ਫਲਾਂ ਦੇ ਪੈਸੇ ਮੰਗਣੇ ਪਏ ਮਹਿੰਗੇ; ਯੂ.ਪੀ. ਤੋਂ ਆਏ ਫਲ ਵਿਕਰੇਤਾ ਨੇ ਆੜ੍ਹਤੀ ਦੇ ਪੇਟ 'ਚ ਮਾਰਿਆ ਚਾਕੂ; ਹਾਲਤ ਗੰਭੀਰ
ਰਾਜਪਾਲ ਸਿੰਗਲਾ ਨੇੜਲੇ ਕਸਬੇ ਘੱਗਾ ਵਿੱਚ ਇੱਕ ਅਜਿਹਾ ਮਾਮਲਾ ਸਾਹਮਣੇ ਆਇਆ ਹੈ ਜਿੱਥੇ ਫਲਾਂ ਦੇ ਪੈਸੇ ਲੈਣ ਆਏ ਆੜ੍ਹਤੀ 'ਤੇ ਦੂਜੇ ਰਾਜ ਤੋਂ ਆਏ ਇੱਕ ਫਲ ਵਿਕਰੇਤਾ ਨੇ ਚਾਕੂ ਨਾਲ ਹਮਲਾ ਕਰ ਦਿੱਤਾ।
Publish Date: Thu, 05 Mar 2026 11:06 AM (IST)
Updated Date: Thu, 05 Mar 2026 11:09 AM (IST)

ਪਾਤੜਾਂ, ਪਟਿਆਲਾ - ਰਾਜਪਾਲ ਸਿੰਗਲਾ ਨੇੜਲੇ ਕਸਬੇ ਘੱਗਾ ਵਿੱਚ ਇੱਕ ਅਜਿਹਾ ਮਾਮਲਾ ਸਾਹਮਣੇ ਆਇਆ ਹੈ ਜਿੱਥੇ ਫਲਾਂ ਦੇ ਪੈਸੇ ਲੈਣ ਆਏ ਆੜ੍ਹਤੀ 'ਤੇ ਦੂਜੇ ਰਾਜ ਤੋਂ ਆਏ ਇੱਕ ਫਲ ਵਿਕਰੇਤਾ ਨੇ ਚਾਕੂ ਨਾਲ ਹਮਲਾ ਕਰ ਦਿੱਤਾ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਸਬਜ਼ੀ ਮੰਡੀ ਪਾਤੜਾਂ ਦੇ ਪ੍ਰਧਾਨ ਨਾਰਾਇਣ ਦਾਸ ਨੇ ਦੱਸਿਆ ਕਿ ਕਸਬਾ ਘੱਗਾ ਵਿੱਚ ਰਾਮ ਚੰਦਰ (ਨਿਵਾਸੀ ਅਲੀਗੜ੍ਹ, ਯੂ.ਪੀ.) ਫਲਾਂ ਦੀ ਰੇੜੀ/ਦੁਕਾਨ ਲਗਾਉਂਦਾ ਹੈ। ਇਹ ਵਿਅਕਤੀ ਪਾਤੜਾਂ ਦੀ 'ਨਿਊ ਮਾਲਵਾ ਫਰੂਟ ਕੰਪਨੀ' ਦੇ ਮਾਲਕ ਬਲਬੀਰ ਸਿੰਘ ਕੋਲੋਂ ਫਲ ਲਿਆਉਂਦਾ ਸੀ। ਜਦੋਂ ਬਲਬੀਰ ਸਿੰਘ ਨੇ ਕਈ ਵਾਰ ਆਪਣੇ ਪੈਸੇ ਮੰਗੇ ਤਾਂ ਰਾਮ ਚੰਦਰ ਪੈਸੇ ਦੇਣ ਦੀ ਬਜਾਏ ਗਾਲੀ-ਗਲੋਚ ਕਰਨ ਲੱਗ ਪਿਆ।
ਪੈਸੇ ਮੰਗਣ 'ਤੇ ਕੀਤਾ ਜਾਨਲੇਵਾ ਹਮਲਾ
ਬੀਤੀ ਸ਼ਾਮ ਜਦੋਂ ਪਾਤੜਾਂ ਦਾ ਆੜ੍ਹਤੀ ਬਲਬੀਰ ਸਿੰਘ ਘੱਗਾ ਵਿਖੇ ਰਾਮ ਚੰਦਰ ਤੋਂ ਪੈਸੇ ਲੈਣ ਗਿਆ ਤਾਂ ਪਹਿਲਾਂ ਹੀ ਤਾਕ ਵਿੱਚ ਬੈਠੇ ਰਾਮ ਚੰਦਰ ਨੇ ਉਸ 'ਤੇ ਚਾਕੂ ਨਾਲ ਹਮਲਾ ਕਰ ਦਿੱਤਾ। ਇਸ ਹਮਲੇ ਵਿੱਚ ਬਲਬੀਰ ਸਿੰਘ ਬੁਰੀ ਤਰ੍ਹਾਂ ਜ਼ਖ਼ਮੀ ਹੋ ਗਿਆ। ਵਾਰਦਾਤ ਤੋਂ ਬਾਅਦ ਵੀ ਮੁਲਜ਼ਮ ਰਾਮ ਚੰਦਰ ਆਪਣੀ ਗੁੰਡਾਗਰਦੀ ਦਿਖਾਉਂਦੇ ਹੋਏ ਹਵਾ ਵਿੱਚ ਚਾਕੂ ਲਹਿਰਾਉਂਦਾ ਰਿਹਾ। ਜ਼ਖ਼ਮੀ ਆੜ੍ਹਤੀ ਨੂੰ ਤੁਰੰਤ ਪਾਤੜਾਂ ਦੇ ਹਸਪਤਾਲ ਦਾਖ਼ਲ ਕਰਵਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸ ਦੀ ਹਾਲਤ ਨਾਜ਼ੁਕ ਦੇਖਦਿਆਂ ਉਸ ਨੂੰ ਪਟਿਆਲਾ ਰੈਫਰ ਕਰ ਦਿੱਤਾ ਹੈ।
ਮੁਲਜ਼ਮ ਦੀ ਭਾਲ ਜਾਰੀ
ਮੌਕੇ 'ਤੇ ਪਹੁੰਚੇ ਪੁਲਿਸ ਅਧਿਕਾਰੀ ਮਨਦੀਪ ਸਿੰਘ ਨੇ ਦੱਸਿਆ ਕਿ ਮੁਲਜ਼ਮ ਰਾਮ ਚੰਦਰ ਅਲੀਗੜ੍ਹ (ਯੂ.ਪੀ.) ਦਾ ਰਹਿਣ ਵਾਲਾ ਹੈ ਅਤੇ ਉਸ ਨੂੰ ਜਲਦੀ ਹੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ। ਪੁਲਿਸ ਨੇ ਮੁਲਜ਼ਮ ਦੀ ਦੁਕਾਨ ਅੰਦਰ ਪਏ ਫਲਾਂ ਨੂੰ ਆਸ-ਪਾਸ ਦੇ ਦੁਕਾਨਦਾਰਾਂ ਦੀ ਮੌਜੂਦਗੀ ਵਿੱਚ ਤੋਲ ਕੇ ਮਾਲਕ ਦੇ ਹਵਾਲੇ ਕਰ ਦਿੱਤਾ ਹੈ ਤਾਂ ਜੋ ਬਾਅਦ ਵਿੱਚ ਹਿਸਾਬ-ਕਿਤਾਬ ਕੀਤਾ ਜਾ ਸਕੇ।