- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਪਤਨੀ ਨੇ ਪ੍ਰੇਮੀ ਨਾਲ ਮਿਲ ਕੇ ਕਰਵਾਇਆ ਪਤੀ ਦਾ ਕਤਲ, ਤਿੰਨ ਗ੍ਰਿਫ਼ਤਾਰ

* ਪਿੰਡ ਮੀਮਸਾ ਵਾਸੀ ਜਗਤਾਰ ਸਿੰਘ ਦੇ ਕਤਲ ਨੂੰ ਦੱਸਿਆ ਸੀ ਆਤਮਹੱਤਿਆ
* ਮਾਮਲੇ ਸਬੰਧੀ ਮੁਲਜ਼ਮਾਂ ਤੋਂ ਹੋਰ ਡੂੰਘਾਈ ਨਾਲ ਪੁੱਛਗਿੱਛ ਕਰੇਗੀ ਪੁਲਿਸ
ਬਲਜਿੰਦਰ ਸਿੰਘ ਮਿੱਠਾ, ਪੰਜਾਬੀ ਜਾਗਰਣ
ਸੰਗਰੂਰ : ਜ਼ਿਲ੍ਹਾ ਪੁਲਿਸ ਨੇ ਥਾਣਾ ਸਦਰ ਧੂਰੀ ਦੇ ਖੇਤਰ ’ਚ ਵਾਪਰੇ ਇਕ ਅੰਨ੍ਹੇ ਕਤਲ ਦੀ ਗੁੱਥੀ ਸੁਲਝਾਉਂਦਿਆਂ ਮ੍ਰਿਤਕ ਦੀ ਪਤਨੀ ਸਣੇ ਤਿੰਨ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਜਾਣਕਾਰੀ ਦਿੰਦਿਆਂ ਐੱਸਪੀ (ਡੀ) ਦਵਿੰਦਰ ਅੱਤਰੀ ਨੇ ਦੱਸਿਆ ਕਿ 8 ਮਈ 2026 ਨੂੰ ਪਿੰਡ ਮੀਮਸਾ ਵਾਸੀ ਜਗਤਾਰ ਸਿੰਘ (38) ਦੀ ਮੌਤ ਹੋ ਗਈ ਸੀ। ਉਸ ਸਮੇਂ ਮ੍ਰਿਤਕ ਦੀ ਪਤਨੀ ਮਨਪ੍ਰੀਤ ਕੌਰ ਦੇ ਬਿਆਨਾਂ ’ਤੇ 9 ਮਈ ਨੂੰ ਧਾਰਾ-194 ਬੀਐੱਨਐੱਸਐੱਸ ਤਹਿਤ ਕੁਦਰਤੀ ਮੌਤ ਦੀ ਕਾਰਵਾਈ ਕੀਤੀ ਗਈ ਸੀ।
ਐੱਸਪੀ ਨੇ ਦੱਸਿਆ ਕਿ ਪੋਸਟਮਾਰਟਮ ਰਿਪੋਰਟ ਆਉਣ ਪਿੱਛੋਂ ਮੌਤ ਦੇ ਕਾਰਨਾਂ ’ਤੇ ਸ਼ੱਕ ਪੈਦਾ ਹੋਇਆ, ਜਿਸ ਉਪਰੰਤ ਮਾਮਲੇ ਦੀ ਡੂੰਘਾਈ ਨਾਲ ਜਾਂਚ ਲਈ ਵਿਸ਼ੇਸ਼ ਟੀਮ ਦਾ ਗਠਨ ਕੀਤਾ ਗਿਆ। ਇਸ ਟੀਮ ’ਚ ਡੀਐੱਸਪੀ ਧੂਰੀ ਗੁਰਪ੍ਰੀਤ ਸਿੰਘ, ਸੀਆਈਏ ਸਟਾਫ ਦੇ ਇੰਚਾਰਜ ਸੰਦੀਪ ਸਿੰਘ ਤੇ ਥਾਣਾ ਸਦਰ ਧੂਰੀ ਦੇ ਮੁੱਖ ਅਫ਼ਸਰ ਇੰਸਪੈਕਟਰ ਕਰਨਵੀਰ ਸਿੰਘ ਸੰਧੂ ਸ਼ਾਮਲ ਸਨ।
ਮਨੁੱਖੀ ਸੂਤਰਾਂ ਤੇ ਤਕਨੀਕੀ ਜਾਂਚ ਦੌਰਾਨ ਇਹ ਗੱਲ ਸਾਹਮਣੇ ਆਈ ਕਿ ਮ੍ਰਿਤਕ ਜਗਤਾਰ ਸਿੰਘ ਦੀ ਪਤਨੀ ਮਨਪ੍ਰੀਤ ਕੌਰ ਦੇ ਮਾਲੇਰਕੋਟਲਾ ਜ਼ਿਲ੍ਹੇ ਦੇ ਪਿੰਡ ਭੋਗੀਵਾਲ ਵਾਸੀ ਸੁਖਵੀਰ ਸਿੰਘ ਨਾਲ ਨਾਜਾਇਜ਼ ਸਬੰਧ ਸਨ। ਜਗਤਾਰ ਸਿੰਘ ਇਨ੍ਹਾਂ ਸਬੰਧਾਂ ’ਚ ਰੁਕਾਵਟ ਬਣ ਰਿਹਾ ਸੀ, ਜਿਸ ਕਾਰਨ ਦੋਵਾਂ ਨੇ ਸੋਚੀ-ਸਮਝੀ ਸਾਜ਼ਿਸ਼ ਤਹਿਤ ਉਸ ਨੂੰ ਰਸਤੇ ਤੋਂ ਹਟਾਉਣ ਦੀ ਯੋਜਨਾ ਬਣਾਈ।
ਪੁੱਛਗਿੱਛ ਦੌਰਾਨ ਸੁਖਵੀਰ ਸਿੰਘ ਨੇ ਖੁਲਾਸਾ ਕੀਤਾ ਕਿ ਉਸ ਨੇ ਜਗਤਾਰ ਸਿੰਘ ਨੂੰ ਪੈਸਿਆਂ ਦੇ ਲੈਣ-ਦੇਣ ਬਹਾਨੇ ਪਿੰਡ ਮੀਮਸਾ ਦੇ ਖੇਤਾਂ ’ਚ ਸਥਿਤ ਇਕ ਬੰਦ ਪਏ ਪਿੱਗ ਫਾਰਮ ’ਚ ਬੁਲਾਇਆ ਸੀ। ਉੱਥੇ ਪਹਿਲਾਂ ਤੋਂ ਮੌਜੂਦ ਉਸ ਦੇ ਸਾਥੀ ਯਾਸ਼ੀ ਮੁਹੰਮਦ ਉਰਫ਼ ਜੱਸੀ ਨੇ ਪਰਨਾ ਪਾ ਕੇ ਜਗਤਾਰ ਸਿੰਘ ਦਾ ਗਲਾ ਘੁੱਟ ਕੇ ਕਤਲ ਕਰ ਦਿੱਤਾ। ਦੋਸ਼ੀਆਂ ਨੇ ਇਸ ਘਟਨਾ ਨੂੰ ਆਤਮਹੱਤਿਆ ਦਾ ਰੂਪ ਦੇਣ ਦੀ ਕੋਸ਼ਿਸ਼ ਕੀਤੀ ਤਾਂ ਜੋ ਕਿਸੇ ਨੂੰ ਸ਼ੱਕ ਨਾ ਪਵੇ।
ਪੋਸਟਮਾਰਟਮ ਰਿਪੋਰਟ ’ਚ ਕਤਲ ਦੀ ਪੁਸ਼ਟੀ ਹੋਣ ਤੋਂ ਬਾਅਦ ਮ੍ਰਿਤਕ ਦੀ ਮਾਤਾ ਸੁਰਜੀਤ ਕੌਰ ਦੇ ਬਿਆਨਾਂ ’ਤੇ ਕਤਲ ਦਾ ਕੇਸ ਦਰਜ ਕੀਤਾ ਗਿਆ। ਸੁਖਵੀਰ ਸਿੰਘ ਨੇ ਦੱਸਿਆ ਕਿ ਯਾਸ਼ੀ ਮੁਹੰਮਦ ਉਰਫ ਜੱਸੀ ਨੂੰ ਨਸ਼ੇ ਦਾ ਲਾਲਚ ਦੇ ਕੇ ਨਾਲ ਮਿਲਾਇਆ ਸੀ। ਪੁਲਿਸ ਨੇ ਮਨਪ੍ਰੀਤ ਕੌਰ, ਸੁਖਵੀਰ ਸਿੰਘ ਤੇ ਯਾਸ਼ੀ ਮੁਹੰਮਦ ਉਰਫ਼ ਜੱਸੀ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਐੱਸਪੀ ਦਵਿੰਦਰ ਅੱਤਰੀ ਨੇ ਦੱਸਿਆ ਕਿ ਮੁਲਜ਼ਮਾਂ ਨੂੰ ਅਦਾਲਤ ’ਚ ਪੇਸ਼ ਕਰ ਕੇ ਪੁਲਿਸ ਰਿਮਾਂਡ ਹਾਸਲ ਕੀਤਾ ਜਾਵੇਗਾ ਤੇ ਮਾਮਲੇ ਸਬੰਧੀ ਹੋਰ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾਵੇਗੀ। ਪੁਲਿਸ ਨੂੰ ਜਾਂਚ ਦੌਰਾਨ ਹੋਰ ਅਹਿਮ ਖੁਲਾਸੇ ਹੋਣ ਦੀ ਉਮੀਦ ਹੈ।