ਕਿਸਾਨ ਜਾਗ੍ਰਤੀ ਯਾਤਰਾ ਦਾ ਚੀਮਾਂ ਪੁੱਜਣ ’ਤੇ ਭਰਵਾਂ ਸਵਾਗਤ
ਕਿਸਾਨ ਜਾਗ੍ਰਤੀ ਯਾਤਰਾ ਦਾ ਚੀਮਾਂ ਪੁੱਜਣ ਤੇ ਭਰਵਾਂ ਸਵਾਗਤ
Publish Date: Mon, 09 Mar 2026 02:25 PM (IST)
Updated Date: Mon, 09 Mar 2026 02:27 PM (IST)

ਕਿਸਾਨੀ ਨੂੰ ਬਚਾਉਣ ਲਈ ਐੱਮਐੱਸਪੀ ਗਰੰਟੀ ਕਾਨੂੰਨ ਸਮੇਂ ਦੀ ਲੋੜ : ਡੱਲੇਵਾਲ ਦਰਸ਼ਨ ਸਿੰਘ ਚੌਹਾਨ, ਪੰਜਾਬੀ ਜਾਗਰਣ, ਸੁਨਾਮ : ਸੰਯੁਕਤ ਕਿਸਾਨ ਮੋਰਚਾ ਗੈਰ ਸਿਆਸੀ ਵੱਲੋਂ ਮੋਰਚੇ ਦੇ ਕੌਮੀ ਪ੍ਰਧਾਨ ਜਗਜੀਤ ਸਿੰਘ ਡੱਲੇਵਾਲ ਦੀ ਅਗਵਾਈ ਹੇਠ ਦੇਸ਼ ਦੇ ਕਿਸਾਨਾਂ ਨੂੰ ਆਪਣੀਆਂ ਮੰਗਾਂ ਪ੍ਰਤੀ ਜਾਗਰੂਕ ਕਰਨ ਸ਼ੁਰੂ ਕੀਤੀ ਕੰਨਿਆ ਕੁਮਾਰੀ ਤੋਂ ਕਸ਼ਮੀਰ ਤੱਕ ਕਿਸਾਨ ਜਾਗ੍ਰਤੀ ਯਾਤਰਾ ਦਾ ਕਸਬਾ ਚੀਮਾਂ ਮੰਡੀ ਵਿਖੇ ਪੁੱਜਣ ਮੌਕੇ ਕਿਸਾਨਾਂ ਨੇ ਸਵਾਗਤ ਕੀਤਾ। ਇਸ ਮੌਕੇ ਬੀਕੇਯੂ ਸਿੱਧੂਪੁਰ ਦੇ ਜ਼ਿਲ੍ਹਾ ਪ੍ਰਧਾਨ ਗੁਰਬਖਸ਼ੀਸ਼ ਸਿੰਘ ਬਾਲਦ ਕਲਾਂ, ਜ਼ਿਲ੍ਹਾ ਜਨਰਲ ਸਕੱਤਰ ਰਣ ਸਿੰਘ ਚੱਠਾ ਦੀ ਅਗਵਾਈ ਹੇਠ ਕਿਸਾਨ ਸੈਂਕੜੇ ਕਾਰਾਂ ਟਰੈਕਟਰਾਂ ਦਾ ਕਾਫਲਾ ਲੈ ਕੇ ਪਹੁੰਚੇ। ਇਸ ਯਾਤਰਾ ਵਿੱਚ ਸ਼ਾਮਿਲ ਐੱਸਕੇਐੱਮ ਗੈਰ ਸਿਆਸੀ ਦੇ ਆਗੂ ਜਗਜੀਤ ਸਿੰਘ ਡੱਲੇਵਾਲ,ਸ਼ਾਂਤਾ ਕੁਮਾਰ, ਅਭਿਮੰਨਿਊ ਕੋਹਾੜ, ਅਰੁਣ ਪਟੇਲ, ਸੁਰੇਸ਼ ਪਾਟਿਲ, ਸੋਨਵੀਰ ਸਿੰਘ,ਇੰਦਰਜੀਤ ਪੰਨੀਵਾਲਾ, ਮਹਾਂਵੀਰ ਸਹਾਰਨ, ਹਰਸ਼ਦੀਪ ਸਿੰਘ ਗਿੱਲ, ਸੰਤੋਸ਼ ਨਾਗਰ, ਮੁਨੀਸ਼ ਰਾਜਪੂਤ , ਬੀਕੇਯੂ ਸਿੱਧੂਪੁਰ ਦੇ ਸੀਨੀਅਰ ਮੀਤ ਪ੍ਰਧਾਨ ਜਸਵੀਰ ਸਿੰਘ ਸਿੱਧੂਪੁਰ, ਸੂਬਾ ਜਨਰਲ ਸਕੱਤਰ ਕਾਕਾ ਸਿੰਘ ਕੋਟੜਾ ਦਾ ਜ਼ਿਲ੍ਹਾ ਕਮੇਟੀ ਵੱਲੋਂ ਸਨਮਾਨ ਵੀ ਕੀਤਾ ਗਿਆ। ਉਨ੍ਹਾਂ ਕਿਹਾ ਕਿ ਦੇਸ਼ ਦੀ ਕਿਸਾਨੀ ਨੂੰ ਬਚਾਉਣ ਲਈ ਐਮਐਸਪੀ ਗਰੰਟੀ ਕਾਨੂੰਨ ਬਣਾਉਣਾ ,ਸਵਾਮੀਨਾਥਨ ਕਮਿਸ਼ਨ ਦੀ ਰਿਪੋਰਟ ਲਾਗੂ ਕਰਨਾ ਤੇ ਸਮੁੱਚੀ ਕਾਰਜ ਮੁਕਤੀ ਹੋਣਾ ਸਮੇਂ ਦੀ ਲੋੜ ਹੈ । ਉਨਾਂ ਕਿਹਾ ਕਿ ਓਈਸੀਡੀ ਦੀ ਰਿਪੋਰਟ ਮੁਤਾਬਿਕ ਪਿਛਲੇ 25 ਸਾਲਾਂ ਦੌਰਾਨ ਕਿਸਾਨਾਂ ਨੂੰ ਸਮਰਥਨ ਮੁੱਲ ਤੋਂ ਘੱਟ ਭਾਅ ਦੇ ਕੇ ਦੇਸ਼ ਦੀਆਂ ਸਰਕਾਰਾਂ ਕਿਸਾਨਾਂ ਦਾ ਕਰੀਬ 111 ਲੱਖ ਕਰੋੜ ਰੁਪਿਆ ਲੁੱਟ ਚੁੱਕੀਆਂ ਹਨ ਜਦਕਿ ਕਿਸਾਨਾਂ ਸਿਰ ਸਰਕਾਰੀ ਬੈਂਕਾਂ ਦਾ ਕੁੱਲ ਕਰਜ਼ਾ 26 ਲੱਖ ਕਰੋੜ ਰੁਪਏ ਦੇ ਕਰੀਬ ਹੈ , ਸਰਕਾਰਾਂ ਵੱਲੋਂ ਕਿਸਾਨਾਂ ਦੀ ਕੀਤੀ ਇਸ ਲੁੱਟ ਕਰਕੇ ਹੁਣ ਤੱਕ ਸਾਢੇ ਸੱਤ ਲੱਖ ਤੋਂ ਵੱਧ ਕਿਸਾਨ ਖੁਦਕੁਸ਼ੀਆਂ ਕਰ ਚੁੱਕੇ ਹਨ। ਉਨ੍ਹਾਂ ਭਾਰਤ ਅਮਰੀਕਾ ਮੁਕਤ ਵਪਾਰ ਸਮਝੌਤੇ ਨੂੰ ਭਾਰਤ ਵਿਰੋਧੀ ਕਰਾਰ ਦਿੰਦਿਆਂ ਕਿਹਾ ਕਿ ਇਸ ਨਾਲ ਖੇਤੀ ਕਿੱਤਾ ਬਿਲਕੁਲ ਤਬਾਹ ਹੋ ਜਾਵੇਗਾ। ਉਨ੍ਹਾਂ ਕਿਹਾ ਕਿ 19 ਮਾਰਚ ਨੂੰ ਦਿੱਲੀ ਦੇ ਰਾਮਲੀਲਾ ਗਰਾਊਂਡ ’ਚ ਦੇਸ਼ ਭਰ ’ਚੋਂ ਲੱਖਾਂ ਕਿਸਾਨਾਂ ਦਾ ਇਕੱਠ ਕਰਕੇ ਕੇਂਦਰ ਸਰਕਾਰ ਨੂੰ ਟ੍ਰੇਲਰ ਦਿਖਾਇਆ ਜਾਵੇਗਾ ਤੇ ਆਉਣ ਵਾਲੇ ਸਮੇਂ ਚ ਇੱਕ ਵੱਡਾ ਸੰਘਰਸ਼ ਵਿੱਢਿਆ ਜਾਵੇਗਾ । ਇਸ ਮੌਕੇ ਕੇਵਲ ਸਿੰਘ ਜਵੰਧਾ , ਭੂਰਾ ਸਿੰਘ ਸਲੇਮਗੜ੍ਹ ,ਕਰਮਜੀਤ ਸਿੰਘ, ਜਸਵੰਤ ਸਿੰਘ ਛਾਹੜ , ਰਾਮਫਲ ਸਿੰਘ ਜਲੂਰ, ਕਸ਼ਮੀਰ ਸਿੰਘ ਉਗਰਾਹਾਂ, ਨਿਰਭੈ ਸਿੰਘ ਕੱਲਰ ਭੈਣੀ,ਨਾਹਰ ਸਿੰਘ ਸਿੰਘ ਸ਼ਾਹਪੁਰ ਕਲਾਂ, ਹਰਜਿੰਦਰ ਸਿੰਘ ਮਹਿਲਾ, ਦਰਸ਼ਨ ਸਿੰਘ ਮਹਿਲਾ ਆਦਿ ਹਾਜ਼ਰ ਸਨ।