ਵਿਧਵਾ ਔਰਤ ਦੀ ਬੇਰਹਿਮੀ ਨਾਲ ਕੁੱਟਮਾਰ, ਇਲਾਜ ਦੌਰਾਨ ਮੌਤ
ਵਿਧਵਾ ਔਰਤ ਦੀ ਬੇਰਹਿਮੀ ਨਾਲ ਕੁੱਟਮਾਰ, ਇਲਾਜ ਦੌਰਾਨ ਮੌਤ
Publish Date: Sat, 24 Jan 2026 05:39 PM (IST)
Updated Date: Sun, 25 Jan 2026 04:10 AM (IST)

ਪਤੀ-ਪਤਨੀ ਸਮੇਤ 4 ਜਣਿਆਂ ਖ਼ਿਲਾਫ਼ ਹੱਤਿਆ ਦਾ ਕੇਸ ਦਰਜ ਮੁਕੇਸ਼ ਸਿੰਗਲਾ, ਪੰਜਾਬੀ ਜਾਗਰਣ ਭਵਾਨੀਗੜ੍ਹ : ਨੇੜ੍ਹਲੇ ਪਿੰਡ ਬਾਲਦ ਕਲਾਂ ਵਿਖੇ ਗੁਆਂਢੀ ਨੂੰ ਗਾਲੀ-ਗਲੋਚ ਕਰਨ ਤੋਂ ਰੋਕਣ ’ਤੇ ਇਕ ਵਿਧਵਾ ਔਰਤ ਦੀ ਬੇਰਹਿਮੀ ਨਾਲ ਕੁੱਟਮਾਰ ਕੀਤੀ ਗਈ। ਔਰਤ ਨੂੰ ਗੰਭੀਰ ਜ਼ਖ਼ਮੀ ਹਾਲਤ ’ਚ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ। ਜਿੱਥੇ ਇਲਾਜ ਦੌਰਾਨ ਉਸਦੀ ਮੌਤ ਹੋ ਗਈ। ਪੁਲਿਸ ਨੇ ਇਸ ਮਾਮਲੇ ਵਿਚ ਪਤੀ-ਪਤਨੀ ਸਮੇਤ ਚਾਰ ਜਣਿਆਂ ਖ਼ਿਲਾਫ਼ ਹੱਤਿਆ ਦਾ ਕੇਸ ਦਰਜ਼ ਕਰਦਿਆਂ ਦੋ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਪਿੰਡ ਬਾਲਦ ਕਲਾਂ ਦੇ ਗੁਰਧਿਆਨ ਸਿੰਘ (19) ਪੁੱਤਰ ਜਰਨੈਲ ਸਿੰਘ ਨੇ ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿਚ ਦੱਸਿਆ ਕਿ ਉਸ ਦੀਆਂ ਦੋ ਵੱਡੀਆਂ ਭੈਣਾਂ ਵਿਆਹੀਆਂ ਹੋਈਆਂ ਹਨ, ਉਹ ਆਪਣੀ ਛੋਟੀ ਭੈਣ ਪ੍ਰਦੀਪ ਕੌਰ ਤੇ ਮਾਤਾ ਮਨਜੀਤ ਕੌਰ ਦੇ ਨਾਲ ਰਹਿੰਦਾ ਸੀ। ਉਸਨੇ ਦੱਸਿਆ ਕਿ ਉਨ੍ਹਾਂ ਦਾ ਗੁਆਂਢੀ ਗੁਰਚੇਤ ਸਿੰਘ ਕਥਿਤ ਤੌਰ ’ਤੇ ਸ਼ਰਾਬ ਪੀਣ ਦਾ ਆਦੀ ਹੈ ਤੇ ਅਕਸਰ ਸ਼ਰਾਬ ਦੇ ਨਸ਼ੇ ’ਚ ਉਨ੍ਹਾਂ ਦੇ ਪਰਿਵਾਰ ਨਾਲ ਗਾਲੀ-ਗਲੋਚ ਕਰਦਾ ਰਹਿੰਦਾ ਸੀ। ਗੁਰਧਿਆਨ ਸਿੰਘ ਵੱਲੋਂ ਪੁਲਿਸ ਨੂੰ ਦੱਸੇ ਅਨੁਸਾਰ 19 ਜਨਵਰੀ ਦੀ ਸ਼ਾਮ ਜਦੋਂ ਉਹ ਆਪਣੇ ਘਰ ਮੌਜੂਦ ਸਨ ਤਾਂ ਗੁਰਚੇਤ ਸਿੰਘ ਉਨ੍ਹਾਂ ਦੇ ਘਰ ਦੇ ਗੇਟ ਅੱਗੇ ਖੜ੍ਹ ਕੇ ਉੱਚੀ ਆਵਾਜ਼ ਵਿਚ ਗਾਲੀ-ਗਲੋਚ ਕਰਨ ਲੱਗ ਪਿਆ। ਜਦੋਂ ਉਸਦੀ ਮਾਂ ਮਨਜੀਤ ਕੌਰ ਨੇ ਗਲੀ ਵਿਚ ਜਾ ਕੇ ਉਸਨੂੰ ਅਜਿਹਾ ਕਰਨ ਤੋਂ ਰੋਕਿਆ ਤਾਂ ਗੁਰਚੇਤ ਸਿੰਘ ਤੇ ਉਸਦੀ ਭਰਜਾਈ ਰੀਨਾ ਕੌਰ ਪਤਨੀ ਬਲਵਿੰਦਰ ਸਿੰਘ ਨੇ ਮਨਜੀਤ ਕੌਰ ਨਾਲ ਧੱਕਾ-ਮੁੱਕੀ ਕਰਦਿਆਂ ਉਨ੍ਹਾਂ ਨੂੰ ਜ਼ਮੀਨ ’ਤੇ ਸੁੱਟ ਦਿੱਤਾ। ਇਸ ਦੌਰਾਨ ਬਲਵਿੰਦਰ ਸਿੰਘ ਨੇ ਮਾਰ ਦੇਣ ਦੀ ਨੀਯਤ ਨਾਲ ਡਿੱਗੀ ਪਈ ਮਨਜੀਤ ਕੌਰ ਦੇ ਸਿਰ ’ਤੇ ਸੋਟੀ ਨਾਲ ਕਈ ਵਾਰ ਕੀਤੇ ਜਦਕਿ ਮੱਘਰ ਸਿੰਘ ਨੇ ਵੀ ਮੌਕੇ ’ਤੇ ਪਹੁੰਚ ਕੇ ਉਸਦੀ ਮਾਤਾ ਦੀ ਕੁੱਟਮਾਰ ਕੀਤੀ। ਗੰਭੀਰ ਰੂਪ ਵਿਚ ਜ਼ਖ਼ਮੀ ਮਨਜੀਤ ਕੌਰ ਨੂੰ ਪਹਿਲਾਂ ਭਵਾਨੀਗੜ੍ਹ ਦੇ ਸਰਕਾਰੀ ਹਸਪਤਾਲ ਲਿਜਾਇਆ ਗਿਆ ਜਿੱਥੋਂ ਡਾਕਟਰਾਂ ਨੇ ਉਸਦੀ ਨਾਜ਼ੁਕ ਹਾਲਤ ਨੂੰ ਦੇਖਦਿਆਂ ਰਾਜਿੰਦਰਾ ਹਸਪਤਾਲ ਪਟਿਆਲਾ ਅਤੇ ਬਾਅਦ ਵਿਚ ਪੀਜੀਆਈ ਚੰਡੀਗੜ੍ਹ ਰੈਫਰ ਕਰ ਦਿੱਤਾ ਜਿੱਥੇ ਇਲਾਜ ਦੌਰਾਨ ਉਸਦੀ ਮੌਤ ਹੋ ਗਈ। ਥਾਣਾ ਭਵਾਨੀਗੜ੍ਹ ਦੇ ਇੰਚਾਰਜ ਇੰਸਪੈਕਟਰ ਮਾਲਵਿੰਦਰ ਸਿੰਘ ਨੇ ਦੱਸਿਆ ਕਿ ਪੁਲਿਸ ਵੱਲੋਂ ਮੁਲਜ਼ਮਾਂ ਖ਼ਿਲਾਫ਼ ਹੱਤਿਆ ਦਾ ਮਾਮਲਾ ਦਰਜ ਕਰਕੇ ਗੁਰਚੇਤ ਸਿੰਘ ਅਤੇ ਬਲਵਿੰਦਰ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਜਦਕਿ ਮੱਘਰ ਸਿੰਘ ਤੇ ਰੀਨਾ ਕੌਰ ਫ਼ਰਾਰ ਹਨ। ਉਨ੍ਹਾਂ ਦੀ ਗ੍ਰਿਫ਼ਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।