ਮਜ਼ਦੂਰਾਂ ਨੇ ਚੀਮਾਂ ਥਾਣੇ ਮੂਹਰੇ ਦਿੱਤਾ ਧਰਨਾ
ਮਜ਼ਦੂਰਾਂ ਨੇ ਚੀਮਾਂ ਥਾਣੇ ਮੂਹਰੇ ਦਿੱਤਾ ਧਰਨਾ
Publish Date: Fri, 30 Jan 2026 06:33 PM (IST)
Updated Date: Sat, 31 Jan 2026 04:11 AM (IST)

ਕਿਹਾ, ਮੇਲੋ ਕੌਰ ਦੀ ਮੌਤ ਲਈ ਜ਼ਿੰਮੇਵਾਰ ਨੂੰ ਨਹੀਂ ਫੜ੍ਹ ਰਹੀ ਪੁਲਿਸ ਕਾਰ ਦੀ ਲਪੇਟ ਚ ਆਉਣ ਨਾਲ ਹੋਈ ਸੀ ਮੌਤ ਦਰਸ਼ਨ ਸਿੰਘ ਚੌਹਾਨ, ਪੰਜਾਬੀ ਜਾਗਰਣ, ਸੁਨਾਮ : ਹਫ਼ਤਾ ਪਹਿਲਾਂ ਸੁਨਾਮ ਸ਼ਹਿਰ ਦੀ ਮਜ਼ਦੂਰ ਔਰਤ ਮੇਲੋ ਕੌਰ ਪਤਨੀ ਕਾਲਾ ਸਿੰਘ ਗਰੀਬੀ ਕਾਰਨ ਘਰ ਲਈ ਬਾਲਣ ਇਕੱਠਾ ਕਰਨ ਲਈ ਗਈ ਸੀ। ਇਸੇ ਦੌਰਾਨ ਸੁਨਾਮ ਸ਼ੇਰੋਂ ਸੜਕ ’ਤੇ ਕਾਰ ਚਾਲਕ ਨੇ ਫੇਟ ਮਾਰਕੇ ਮੌਤ ਦੇ ਘਾਟ ਉਤਾਰ ਦਿੱਤਾ ਸੀ ਪਰੰਤੂ ਹਫਤਾ ਬੀਤ ਜਾਣ ’ਤੇ ਥਾਣਾ ਚੀਮਾਂ ਦੀ ਪੁਲਿਸ ਨੇ ਕਥਿਤ ਤੌਰ ’ਤੇ ਦੋਸ਼ੀਆਂ ਨੂੰ ਗ੍ਰਿਫ਼ਤਾਰ ਨਹੀਂ ਕੀਤਾ। ਪੀੜਤਾ ਨੂੰ ਇਨਸਾਫ ਦਿਵਾਉਣ ਲਈ ਮਜ਼ਦੂਰ ਮੁਕਤੀ ਮੋਰਚਾ ਪੰਜਾਬ ਦੀ ਸ਼ਹਿਰੀ ਕਮੇਟੀ ਵੱਲੋਂ ਥਾਣਾ ਚੀਮਾਂ ਅੱਗੇ ਰੋਸ ਧਰਨਾ ਪੱਕੇ ਤੌਰ ’ਤੇ ਸ਼ੁਰੂ ਕਰ ਦਿੱਤਾ। ਇਸ ਮੌਕੇ ਮਜ਼ਦੂਰ ਮੁਕਤੀ ਮੋਰਚਾ ਦੇ ਬਲਾਕ ਆਗੂ ਧਰਮਾ ਸਿੰਘ, ਲਖਵਿੰਦਰ ਸਿੰਘ, ਪੰਜਾਬ ਖੇਤ ਮਜਦੂਰ ਸਭਾ ਦੇ ਨਰੰਜਨ ਸਿੰਘ ਚੁਨਾਗਰਾ ਨੇ ਆਖਿਆ ਕਿ ਮੇਲੋ ਕੌਰ ਦੀ ਮੌਤ ਲਈ ਜ਼ਿੰਮੇਵਾਰ ਵਿਅਕਤੀਆਂ ਨੂੰ ਜਲਦੀ ਗ੍ਰਿਫ਼ਤਾਰ ਕੀਤਾ ਜਾਵੇ ਅਤੇ ਅੱਤ ਦੀ ਗ਼ਰੀਬੀ ਵਿਚ ਜੀਵਨ ਬਤੀਤ ਕਰ ਰਹੇ ਕਿਰਤੀ ਪਰਿਵਾਰ ਨੂੰ ਪੰਜਾਬ ਸਰਕਾਰ ਮੁਆਵਜਾ ਦੇਣ ਨੂੰ ਯਕੀਨੀ ਬਣਾਵੇ। ਮਜ਼ਦੂਰ ਮੁਕਤੀ ਮੋਰਚਾ ਪੰਜਾਬ ਦੇ ਸੂਬਾ ਪ੍ਰਧਨ ਗੋਬਿੰਦ ਸਿੰਘ ਛਾਜਲੀ ਨੇ ਪੀੜਤ ਪਰਿਵਾਰ ਨੂੰ ਇਨਸਾਫ਼ ਦਿਵਾਉਣ ਤਕ ਸੰਘਰਸ਼ ਨੂੰ ਜਾਰੀ ਰੱਖਣ ਦਾ ਐਲਾਨ ਕੀਤਾ। ਇਸ ਮੌਕੇ ਘੁਮੰਡ ਸਿੰਘ ਖਾਲਸਾ, ਜੋਨੀ ਸਿੰਘ, ਜੈਲੋ ਕੌਰ, ਜੱਗਾ ਸਿੰਘ ਸਮੇਤ ਵੱਡੀ ਗਿਣਤੀ ਵਿੱਚ ਮਜ਼ਦੂਰ ਪਰਿਵਾਰਾਂ ਦੇ ਮੈਂਬਰ ਹਾਜ਼ਰ ਸਨ। ਇਸ ਸਬੰਧੀ ਥਾਣਾ ਚੀਮਾਂ ਦੇ ਐੱਸਐੱਚਓ ਅਵਤਾਰ ਸਿੰਘ ਨੇ ਕਿਹਾ ਕਿ 24 ਜਨਵਰੀ ਨੂੰ ਹੀ ਅਣਪਛਾਤੇ ਵਾਹਨ ਚਾਲਕ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਸੀ। ਮਾਮਲੇ ਦੀ ਗੰਭੀਰਤਾ ਨਾਲ ਤਫਤੀਸ਼ ਕੀਤੀ ਜਾ ਰਹੀ ਹੈ ਅਤੇ ਬਣਦੀ ਕਾਨੂੰਨ ਮੁਤਾਬਕ ਕਾਰਵਾਈ ਕੀਤੀ ਜਾਵੇਗੀ।