ਡਾ. ਵਿਨੋਦ ਕੁਮਾਰ ਨੇ ਡਾਇਰੈਕਟਰ ਵਜੋਂ ਅਹੁਦਾ ਸੰਭਾਲਿਆ
ਡਾ. ਵਿਨੋਦ ਕੁਮਾਰ ਨੇ ਡਾਇਰੈਕਟਰ ਵਜੋਂ ਅਹੁਦਾ ਸੰਭਾਲਿਆ
Publish Date: Mon, 23 Mar 2026 05:07 PM (IST)
Updated Date: Mon, 23 Mar 2026 05:10 PM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਪਟਿਆਲਾ : ਜਗਤ ਗੁਰੂ ਨਾਨਕ ਦੇਵ ਪੰਜਾਬ ਸਟੇਟ ਓਪਨ ਯੂਨੀਵਰਸਿਟੀ, ਪਟਿਆਲਾ ਵੱਲੋਂ ਅਕਾਦਮਿਕ ਖੇਤਰ ਵਿਚ ਆਪਣੀਆਂ ਗਤੀਵਿਧੀਆਂ ਨੂੰ ਹੋਰ ਮਜ਼ਬੂਤ ਕਰਦਿਆਂ ਡਾ. ਵਿਨੋਦ ਕੁਮਾਰ ਨੂੰ ਯੂਨੀਵਰਸਿਟੀ ਦੇ ਖੇਤਰੀ ਕੇਂਦਰ (ਰੀਜਨਲ ਸੈਂਟਰ), ਫ਼ਿਰੋਜ਼ਪੁਰ ਦਾ ਡਾਇਰੈਕਟਰ ਨਿਯੁਕਤ ਕੀਤਾ ਗਿਆ ਹੈ। ਇਸ ਕੇਂਦਰ ਦੇ ਅਧਿਕਾਰ ਖੇਤਰ ਵਿੱਚ ਪੰਜਾਬ ਦੇ ਤਿੰਨ ਪ੍ਰਮੁੱਖ ਜ਼ਿਲ੍ਹੇ ਫ਼ਿਰੋਜ਼ਪੁਰ, ਫ਼ਰੀਦਕੋਟ ਅਤੇ ਮੋਗਾ ਸ਼ਾਮਲ ਕੀਤੇ ਗਏ ਹਨ। ਜ਼ਿਕਰਯੋਗ ਹੈ ਕਿ ਡਾ. ਵਿਨੋਦ ਕੁਮਾਰ ਪਹਿਲਾਂ ਹੀ ਯੂਨੀਵਰਸਿਟੀ ਵਿੱਚ ਅਧਿਆਪਨ ਦੇ ਨਾਲ-ਨਾਲ ਸਕੂਲ ਆਫ਼ ਐਜੂਕੇਸ਼ਨ ਐਂਡ ਵੋਕੇਸ਼ਨ ਦੇ ਮੁਖੀ ਅਤੇ ਇੰਚਾਰਜ ਲੀਗਲ ਸੈੱਲ ਵਰਗੀਆਂ ਅਹਿਮ ਪ੍ਰਸ਼ਾਸਨਿਕ ਜ਼ਿੰਮੇਵਾਰੀਆਂ ਸਫ਼ਲਤਾਪੂਰਵਕ ਨਿਭਾ ਰਹੇ ਹਨ। ਡਾ. ਵਿਨੋਦ ਕੁਮਾਰ ਨੇ ਅੱਜ ਰੀਜਨਲ ਸੈਂਟਰ ਫ਼ਿਰੋਜ਼ਪੁਰ ਦੇ ਸਟਾਫ਼ ਅਤੇ ਅਧਿਕਾਰੀਆਂ, ਡਾ. ਵੀਰਪਾਲ ਕੌਰ ਅਤੇ ਜਸਵੀਰ ਸਿੰਘ ਦੀ ਮੌਜੂਦਗੀ ਵਿੱਚ ਰਸਮੀ ਤੌਰ ਤੇ ਆਪਣਾ ਅਹੁਦਾ ਸੰਭਾਲ ਲਿਆ ਹੈ। ਇਸ ਮੌਕੇ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਯੂਨੀਵਰਸਿਟੀ ਦਾ ਮੁੱਖ ਮਨੋਰਥ ਉਚੇਰੀ ਸਿੱਖਿਆ ਦੀ ਪਹੁੰਚ ਸਮਾਜ ਦੇ ਹਾਸ਼ਿਆਗਤ ਅਤੇ ਲੋੜਵੰਦ ਵਰਗਾਂ ਤੱਕ ਬਣਾਉਣਾ ਹੈ। ਉਨ੍ਹਾਂ ਦੱਸਿਆ ਕਿ ਵਾਈਸ ਚਾਂਸਲਰ ਪ੍ਰੋਫ਼ੈਸਰ ਰਤਨ ਸਿੰਘ ਦੀ ਦੂਰਅੰਦੇਸ਼ੀ ਸੋਚ ਸਦਕਾ ਪੰਜਾਬ ਭਰ ਵਿਚ ਸਥਾਪਿਤ ਕੀਤੇ ਗਏ ਇਹ ਖੇਤਰੀ ਦਫ਼ਤਰ ਸੂਬੇ ਦੇ ਕੋਨੇ-ਕੋਨੇ ਵਿੱਚ ਸਿੱਖਿਆ ਕ੍ਰਾਂਤੀ ਲਿਆਉਣ ਲਈ ਕਾਰਜਸ਼ੀਲ ਹਨ। ਵਾਈਸ ਚਾਂਸਲਰ ਪ੍ਰੋਫ਼ੈਸਰ ਰਤਨ ਸਿੰਘ ਨੇ ਡਾ. ਵਿਨੋਦ ਕੁਮਾਰ ਨੂੰ ਇਸ ਨਵੀਂ ਨਿਯੁਕਤੀ ਤੇ ਸ਼ੁਭਕਾਮਨਾਵਾਂ ਭੇਂਟ ਕੀਤੀਆਂ। ਦੂਜੇ ਪਾਸੇ, ਡਾ. ਵਿਨੋਦ ਨੇ ਇਸ ਵੱਕਾਰੀ ਜ਼ਿੰਮੇਵਾਰੀ ਅਤੇ ਮਾਣ ਬਖ਼ਸ਼ਣ ਲਈ ਵਾਈਸ ਚਾਂਸਲਰ ਸਾਹਿਬ ਦਾ ਤਹਿ ਦਿਲੋਂ ਧੰਨਵਾਦ ਕਰਦਿਆਂ ਵਿਸ਼ਵਾਸ ਦਿਵਾਇਆ ਕਿ ਉਹ ਆਪਣੀ ਡਿਊਟੀ ਪੂਰੀ ਤਨਦੇਹੀ, ਇਮਾਨਦਾਰੀ ਅਤੇ ਅਕਾਦਮਿਕ ਵਚਨਬੱਧਤਾ ਨਾਲ ਨਿਭਾਉਣਗੇ ਤਾਂ ਜੋ ਯੂਨੀਵਰਸਿਟੀ ਦੇ ਮਿਸ਼ਨ ਨੂੰ ਨਵੀਆਂ ਬੁਲੰਦੀਆਂ ਤੇ ਪਹੁੰਚਾਇਆ ਜਾ ਸਕੇ।