ਯੂਨੀਵਰਸਿਟੀ ਕਾਲਜ ਨੇ ਲਾਂਚ ਕੀਤੀ ਵੈਬਸਾਈਟ ਤੇ ਆਨਲਾਈਨ ਮੈਨੇਜਮੈਂਟ ਸਿਸਟਮ
ਯੂਨੀਵਰਸਿਟੀ ਕਾਲਜ ਘਨੌਰ ਨੇ ਲਾਂਚ ਕੀਤੀ ਆਪਣੀ ਵੈਬਸਾਈਟ ਅਤੇ ਆਨਲਾਈਨ ਮੈਨੇਜਮੈਂਟ ਸਿਸਟਮ
Publish Date: Wed, 08 Apr 2026 05:18 PM (IST)
Updated Date: Wed, 08 Apr 2026 05:20 PM (IST)

ਕਰਮਵੀਰ ਸਿੰਘ ਮਰਦਾਂਪੁਰ, ਪੰਜਾਬੀ ਜਾਗਰਣ, ਘਨੌਰ : ਯੂਨੀਵਰਸਿਟੀ ਕਾਲਜ ਘਨੌਰ ਨੇ ਡਿਜ਼ੀਟਲ ਯੁੱਗ ਵੱਲ ਇਕ ਮਹੱਤਵਪੂਰਨ ਕਦਮ ਚੁੱਕਦਿਆਂ ਆਪਣੀ ਅਧਿਕਾਰਕ ਵੈਬਸਾਈਟ ਤੇ ਕਾਲਜ ਦਫ਼ਤਰ ਲਈ ਆਨਲਾਈਨ ਮੈਨੇਜਮੈਂਟ ਸਿਸਟਮ ਤਿਆਰ ਕੀਤਾ ਹੈ। ਇਸ ਵੈਬਸਾਈਟ ਅਤੇ ਪ੍ਰੋਜੈਕਟ ਦੀ ਰਸਮੀ ਸ਼ੁਰੂਆਤ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਵਾਈਸ ਚਾਂਸਲਰ ਡਾ. ਜਗਦੀਪ ਸਿੰਘ ਵੱਲੋਂ ਕੀਤੀ ਗਈ। ਇਸ ਮੌਕੇ ਵਾਈਸ ਚਾਂਸਲਰ ਡਾ. ਜਗਦੀਪ ਸਿੰਘ ਨੇ ਕਾਲਜ ਪ੍ਰਬੰਧਕਾਂ ਤੇ ਟੀਮ ਨੂੰ ਇਸ ਉਪਰਾਲੇ ਲਈ ਵਧਾਈ ਦਿੰਦਿਆਂ ਕਿਹਾ ਕਿ ਡਿਜ਼ੀਟਲ ਤਕਨਾਲੋਜੀ ਦੇ ਇਸ ਦੌਰ ਵਿਚ ਵਿਦਿਆ ਸੰਸਥਾਵਾਂ ਵੱਲੋਂ ਆਨਲਾਈਨ ਪ੍ਰਣਾਲੀਆਂ ਨੂੰ ਅਪਣਾਉਣਾ ਸਮੇਂ ਦੀ ਲੋੜ ਹੈ। ਸਮਾਗਮ ਦੌਰਾਨ ਡੀਨ ਅਕਾਦਮਿਕ ਮਾਮਲੇ ਡਾ. ਜਸਵਿੰਦਰ ਸਿੰਘ ਬਰਾੜ, ਰਜਿਸਟਰਾਰ ਡਾ. ਦਵਿੰਦਰ ਪਾਲ ਸਿੰਘ ਅਤੇ ਡਾਇਰੈਕਟਰ ਕਾਂਸਟੀਚੁਐਂਟ ਕਾਲਜਾਂ ਡਾ. ਅਮਰਇੰਦਰ ਸਿੰਘ ਵੀ ਖਾਸ ਤੌਰ ’ਤੇ ਮੌਜੂਦ ਰਹੇ। ਕਾਲਜ ਦੇ ਪ੍ਰਿੰਸੀਪਲ ਡਾ. ਲਖਵੀਰ ਸਿੰਘ ਗਿੱਲ ਨੇ ਦੱਸਿਆ ਕਿ ਇਹ ਪ੍ਰੋਜੈਕਟ ਕਾਲਜ ਦੇ ਕੰਪਿਊਟਰ ਵਿਭਾਗ ਦੇ ਅਸਿਸਟੈਂਟ ਪ੍ਰੋਫੈਸਰ ਡਾ. ਅਰਵਿੰਦਰ ਸਿੰਘ ਦੀ ਦੇਖਰੇਖ ਹੇਠ ਕਾਲਜ ਦੇ ਵਿਦਿਆਰਥੀਆਂ ਦੇ ਸਹਿਯੋਗ ਨਾਲ ਤਿਆਰ ਕੀਤਾ ਗਿਆ ਹੈ। ਇਸ ਰਾਹੀਂ ਵਿਦਿਆਰਥੀ ਕਾਲਜ ’ਚ ਚੱਲ ਰਹੇ ਕੋਰਸਾਂ, ਦਾਖਲੇ ਦੀ ਪ੍ਰਕਿਰਿਆ ਅਤੇ ਹੋਰ ਅਕਾਦਮਿਕ ਜਾਣਕਾਰੀਆਂ ਆਸਾਨੀ ਨਾਲ ਪ੍ਰਾਪਤ ਕਰ ਸਕਣਗੇ। ਕੰਪਿਊਟਰ ਵਿਭਾਗ ਦੇ ਅਸਿਸਟੈਂਟ ਪ੍ਰੋਫੈਸਰ ਡਾ. ਅਰਵਿੰਦਰ ਸਿੰਘ ਨੇ ਦੱਸਿਆ ਕਿ ਇਸ ਪ੍ਰੋਜੈਕਟ ਰਾਹੀਂ ਕਾਲਜ ਦੇ ਵਿਦਿਆਰਥੀਆਂ ਦੀਆਂ ਫੀਸਾਂ ਦਾ ਪੂਰਾ ਰਿਕਾਰਡ ਆਨਲਾਈਨ ਵਿਧੀ ਰਾਹੀਂ ਸੰਭਾਲਿਆ ਜਾਵੇਗਾ। ਇਸ ਤੋਂ ਇਲਾਵਾ ਵਿਦਿਆਰਥੀਆਂ ਦੇ ਵਿਸ਼ਿਆਂ, ਸਕਾਲਰਸ਼ਿਪ, ਡੀ.ਐਮ.ਸੀ. ਅਤੇ ਹੋਰ ਅਕਾਦਮਿਕ ਰਿਕਾਰਡ ਦਾ ਪ੍ਰਬੰਧ ਵੀ ਆਨਲਾਈਨ ਤਰੀਕੇ ਨਾਲ ਕੀਤਾ ਜਾਵੇਗਾ। ਡਾ. ਅਰਵਿੰਦਰ ਸਿੰਘ ਨੇ ਕਿਹਾ ਕਿ ਇਸ ਪ੍ਰੋਜੈਕਟ ਦੀ ਤਿਆਰੀ ਵਿਚ ਕਾਲਜ ਦੇ ਕੰਪਿਊਟਰ ਵਿਭਾਗ ਵਿਚ ਬੀ.ਸੀ.ਏ. ਕਰ ਰਹੇ ਵਿਦਿਆਰਥੀਆਂ ਦਾ ਖਾਸ ਯੋਗਦਾਨ ਰਿਹਾ ਹੈ ਅਤੇ ਭਵਿੱਖ ਵਿਚ ਇਸ ਪ੍ਰੋਜੈਕਟ ਵਿੱਚ ਹੋਰ ਨਵੇਂ ਫੰਕਸ਼ਨ ਵੀ ਜੋੜੇ ਜਾਣਗੇ।