ਼ ਇੰਟਰਨੈਸ਼ਨਲ ਅਫ਼ੇਅਰਜ਼ ਤੇ ਐਂਟਰਪ੍ਰੀਨਿਊਰਸ਼ਿਪ, ਇਨੋਵੇਸ਼ਨ ਐਂਡ ਕਰੀਅਰ ਹੱਬ ਵੱਲੋਂ ਕਰਵਾਈ ਗਈ ਵਰਕਸ਼ਾਪ ਦੇ ਉਦਘਾਟਨੀ ਸੈਸ਼ਨ ਦੀ ਪ੍ਰਧਾਨਗੀ ਕਰਦਿਆਂ ਪ੍ਰਗਟਾਏ। ਇਹ ਅੰਤਰਰਾਸ਼ਟਰੀ ਵਰਕਸ਼ਾਪ ਨੌਜਵਾਨਾਂ ਨੂੰ ਉੱਦਮੀ ਬਣਨ ਬਾਰੇ ਉਤਸ਼ਾਹਿਤ ਕਰਨ ਅਤੇ ਮਾਨਸਿਕ ਸਿਹਤ ਦੇ ਹਵਾਲੇ ਨਾਲ਼ ਕਰਵਾਈ ਗਈ ਜਿਸ ਵਿਚ 40 ਤੋਂ ਵੱਧ ਦੇਸ਼ਾਂ ਦੇ 150 ਤੋਂ ਵੱਧ ਭਾਗੀਦਾਰਾਂ ਨੇ ਲਿਆ ਹਿੱਸਾ। ਉਪ-ਕੁਲਪਤੀ ਡਾ. ਜਗਦੀਪ ਸਿੰਘ ਨੇ ਆਪਣੇ ਪ੍ਰਧਾਨਗੀ ਭਾਸ਼ਣ ਵਿੱਚ ਇਸ ਗੱਲ ਉੱਤੇ ਵਿਸ਼ੇਸ਼ ਜ਼ੋਰ ਦਿੱਤਾ ਕਿ ਜਿੱਥੇ ਅੱਜ ਦੇ ਦੌਰ ਵਿਚ ਰਵਾਇਤੀ ਕਿਸਮ ਦੀਆਂ ਨੌਕਰੀਆਂ ਦੀ ਬਜਾਏ ਨੌਜਵਾਨਾਂ ਨੂੰ ਉੱਦਮੀ ਬਣਨ ਵੱਲ ਪ੍ਰੇਰਿਤ ਕਰਨ ਦੀ ਵਿਸ਼ੇਸ਼ ਲੋੜ ਹੈ। ਪ੍ਰਮੋਟਿੰਗ ਐਂਟਰਪ੍ਰੇਨਿਊਰਸ਼ਿਪ ਅਮੰਗਸਟ ਯੂਥ: ਫੋਕਸ ਆਨ ਲਾਈਫ ਸਕਿੱਲਸ ਐਂਡ ਮੈਂਟਲ ਹੈਲਥ ਸਿਰਲੇਖ ਵਾਲੀ ਇੱਕ ਅੰਤਰਰਾਸ਼ਟਰੀ ਵਰਕਸ਼ਾਪ ਦੀ ਸ਼ੁਰੂਆਤ ਡਾ. ਦਮਨਜੀਤ ਸੰਧੂ, ਡੀਨ ਆਫ ਇੰਟਰਨੈਸ਼ਨਲ ਅਫੇਅਰਜ਼ ਦੇ ਸੰਬੋਧਨ ਨਾਲ ਹੋਈ। ਆਸਟ੍ਰੇਲੀਆ ਦੇ ਪਰਥ ਦੀ ਕਰਟਿਨ ਯੂਨੀਵਰਸਿਟੀ ਤੋਂ ਪੁੱਜੇ ਪ੍ਰੋਫੈਸਰ ਰੇਖਾ ਕੌਲ ਨੇ ਨਵੀਨਤਾਕਾਰੀ ਸੋਚ ਨੂੰ ਵਿਕਸਤ ਕਰਨ ਦੇ ਮੁੱਲ ਬਾਰੇ ਗੱਲ ਕੀਤੀ ਅਤੇ ਵਿਦਿਅਕ ਸਿੱਖਿਆ ਨੂੰ ਵਧੇਰੇ ਵਿਹਾਰਕ ਬਣਾਉਣ ਲਈ ਅਕਾਦਮਿਕ ਸਿੱਖਣ ਨੂੰ ਕਿੱਤਾਮੁਖੀ ਗਤੀਵਿਧੀਆਂ ਨਾਲ ਜੋੜਨ ਦੀ ਲੋੜ ’ਤੇ ਜ਼ੋਰ ਦਿੱਤਾ। ਪ੍ਰੋਫੈਸਰ ਕ੍ਰਿਸ਼ਨ ਕੁਮਾਰ, ਅਡੀਸ਼ਨਲ ਪ੍ਰੋਫੈਸਰ, ਕਲੀਨੀਕਲ ਸਾਈਕਾਲੋਜੀ, ਡਿਪਾਰਟਮੈਂਟ ਆਫ ਸਾਈਕਾਇਟਰੀ, ਪੀਜੀਆਈਐੱਮਈਆਰ, ਚੰਡੀਗੜ੍ਹ ਨੇ ਦਰਸ਼ਕਾਂ ਨੂੰ ਤਣਾਅ ਦੇ ਮੂਡ ਅਤੇ ਮਾਨਸਿਕ ਸਿਹਤ ’ਤੇ ਪ੍ਰਭਾਵ ਬਾਰੇ ਜਾਣਕਾਰੀ ਦਿੱਤੀ। ਉਨ੍ਹਾਂ ਸਮਝਾਇਆ ਕਿ ਘੱਟ ਸਵੈ-ਸਤਿਕਾਰ ਕਿਵੇਂ ਗੰਭੀਰ ਮਨੋਵਿਗਿਆਨਕ ਸਮੱਸਿਆਵਾਂ ਜਿਵੇਂ ਡਿਪਰੈਸ਼ਨ, ਨਸ਼ਾ ਅਤੇ ਖੁਦਕੁਸ਼ੀ ਵੱਲ ਲੈ ਜਾ ਸਕਦਾ ਹੈ। ਅਮਰੀਕਾ ਦੀ ਨਿਊ ਜਰਸੀ ਸਿਟੀ ਯੂਨੀਵਰਸਿਟੀ, ਨਿਊ ਜਰਸੀ ਤੋਂ ਪੁੱਜੇ ਡਾ. ਵਾਨਾਸ਼੍ਰੀ ਐੱਨ. ਜੋਸ਼ੀ ਨੇ ਕਾਲਜ ਦੇ ਵਿਦਿਆਰਥੀਆਂ ਲਈ ਜ਼ਰੂਰੀ ਜੀਵਨ ਹੁਨਰਾਂ ਬਾਰੇ ਡੂੰਘਾਈ ਨਾਲ ਚਰਚਾ ਕੀਤੀ।