ਮੌਸਮ ਦੇ ਬਦਲੇ ਮਿਜ਼ੀਜ ਨੇ ਕਿਸਾਨਾਂ ਦੀਆਂ ਚਿੰਤਾਵਾਂ ਵਧਾਈਆਂ
ਮੌਸਮ ਦੇ ਬਦਲੇ ਮਿਜਾਜ ਨੇ ਕਿਸਾਨਾਂ ਦੀਆਂ ਚਿੰਤਾਵਾਂ ਵਧਾਈਆਂ
Publish Date: Tue, 07 Apr 2026 06:47 PM (IST)
Updated Date: Tue, 07 Apr 2026 06:50 PM (IST)

ਪਰਗਟ ਸਿੰਘ•, ਪੰਜਾਬੀ ਜਾਗਰਣ, •ਪਟਿਆਲਾ : ਹਾੜ੍ਹੀ ਦੀ ਮੁੱਖ ਫਸਲ ਕਣਕ ਪੱਕ ਕੇ ਤਿਆਰ ਹੋ ਚੁੱਕੀ ਹੈ ਤੇ ਵਾਢੀ ਦਾ ਕੰਮ ਵੀ ਸ਼ੁਰੂ ਹੋ ਚੁੱਕਿਆ ਹੈ ਪਰ ਪਿਛਲੇ ਦਿਨਾਂ ਤੋਂ ਮੌਸਮ ਦੇ ਬਦਲੇ ਮਿਜ਼ਾਜ ਨੇ ਕਿਸਾਨਾਂ ਦੀਆਂ ਚਿੰਤਾਵਾਂ ਵਧਾਈਆਂ ਹੋਈਆਂ ਹੈ। ਹਰ ਰੋਜ਼ ਖਰਾਬ ਹੋ ਰਹੇ ਮੌਸਮ ਨੇ ਕਿਸਾਨਾਂ ਨੂੰ ਪਰੇਸ਼ਾਨੀ ’ਚ ਪਾਇਆ ਹੋਇਆ ਤੇ ਭਾਰੀ ਮੀਂਹ ਦੀ ਪੇਸ਼ਨਗੋਈ ਨੇ ਹਾੜ੍ਹੀ ਦੀ ਵਾਢੀ ਦਾ ਕੰਮ ਤੇਜ਼ ਕਰ ਦਿੱਤਾ ਹੈ। ਬਰਸਾਤ ਤੇ ਗੜੇਮਾਰੀ ਦੇ ਡਰੋਂ ਕਿਸਾਨਾਂ ਵੱਲੋਂ ਕਣਕ ਦੀ ਵਾਢੀ ਵੱਡੇ ਪੱਧਰ ’ਤੇ ਸ਼ੁਰੂ ਕਰ ਦਿੱਤੀ ਤੇ ਕਿਸਾਨ ਕੱਚੀ ਪੱਕੀ ਫਸਲ ਕੱਟਣ ਲੱਗ ਪਏ ਹਨ। ਦੂਜੇ ਪਾਸੇ ਜ਼ਿਲ੍ਹੇ ਦੇ ਜਿਆਦਾਤਰ ਖਰੀਦ ਕੇਂਦਰਾਂ ਵਿਚ ਹਾਲੇ ਤੱਕ ਖਰੀਦ ਸ਼ੁਰੂ ਨਾ ਹੋਣ ਸਕਣ ਕਾਰਨ ਇਨ੍ਹਾਂ ਖਰੀਦ ਕੇਂਦਰਾਂ ਵਿਚ ਵੀ ਕਣਕ ਦੀਆਂ ਢੇਰੀਆਂ ਦੇ ਅੰਬਾਰ ਲੱਗ ਚੁੱਕੇ ਹਨ। ਕਿਸਾਨ ਕਾਹਲੀ ਕਾਹਲੀ ਫਸਲ ਕੱਟ ਕੇ ਮੰਡੀਆਂ ’ਚ ਲਿਆ ਰਹੇ ਹਨ ਤੇ ਕਿਸਾਨਾਂ ਦਾ ਕਹਿਣਾ ਹੈ ਕਿ ਜੇਕਰ ਬਰਸਾਤ ਹੋ ਜਾਂਦੀ ਹੈ ਤਾਂ ਪੂਰੀ ਤਰ੍ਹਾਂ ਪੱਕ ਕੇ ਤਿਆਰ ਹੋਈ ਕਣਕ ਦੀ ਫਸਲ ਨੂੰ ਭਾਰੀ ਨੁਕਸਾਨ ਹੋਵੇਗਾ। ਮੌਸਮ ਵਿਭਾਗ ਵੱਲੋਂ ਦੋ ਦਿਨ ਮੌਸਮ ਖਰਾਬ ਰਹਿਣ ਤੇ ਮੀਂਹ, ਝੱਖੜ ਤੇ ਗੜੇਮਾਰੀ ਦੀ ਪੇਸ਼ੀਨਗੋਈ ਨੇ ਕਿਸਾਨਾਂ ਦੇ ਮੱਥੇ ’ਤੇ ਚਿੰਤਾਵਾਂ ਦੀਆਂ ਲਕੀਰਾਂ ਹੋਰ ਗੂੜੀਆ ਕਰ ਦਿੱਤੀਆਂ ਹਨ। ਪਿਛਲੇ ਹਫਤੇ ਮੌਸਮ ਖਰਾਬ ਰਹਿਣ ਉਪਰੰਤ ਸੋਮਵਾਰ ਨੂੰ ਮੌਸਮ ਸਾਫ ਰਹਿਣ ਨਾਲ ਭਾਵੇ ਕੁਝ ਰਾਹਤ ਮਿਲੀ ਸੀ ਪਰ ਮੰਗਲਵਾਰ ਬਾਅਦ ਦੁਪਹਿਰ ਚੜ੍ਹ ਕੇ ਆਏ ਬੱਦਲਾਂ ਨਾਲ ਇੱਕ ਵਾਰ ਦਿਨ ਵੇਲੇ ਪੂਰੀ ਤਰ੍ਹਾਂ ਹਨੇਰਾ ਛਾਅ ਗਿਆ ਤੇ ਦਿਨ ਵਿਚ ਵੀ ਰਾਤ ਵਰਗਾ ਅਹਿਸਾਸ ਹੋ ਰਿਹਾ ਸੀ। ਇਸ ਦੌਰਾਨ ਜ਼ਿਲ੍ਹੇ ਦੇ ਕੁਝ ਹਿੱਸਿਆਂ ’ਚ ਗਰਜ ਚਮਕ ਨਾਲ ਦੁਪਹਿਰ ਨੂੰ ਸ਼ੁਰੂ ਹੋਈ ਹਲਕੀ ਬਰਸਾਤ ਰੂਕ ਰੂਕ ਕੇ ਸਾਰਾ ਦਿਨ ਪੈਂਦੀ ਰਹੀ ਤੇ ਕਣਕ ਦੀ ਵਾਢੀ ਦਾ ਕੰਮ ਵੀ ਰੂਕ ਗਿਆ। ਕਿਸਾਨ ਪ੍ਰਮਾਤਮਾ ਅੱਗੇ ਅਰਦਾਸਾਂ ਕਰਨ ਲੱਗੇ ਹਨ ਕਿ ਕਣਕ ਦੀ ਪੱਕੀ ਫਸਲ ਨੂੰ ਬਰਸਾਤ ਤੇ ਝੱਖੜ ਤੋਂ ਬਚਾਅ ਰੱਖਿਆ ਜਾਵੇ। ਕਿਸਾਨ ਗੁਰਜੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੀ ਕਣਕ ਦੀ ਫਸਲ ਪੂਰੀ ਤਰ੍ਹਾਂ ਪੱਕ ਕੇ ਤਿਆਰ ਹੋ ਚੁੱਕੀ ਹੈ ਤੇ ਅੱਜ ਵਾਢੀ ਦਾ ਕੰਮ ਸੁਰੂ ਕਰਨਾ ਸੀ ਪਰ ਮੌਸਮ ਖਰਾਬ ਹੋਣ ਕਾਰਨ ਕਟਾਈ ਦਾ ਕੰਮ ਵਿਚਕਾਰ ਹੀ ਲਟਕ ਗਿਆ ਹੈ। ਉਨ੍ਹਾਂ ਆਖਿਆ ਕਿ ਇਨ੍ਹਾਂ ਦਿਨਾਂ ’ਚ ਮੌਸਮ ਖੁਸ਼ਕ ਰਹਿਣਾ ਚਾਹੀਦਾ ਸੀ ਤਾਂ ਜੋ ਕਣਕ ਦੀ ਫਸਲ ਪੂਰੀ ਤਰ੍ਹਾਂ ਪੱਕ ਸਕੇ ਪਰ ਇਨ੍ਹਾਂ ਦਿਨਾਂ ’ਚ ਖਰਾਬ ਹੋਏ ਮੌਸਮ ਨਾਲ ਨੁਕਸਾਨ ਹੋਣ ਦਾ ਖਦਸ਼ਾ ਹੈ ਕਿਉਂਕਿ ਆਉਣ ਵਾਲੇ 24 ਘੰਟਿਆਂ ਦਾ ਮੌਸਮ ਖਰਾਬ ਦੱਸਿਆ ਜਾ ਰਿਹਾ ਹੈ। ਕਿਸਾਨ ਨੈਬ ਸਿੰਘ ਦਾ ਕਹਿਣਾ ਸੀ ਕਿ ਬਰਸਾਤ ਦੇ ਡਰੋਂ ਉਸਨੇ ਆਪਣੀ 20 ਏਕੜ ਵਿਚੋਂ ਕਣਕ ਦੀ ਫਸਲ ਕੱਟ ਕੇ ਘਰ ਹੀ ਢੇਰੀ ਲਗਾ ਲਈ ਹੈ ਤੇ ਬੋਲੀ ਸ਼ੁਰੂ ਹੋਣ ’ਤੇ ਹੀ ਮੌਸਮ ਸਾਫ ਹੋ ਜਾਣ ਉਪਰੰਤ ਮੰਡੀ ’ਚ ਲੈ ਕੇ ਜਾਵਾਂਗਾ। -ਮੌਸਮ ’ਚ ਤਬਦੀਲੀ ਨਾਲ ਪਾਰਾ ਹੇਠਾ ਡਿੱਗਿਆ ਪਿਛਲੇ ਦਿਨਾਂ ਤੋਂ ਮੌਸਮ ’ਚ ਆਏ ਬਦਲਾਅ ਨਾਲ ਵਾਤਾਵਰਣ ਠੰਢਕ ਵਾਲਾ ਹੈ ਅਤੇ ਤਾਪਮਾਨ ’ਚ ਵੀ ਗਿਰਾਵਟ ਆਈ ਹੈ। ਪਿਛਲੇ ਦਿਨਾਂ ਤੋਂ ਪੈਣੀ ਸ਼ੁਰੂ ਹੋਈ ਗਰਮੀ ਤੋਂ ਭਾਵੇ ਕੁਝ ਰਾਹਤ ਮਹਿਸੂਸ ਹੋਈ ਹੈ ਪਰ ਕਿਸਾਨਾਂ ਅਨੁਸਾਰ ਇਨ੍ਹਾਂ ਦਿਨਾਂ ’ਚ ਮੌਸਮ ਖੁਸ਼ਕੀ ਵਾਲਾ ਰਹਿਣਾ ਚਾਹੀਦਾ ਹੈ ਪਰ ਮੌਸਮ ਉਲਟ ਹੋਇਆ ਹੈ। ਮੰਗਲਵਾਰ ਨੂੰ ਪਟਿਆਲਾ ਦਾ ਤਾਪਮਾਨ 26.1 ਡਿਗਰੀ ਦਰਜ ਕੀਤਾ ਗਿਆ, ਜੋ ਕਿ ਕੱਲ੍ਹ ਦੇ ਮੁਕਾਬਲੇ 6.4 ਡਿਗਰੀ ਘੱਟ ਰਿਹਾ। ਮੌਸਮ ਵਿਭਾਗ ਅਨੁਸਾਰ ਬੁੱਧਵਾਰ ਨੂੰ ਵੀ ਤੇਜ਼ ਅਤੇ ਗਰੜ ਨਾਲ ਬਰਸਾਤ ਦਾ ਯੈਲੋ ਅਲਰਟ ਵੀ ਜਾਰੀ ਕੀਤਾ ਗਿਆ ਹੈ, ਜਿਸ ਨਾਲ ਕਿਸਾਨ ਪਰੇਸ਼ਾਨ ਹਨ। ਇਸਤੋਂ ਬਾਅਦ ਮੌਸਮ ਸਾਫ ਤੇ ਖੁਸ਼ਕ ਰਹਿਣ ਦਾ ਅਨੁਮਾਨ ਹੈ। -ਰਾਤ ਨੂੰ ਕਣਕ ਦੀ ਕਟਾਈ ਤੇ ਪਾਬੰਦੀ ਵਧੀਕ ਜ਼ਿਲ੍ਹਾ ਮੈਜਿਸਟ੍ਰੇਟ ਸਿਮਰਪ੍ਰੀਤ ਕੌਰ ਨੇ ਧਾਰਾ 163 ਅਧੀਨ ਪ੍ਰਾਪਤ ਹੋਏ ਅਧਿਕਾਰਾਂ ਦੀ ਵਰਤੋਂ ਕਰਦੇ ਹੋਏ ਜ਼ਿਲ੍ਹੇ ਵਿਚ ਸ਼ਾਮ 7 ਤੋਂ ਅਗਲੀ ਸਵੇਰ 6 ਵਜੇ ਤੱਕ ਕੰਬਾਇਨਾਂ ਨਾਲ ਕਣਕ ਕੱਟਣ ’ਤੇ ਪਾਬੰਦੀ ਦੇ ਹੁਕਮ ਜਾਰੀ ਕੀਤੇ ਹਨ। ਜਾਰੀ ਹੁਕਮਾਂ ਵਿਚ ਕਿਹਾ ਗਿਆ ਹੈ ਕਿ ਕਣਕ ਕੱਟਣ ਲਈ ਕੰਬਾਇਨਾਂ 24 ਘੰਟੇ ਕੰਮ ਕਰਦੀਆਂ ਹਨ। ਇਹ ਕੰਬਾਇਨਾਂ ਰਾਤ ਵੇਲੇ ਹਰੀ ਕਣਕ ਜਿਹੜੀ ਕਿ ਚੰਗੀ ਤਰ੍ਹਾਂ ਪੱਕੀ ਵੀ ਨਹੀਂ ਹੁੰਦੀ, ਭਾਵ ਕੱਚਾ ਦਾਣਾ ਕੱਟ ਦਿੰਦੀਆਂ ਹਨ। ਹਰੀ ਕੱਟੀ ਹੋਈ ਕਣਕ ਸੁੱਕਣ ਤੇ ਕਾਲੀ ਪੈ ਜਾਂਦੀ ਹੈ, ਸਵੇਰੇ ਜਲਦੀ ਕੰਬਾਇਨਾਂ ਚੱਲਣ ਨਾਲ ਨਮੀ ਵਾਲੇ ਦਾਣਿਆ ਦੀ ਮਿਕਦਾਰ ਬਹੁਤ ਜ਼ਿਆਦਾ ਹੋ ਜਾਂਦੀ ਹੈ। ਜਦੋਂ ਇਹ ਸਿੱਲੀ ਕਣਕ ਮੰਡੀਆਂ ਵਿੱਚ ਵਿਕਣ ਲਈ ਲਿਆਂਦੀ ਜਾਂਦੀ ਹੈ ਤਾਂ ਨਮੀ ਦੀ ਪ੍ਰਵਾਨਿਤ ਹੱਦ ਨਾਲੋਂ ਜ਼ਿਆਦਾ ਹੋਣ ਕਾਰਨ ਖਰੀਦ ਏਜੰਸੀਆਂ ਖਰੀਦ ਕਰਨ ਤੋਂ ਇਨਕਾਰ ਕਰ ਦਿੰਦੀਆਂ ਹਨ। ਸਿੱਟੇ ਵਜੋਂ ਮੰਡੀਆਂ ਵਿਚ ਅਣਵਿਕੀ ਕਣਕ ਦੇ ਅੰਬਾਰ ਜਮ੍ਹਾਂ ਹੋ ਜਾਂਦੇ ਹਨ। ਕਣਕ ਸਮੇਂ ਸਿਰ ਨਾ ਵਿਕਣ ਕਾਰਨ ਕਿਸਾਨਾਂ ਵਿੱਚ ਰੋਸ ਪੈਦਾ ਹੁੰਦਾ ਹੈ। ਜਿਸ ਨਾਲ ਅਮਨ ਕਾਨੂੰਨ ਦੀ ਸਥਿਤੀ ਨੂੰ ਖਤਰਾ ਪੈਦਾ ਹੁੰਦਾ ਹੈ।