ਦਿੜ੍ਹਬਾ ਮੰਡੀ ’ਚ ਕਣਕ ਦੀ ਆਮਦ ਸ਼ੁਰੂ
ਦਿੜ੍ਹਬਾ ਮੰਡੀ ’ਚ ਕਣਕ ਦੀ ਆਮਦ ਸ਼ੁਰੂ
Publish Date: Sun, 05 Apr 2026 05:37 PM (IST)
Updated Date: Mon, 06 Apr 2026 04:02 AM (IST)

ਕਣਕ ਦੀ ਖਰੀਦ ਦੇ ਪ੍ਰਬੰਧ ਪੂਰੇ : ਚੇਅਰਪਰਸਨ ਸ਼ੇਰਗਿੱਲ ਹਰਮੇਸ਼ ਸਿੰਘ ਮੇਸ਼ੀ, ਪੰਜਾਬੀ ਜਾਗਰਣ, ਦਿੜ੍ਹਬਾ : ਸਥਾਨਕ ਅਨਾਜ ਮੰਡੀ ਵਿਚ ਇਸ ਸੀਜ਼ਨ ਦੀ ਕਣਕ ਦੀ ਪਹਿਲੀ ਟਰਾਲੀ ਪਹੁੰਚ ਚੁੱਕੀ ਹੈ। ਪਿੰਡ ਕੜਿਆਲ ਦੇ ਕਿਸਾਨ ਬਲਵੀਰ ਸਿੰਘ ਦੀ ਕਣਕ ਦੀ ਢੇਰੀ ਮੰਡੀ ਵਿਚ ਪਹਿਲੀ ਕਣਕ ਦੀ ਫਸਲ ਦੇ ਤੌਰ ’ਤੇ ਆਮਦ ਹੋ ਚੁੱਕੀ ਹੈ। ਕਿਸਾਨ ਬਲਵੀਰ ਸਿੰਘ ਨੇ ਪੰਜਾਬੀ ਜਾਗਰਣ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਉਸਨੇ ਆਪਣੇ ਖੇਤ ਅੰਦਰ ਕਣਕ ਦੀ ਕਟਾਈ ਸ਼ੁਰੂ ਕਰ ਦਿੱਤੀ ਹੈ। ਇਸ ਕਰਕੇ ਦੋ ਟਰਾਲੀਆਂ ਕਣਕ ਦੀਆਂ ਭਰ ਕੇ ਦਿੜ੍ਹਬਾ ਦੇ ਆੜ੍ਹਤੀਆ ਕਪਿਲ ਦੇਵ ਦੇ ਫੜ ਉੱਤੇ ਢੇਰੀ ਕਰ ਦਿੱਤੀ ਹੈ। ਅਜੇ ਤੱਕ ਕਣਕ ਦੀ ਖ਼ਰੀਦ ਕਰਨ ਲਈ ਕੋਈ ਏਜੰਸੀ ਨੇ ਪਹੁੰਚ ਨਹੀਂ ਕੀਤੀ। ਉਹ ਕਣਕ ਦੀ ਢੇਰੀ ਕੋਲ ਮੰਜੇ ਉੱਤੇ ਬੈਠ ਕੇ ਖਰੀਦਦਾਰ ਏਜੰਸੀਆਂ ਦੀ ਉਡੀਕ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਕੁਦਰਤ ਵੱਲੋਂ ਮੌਸਮ ਖ਼ਰਾਬ ਹੋਣ ਕਾਰਨ ਕਿਸਾਨਾਂ ਦੇ ਸਾਹ ਸੂਤੇ ਪਏ ਹਨ ਅਤੇ ਕਣਕ ਕੱਟਣ ਲਈ ਦੇਰੀ ਵੀ ਹੋ ਰਹੀ ਹੈ ਪਰ ਫਿਰ ਵੀ ਉਹ ਕਣਕ ਦੇ ਪੱਕੇ ਹੋਣ ਤੋਂ ਬਾਅਦ ਕਣਕ ਦੀ ਕਟਾਈ ਕਰ ਕੇ ਮੰਡੀ ਵਿੱਚ ਲੈ ਕੇ ਆਇਆ ਹੈ। ਮੌਸਮ ਦੇ ਡਰ ਦੇ ਕਾਰਨ ਕਿਸਾਨ ਕਣਕ ਵੱਢਣ ਤੇ ਮੰਡੀ ਵਿੱਚ ਲਿਆਉਣ ਲਈ ਉਤਾਵਲੇ ਹੋਏ ਨਜ਼ਰ ਆ ਰਹੇ ਹਨ। ਉਨ੍ਹਾਂ ਨੂੰ ਡਰ ਹੈ ਕਿ ਛੇ ਮਹੀਨਿਆਂ ਦੀ ਕਮਾਈ ਕੀਤੀ ਸੋਨੇ ਵਰਗੀ ਕਣਕ ਬਾਰਿਸ਼ ਦੇ ਕਾਰਨ ਮਿੱਟੀ ਵਿੱਚ ਨਾ ਰੁਲ ਜਾਵੇ। ਮਾਰਕਿਟ ਕਮੇਟੀ ਦਿੜ੍ਹਬਾ ਦੀ ਚੇਅਰਪਰਸਨ ਜਸਵੀਰ ਕੌਰ ਸ਼ੇਰਗਿੱਲ ਨੇ ਕਿਹਾ ਕਿ ਕਣਕ ਦੀ ਖਰੀਦ ਦੇ ਪ੍ਰਬੰਧ ਪੂਰੇ ਕਰ ਲਏ ਹਨ। ਕਿਸੇ ਵੀ ਕਿਸਾਨ ਮਜ਼ਦੂਰ ਤੇ ਆੜ੍ਹਤੀਏ ਨੂੰ ਕਣਕ ਦੀ ਖਰੀਦ ਦੇ ਸਬੰਧ ’ਚ ਕੋਈ ਵੀ ਪਰੇਸ਼ਾਨੀ ਜਾਂ ਦਿੱਕਤ ਨਹੀਂ ਆਉਣ ਦਿੱਤੀ ਜਾਵੇਗੀ।