ਬੱਚਿਆਂ ਦੀ ਪ੍ਰੀਖਿਆ ਦੀ ਤਿਆਰੀ ਲਈ ਘਰਾਂ ’ਚ ਢੁਕਵਾਂ ਮਾਹੌਲ ਸਿਰਜਣ ਮਾਪੇ
ਪਟਿਆਲਾ ਦੇ ਸਕੂਲਾਂ ' ਚ ਮਾਪਿਆਂ ਦੀ ਵਰਕਸ਼ਾਪ ਆਯੋਜਿਤ, ਸਿਹਤ ਮੰਤਰੀ ਨੇ ਕੀਤੀ ਸ਼ਿਰਕਤ
Publish Date: Sat, 07 Feb 2026 06:11 PM (IST)
Updated Date: Sun, 08 Feb 2026 04:06 AM (IST)

ਸਿਹਤ ਮੰਤਰੀ ਨੇ ਪਟਿਆਲਾ ਦੇ ਤ੍ਰਿਪੜੀ ਵਿਖੇ ਲੱਗੇ ਰਜਿਸਟ੍ਰੇਸ਼ਨ ਕੈਂਪ ਦਾ ਲਿਆ ਜਾਇਜ਼ਾ ਪੱਤਰ ਪ੍ਰੇਕਰ, ਪੰਜਾਬੀ ਜਾਗਰਣ, ਪਟਿਆਲਾ : ਪੰਜਾਬ ਸਰਕਾਰ ਵੱਲੋਂ ਸਿੱਖਿਆ ਕ੍ਰਾਂਤੀ ਨੂੰ ਨਵੀਂ ਦਿਸ਼ਾ ਦੇਣ ਅਤੇ ਸਰਕਾਰੀ ਸਕੂਲਾਂ ਦੀ ਦਿੱਖ ਤੇ ਗੁਣਵੱਤਾ ਵਿੱਚ ਸੁਧਾਰ ਲਿਆਂਦੇ ਜਾਣ ਲਈ ਸੂਬੇ ਭਰ ’ਚ ਨਵੇਂ ਉਪਰਾਲੇ ਕੀਤੇ ਜਾ ਰਹੇ ਹਨ। ਇਸੇ ਲੜੀ ਤਹਿਤ ਪੰਜਾਬ ਸਰਕਾਰ ਵੱਲੋਂ ਸੂਬੇ ਦੇ ਸਰਕਾਰੀ ਸਕੂਲਾਂ ਵਿੱਚ ਮਾਪਿਆਂ ਦੀ ਵਰਕਸ਼ਾਪ-2 ਦਾ ਆਯੋਜਨ ਕੀਤਾ ਗਿਆ। ਇਸ ਅਭਿਆਨ ਤਹਿਤ ਪਟਿਆਲਾ ਦੇ ਪੀ.ਐੱਮ. ਸ੍ਰੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਤ੍ਰਿਪੜੀ ਅਤੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮਲਟੀਪਰਪਜ਼ ਵਿੱਚ ਮਾਪਿਆਂ ਦੀ ਵਰਕਸ਼ਾਪ ਕਰਵਾਈ ਗਈ। ਇਸ ਮੌਕੇ ਪੰਜਾਬ ਦੇ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਡਾ. ਬਲਬੀਰ ਸਿੰਘ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਮਾਪਿਆਂ ਦੀ ਵਰਕਸ਼ਾਪ ਦੌਰਾਨ ਉਨ੍ਹਾਂ ਮਾਪਿਆਂ ਤੇ ਅਧਿਆਪਕਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਸਿੱਖਿਆ ਦੇ ਖੇਤਰ ਵਿੱਚ ਅਸਲ ਬਦਲਾਅ ਤਾਂ ਹੀ ਸੰਭਵ ਹੈ ਜਦੋਂ ਸਰਕਾਰ, ਮਾਪੇ ਅਤੇ ਅਧਿਆਪਕ ਤਿੰਨੇ ਇਕਜੁੱਟ ਹੋ ਕੇ ਕੰਮ ਕਰਨ। ਡਾ. ਬਲਬੀਰ ਸਿੰਘ ਨੇ ਮਾਪਿਆਂ ਨੂੰ ਅਪੀਲ ਕੀਤੀ ਕਿ ਉਹ ਘਰ ਵਿੱਚ ਵਿਦਿਆਰਥੀਆਂ ਦੀ ਪ੍ਰੀਖਿਆ ਦੀ ਤਿਆਰੀ ਲਈ ਢੁਕਵਾਂ ਅਤੇ ਸਕਾਰਾਤਮਕ ਮਾਹੌਲ ਸਿਰਜਣ ਤੇ ਅਧਿਆਪਕਾਂ ਨਾਲ ਸਾਂਝੇ ਰੂਪ ਵਿੱਚ ਯਤਨ ਕਰਨ। ਇਸ ਉਪਰੰਤ ‘ਸਿਹਤ ਮੰਤਰੀ ਵੱਲੋਂ ਮੁੱਖ ਮੰਤਰੀ ਸਿਹਤ ਯੋਜਨਾ ਹਰ ਪਰਿਵਾਰ ਲਈ ਮੁਫ਼ਤ ਇਲਾਜ’ ਦੇ ਤਹਿਤ ਪਟਿਆਲਾ ਦੇ ਤ੍ਰਿਪੜੀ ਵਿਖੇ ਲੱਗੇ ਰਜਿਸਟ੍ਰੇਸ਼ਨ ਕੈਂਪ ਦਾ ਜਾਇਜ਼ਾ ਲਿਆ ਗਿਆ। ਉਨ੍ਹਾਂ ਕੈਂਪ ਵਿੱਚ ਚੱਲ ਰਹੀ ਕਾਰਡ ਬਣਾਉਣ ਦੀ ਪ੍ਰਕਿਰਿਆ ਦਾ ਨਿਰੀਖਣ ਕਰਦੇ ਹੋਏ ਅਧਿਕਾਰੀਆਂ ਨੂੰ ਇਹ ਪ੍ਰਕਿਰਿਆ ਹੋਰ ਤੇਜ਼ ਕਰਨ ਦੇ ਆਦੇਸ਼ ਦਿੱਤੇ, ਤਾਂ ਜੋ ਹਰ ਯੋਗ ਪਰਿਵਾਰ ਤੱਕ ਇਸ ਯੋਜਨਾ ਦਾ ਲਾਭ ਪਹੁੰਚ ਸਕੇ। ਡਾ. ਬਲਬੀਰ ਸਿੰਘ ਨੇ ਕਿਹਾ ਕਿ ਮਾਨ ਸਰਕਾਰ ਦਾ ਮੁੱਖ ਮਕਸਦ ਹਰ ਪਰਿਵਾਰ ਨੂੰ 10 ਲੱਖ ਤੱਕ ਦਾ ਮੁਫ਼ਤ ਇਲਾਜ ਯਕੀਨੀ ਬਣਾਉਣਾ ਹੈ, ਤਾਂ ਜੋ ਕੋਈ ਵੀ ਨਾਗਰਿਕ ਪੈਸਿਆਂ ਦੀ ਕਮੀ ਕਾਰਨ ਇਲਾਜ ਤੋਂ ਵੰਚਿਤ ਨਾ ਰਹੇ। ਇਸ ਮੌਕੇ ਜ਼ਿਲ੍ਹਾ ਸਿੱਖਿਆ ਅਫ਼ਸਰ ਸੰਜੀਵ ਸ਼ਰਮਾ, ਪ੍ਰਿੰਸੀਪਲ ਮਲਟੀਪਰਪਜ਼ ਵਿਜੇ ਕਪੂਰ, ਪ੍ਰਿੰਸੀਪਲ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਤ੍ਰਿਪੜੀ ਸੰਦੀਪ ਕੁਮਾਰ, ਸੀਨੀਅਰ ਲੈਕਚਰਾਰ ਸੁਖਵਿੰਦਰ ਕੌਰ, ਹਰਿੰਦਰ ਕੌਰ, ਸੁਰੇਸ਼ ਕੌਸ਼ਲ, ਮਨਪ੍ਰੀਤ ਕੌਰ, ਰਸ਼ਪਾਲ ਸਿੰਘ, ਜਤਿੰਦਰ ਸਿੰਘ ਸਮੂਹ ਸਟਾਫ ਮੈਂਬਰ, ਵਿਦਿਆਰਥੀ, ਮਾਪੇ, ਜਸਬੀਰ ਗਾਂਧੀ, ਸੁਰੇਸ਼ ਰਾਏ, ਯਸ਼ਪਾਲ ਸ਼ਰਮਾ ਤੋਂ ਇਲਾਵਾ ਇਲਾਕਾ ਵਾਸੀ ਮੌਜੂਦ ਸਨ।