ਖਹਿਰਾ ਦੇ ਚੀਮਾ ਦੇ ਖ਼ਿਲਾਫ਼ ਦਿੱਤੇ ਬਿਆਨ ’ਤੇ ਭੜਕੇ ਵਰਕਰ
ਖਹਿਰਾ ਦੇ ਵਿੱਤ ਮੰਤਰੀ ਚੀਮਾ ਦੇ ਖਿਲਾਫ ਦਿੱਤੇ ਗਏ ਬਿਆਨ ਉੱਤੇ ਭੜਕੇ ਵਰਕਰ
Publish Date: Thu, 12 Mar 2026 05:51 PM (IST)
Updated Date: Fri, 13 Mar 2026 04:07 AM (IST)

ਹਰਮੇਸ਼ ਸਿੰਘ ਮੇਸ਼ੀ, ਪੰਜਾਬੀ ਜਾਗਰਣ , ਦਿੜ੍ਹਬਾ : ਕਾਂਗਰਸ ਦੇ ਸੀਨੀਅਰ ਨੇਤਾ ਤੇ ਵਿਧਾਇਕ ਸੁਖਪਾਲ ਸਿੰਘ ਖਹਿਰਾ ਵੱਲੋਂ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੂੰ ਬੰਧੂਆ ਮਜ਼ਦੂਰ ਕਹੇ ਜਾਣ ’ਤੇ ਤੇ ਇਸ ਦੇ ਨਾਲ ਹੀ 200 ਸਿਕਿਉਰਟੀ ਲਈ ਪੁਲਿਸ ਵਾਲੇ ਲੈ ਕੇ ਪਿੰਡਾਂ ਵਿਚ ਘੁੰਮਣ ਦੇ ਬਿਆਨ ਦੀ ਨਿੰਦਿਆ ਕਰਦੇ ਹੋਏ ਹਲਕਾ ਦਿੜ੍ਹਬਾ ਦੇ ਵਰਕਰ ਗੁੱਸੇ ਵਿੱਚ ਨਜ਼ਰ ਆ ਰਹੇ ਸਨ। ਪਿੰਡਾਂ ’ਚ ਇਕੱਠੇ ਹੋਏ ਪੰਚ ਤੇ ਸਰਪੰਚਾਂ ਨੇ ਸੁਖਪਾਲ ਸਿੰਘ ਖਹਿਰਾ ਦੇ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਤੇ ਕਿਹਾ ਕਿ ਉਹ ਦਿੜ੍ਹਬਾ ਹਲਕੇ ਵਿਚ ਆ ਕੇ ਵੇਖਣ ਕਿ ਵਿੱਤ ਮੰਤਰੀ ਚੀਮਾ ਕਿਸ ਤਰ੍ਹਾਂ ਵਿਚਰਦੇ ਹਨ। ਪੰਚਾਇਤ ਯੂਨੀਅਨ ਬਲਾਕ ਦਿੜ੍ਹਬਾ ਦੇ ਪ੍ਰਧਾਨ ਰਾਜ ਸਿੰਘ ਸਿੱਧੂ ਸਰਪੰਚ ਸਤਨਾਮ ਸਿੰਘ ਖਨਾਲ ਖੁਰਦ ਸਰਪੰਚ ਸੰਦੀਪ ਸਿੰਘ ਖੇਤਲਾ ਜ਼ਿਲ੍ਹਾ ਪਰਿਸ਼ਦ ਮੈਂਬਰ ਰਣਜੀਤ ਸਿੰਘ ਖੇਤਲਾ, ਪਾਰਟੀ ਦੇ ਸ਼ਹਿਰੀ ਪ੍ਰਧਾਨ ਧਰਮਪਾਲ ਗਰਗ ਦਫਤਰ ਇੰਚਾਰਜ ਗੁਰਵਿੰਦਰ ਸਿੰਘ ਬਿੱਟੂ ਨੇ ਕਿਹਾ ਕਿ ਕਾਂਗਰਸੀ ਆਗੂ ਸੁਖਪਾਲ ਸਿੰਘ ਖਹਿਰਾ ਹਮੇਸ਼ਾ ਹੀ ਸੁਰਖੀਆਂ ਦੇ ਵਿਚ ਰਹਿਣ ਲਈ ਊਲ-ਜਲੂਲ ਬਿਆਨਬਾਜ਼ੀ ਕਰਦੇ ਰਹਿੰਦੇ ਹਨ। ਪਹਿਲਾਂ ਤਾਂ ਖਹਿਰਾ ਨੇ ਔਰਤਾਂ ਉੱਤੇ ਇਹੋ ਜਿਹੀ ਟਿੱਪਣੀ ਕੀਤੀ ਕਿ ਜਿਸ ਨੂੰ ਸੁਣ ਕੇ ਸਿਰ ਸ਼ਰਮ ਨਾਲ ਝੁੱਕ ਜਾਂਦਾ ਹੈ। ਇਸ ਤੋਂ ਬਾਅਦ ਮਜ਼ਦੂਰ ਘਰ ਦੇ ਵਿਚ ਪਲੇ ਤੇ ਪੜ੍ਹੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੂੰ ਬੰਧੂਆ ਮਜ਼ਦੂਰ ਕਹਿ ਕੇ ਆਪਣੀ ਅਕਲ ਦਾ ਜਨਾਜਾ ਕੱਢਿਆ ਹੈ। ਇੱਥੇ ਹੀ ਵੱਸ ਨਹੀਂ ਕੀਤਾ ਸੁਖਪਾਲ ਸਿੰਘ ਖਹਿਰਾ ਨੇ ਬਿਨਾਂ ਕੋਈ ਸਬੂਤਾਂ ਤੋਂ ਤੇ ਬਿਨਾਂ ਹਲਕੇ ਦੀ ਛਾਣਬੀਣ ਕੀਤੇ ਤੋਂ ਇਹ ਕਹਿ ਦਿੱਤਾ ਕਿ ਵਿੱਤ ਮੰਤਰੀ ਚੀਮਾ ਹਲਕਾ ਦਿੜ੍ਹਬੇ ਅੰਦਰ ਪੁਲਿਸ ਵਾਲੇ ਸਿਕਿਉਰਟੀ ਲੈ ਕੇ ਘੁੰਮਦਾ ਹੈ। ਉਨ੍ਹਾਂ ਕਿਹਾ ਕਿ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਜਦੋਂ ਵੀ ਹਲਕਾ ਦਿੜਬਾ ਦੇ ਅੰਦਰ ਆਉਂਦੇ ਹਨ ਉਹ ਹਮੇਸ਼ਾ ਹੀ ਬਿਨਾਂ ਹੂਟਰ ਵਾਲੀ ਗੱਡੀ ਵਿੱਚ ਆਉਂਦੇ ਹਨ ਜਦੋਂ ਕਿਤੇ ਕਿਸੇ ਸਰਪੰਚ ਜਾਂ ਕਲੱਬ ਨੂੰ ਕੋਈ ਗਰਾਂਟ ਦੇਣੀ ਹੁੰਦੀ ਹੈ ਤਾਂ ਉਹ ਸਿਰਫ ਸਰਪੰਚ ਨੂੰ ਜਾਂ ਪ੍ਰਧਾਨ ਨੂੰ ਫੋਨ ਕਰਦੇ ਹਨ ਕਿ ਅਸੀਂ ਤੁਹਾਡੇ ਪਿੰਡ ਗਰਾਂਟ ਦਾ ਚੈੱਕ ਦੇਣ ਆ ਰਹੇ ਹਾਂ ਇਕੱਲੇ ਹੀ ਇੱਕ ਗੱਡੀ ਦੇ ਵਿੱਚ ਜਾ ਕੇ ਸਰਪੰਚ ਨੂੰ ਜਾਂ ਪ੍ਰਧਾਨ ਨੂੰ ਚੈੱਕ ਦੇ ਕੇ ਆ ਜਾਂਦੇ ਹਨ। ਇਸ ਮੌਕੇ ਸਰਪੰਚ, ਲਖਬੀਰ ਸਿੰਘ ਸਰਪੰਚ, ਹਰਬੰਸ ਸਿੰਘ ਰਿੰਕੂ ਸਿੰਘ ਜਨਾਲ ਹਾਜ਼ਰ ਸਨ।