ਐਤਵਾਰ ਨੂੰ ਬਦਲਿਆ ਮੌਸਮ ਦਾ ਮਿਜਾਜ਼: ਹਲਕੀ ਬਰਸਾਤ ਨਾਲ ਤਾਪਮਾਨ ’ਚ ਗਿਰਾਵਟ
ਐਤਵਾਰ ਨੂੰ ਬਦਲਿਆ ਮੌਸਮ ਦਾ ਮਿਜਾਜ: ਹਲਕੀ ਬਰਸਾਤ ਨਾਲ ਤਾਪਮਾਨ ’ਚ ਗਿਰਾਵਟ
Publish Date: Sun, 29 Mar 2026 07:09 PM (IST)
Updated Date: Sun, 29 Mar 2026 07:11 PM (IST)

ਸਟਾਫ ਰਿਪੋਰਟਰ•, ਪੰਜਾਬੀ ਜਾਗਰਣ, •ਪਟਿਆਲਾ : ਐਤਵਾਰ ਨੂੰ ਮੌਸਮ ਦਾ ਮਿਜਾਜ਼ ਅਚਾਨਕ ਬਦਲ ਜਾਣ ਨਾਲ ਤਾਪਮਾਨ ’ਚ 2.3 ਡਿਗਰੀ ਸੈਲਸੀਅਸ ਦੀ ਗਿਰਾਵਟ ਦਰਜ ਕੀਤੀ ਗਈ, ਜਿਸ ਨਾਲ ਮੁੜ ਤੋਂ ਠੰਡਕ ਦਾ ਅਹਿਸਾਸ ਹੋਣਾ ਸ਼ੁਰੂ ਹੋ ਗਿਆ। ਸਵੇਰੇ ਵੇਲੇ ਪਈ ਹਲਕੀ ਬਰਸਾਤ ਨਾਲ ਵਾਤਾਵਰਣ ’ਚ ਨਮੀ ਦਰਜ ਕੀਤੀ ਗਈ ਤੇ ਬੱਦਲਵਾਈ ਵਾਲਾ ਮੌਸਮ ਰਿਹਾ। ਦੁਪਹਿਰ ਨੂੰ ਤੇਜ਼ ਧੁੱਪ ਵੀ ਨਿਕਲੀ ਪਰ ਸ਼ਾਮ ਹੁੰਦੇ ਹੁੰਦੇ ਮੁੜ ਤੋਂ ਬੱਦਲਵਾਈ ਵਾਲਾ ਮੌਸ਼ਮ ਬਣ ਗਿਆ ਤੇ ਤੇਜ਼ ਹਵਾਵਾਂ ਨਾਲ ਠੰਡਕ ਮਹਿਸੂਸ ਹੋਈ। ਅਚਾਨਕ ਮੌਸਮ ’ਚ ਆਏ ਬਦਲਾਅ ਨਾਲ ਕਿਸਾਨਾਂ ਦੇ ਚਿਹਰਿਆਂ ਤੇ ਚਿੰਤਾਵਾਂ ਦੀਆ ਲਕੀਰਾਂ ਗੂੜੀਆਂ ਕਰ ਦਿੱਤੀਆਂ ਗਈਆਂ ਕਿਉਂਕਿ ਹੁਣ ਹਾੜੀ ਦੀ ਮੁੱਖ ਫਸਲ ਕਣਕ ਲਗਪਗ ਪੱਕਣ ਕਿਨਾਰੇ ਪਹੁੰਚੀ ਹੋਈ ਹੈ, ਜਿਸ ਕਾਰਨ ਬਰਸਾਤ ਨਾਲ ਕਣਕ ਦੇ ਝਾੜ ਤੇ ਅਸਰ ਪੈ ਸਕਦਾ ਹੈ। ਜ਼ਿਲ੍ਹੇ ਦੇ ਕਈ ਇਕਾਲਿਆ ’ਚ ਬਰਸਾਤ ਤੇਜ਼ ਹੋਣ ਦੀ ਸੂਚਨਾ ਵੀ ਹੈ। ਮੌਸਮ ਵਿਭਾਗ ਦੇ ਅਨੁਸਾਰ ਐਤਵਾਰ ਨੂੰ ਹਲਕੀ ਵਰਖਾ ਨਾਲ ਤਾਪਮਾਨ ਵਿਚ 2.3 ਡਿਗਰੀ ਸੈਲਸੀਅਸ ਦੀ ਗਿਰਾਵਟ ਦਰਜ ਕੀਤੀ ਗਈ। ਸ਼ਹਿਰ ਦਾ ਵੱਧ ਤੋਂ ਵੱਧ ਤਾਪਮਾਨ 31.0 ਡਿਗਰੀ ਸੈਲਸੀਅਸ ਅਤੇ ਘੱਟੋਂ ਘੱਟ 20.9 ਡਿਗਰੀ ਸੈਲਸੀਅਸ ਰਿਕਾਰਡ ਕੀਤਾ ਗਿਆ। ਤਾਪਮਾਨ ਵਿੱਚ ਆਈ ਇਸ ਕਮੀ ਨਾਲ ਲੋਕਾਂ ਨੂੰ ਹਲਕੀ ਰਾਹਤ ਜ਼ਰੂਰ ਮਹਿਸੂਸ ਹੋਈ। ਮੌਸਮ ਵਿਭਾਗ ਨੇ ਅਨੁਮਾਨ ਜਤਾਇਆ ਹੈ ਕਿ ਮੰਗਲਵਾਰ ਤੱਕ ਮੌਸਮ ਦਾ ਅਜਿਹਾ ਹੀ ਮਿਜਾਜ਼ ਬਣਾ ਸਕਦਾ ਹੈ ਤੇ ਬੱਦਲ ਛਾਏ ਰਹਿਣ ਅਤੇ ਹਲਕੀ ਬਾਰਿਸ਼ ਦੀ ਸੰਭਾਵਨਾ ਬਣੀ ਹੋਈ ਹੈ। ਮੌਸਮ ਦੇ ਇਸ ਬਦਲਾਅ ਦਾ ਫਿਲਹਾਲ ਕਣਕ ਦੀ ਫਸਲ ’ਤੇ ਕੋਈ ਪ੍ਰਭਾਵ ਨਹੀਂ ਹੋਇਆ ਪਰ ਕਿਸਾਨਾਂ ਨੂੰ ਡਰ ਜਰੂਰ ਸਤਾ ਰਿਹਾ ਹੈ। ਹਾਲਾਂਕਿ ਖੇਤੀਬਾੜੀ ਵਿਭਾਗ ਦਾ ਮੰਨਣਾ ਹੈ ਕਿ ਜੇਕਰ ਆਉਣ ਵਾਲੇ ਸਮੇਂ ਵਿਚ ਬਰਸਾਤ ਦੀ ਮਾਤਰਾ ਵਧਦੀ ਹੈ, ਤਾਂ ਇਹ ਕਿਸਾਨਾਂ ਦੀ ਚਿੰਤਾ ਦਾ ਕਾਰਨ ਬਣ ਸਕਦੀ ਹੈ ਕਿਉਂਕਿ ਆਉਣ ਵਾਲੇ ਦਿਨਾਂ ’ਚ ਕਣਕ ਦੀ ਕਟਾਈ ਦਾ ਸੀਜ਼ਨ ਸੁਰੂ ਹੋਣ ਵਾਲਾ ਹੈ। ਕਿਸਾਨਾਂ ਦੇ ਕਹਿਣਾ ਹੈ ਕਿ ਜੇਕਰ ਇਨ੍ਹਾਂ ਦਿਨਾਂ ’ਚ ਬਰਸਾਤ ਹੋਈ ਤਾਂ ਕਣਕ ਦੇ ਝਾੜ ਤੇ ਕਾਫੀ ਅਸਰ ਪਵੇਗਾ, ਜਿਸ ਨਾਲ ਆਰਥਿਕ ਨੁਕਸਾਨ ਹੋਵੇਗਾ।