ਘਨੌਰ ਦੀਆਂ ਟੁੱਟੀਆਂ ਸੜਕਾਂ ਤੇ ਗੰਦਗੀ ਨਾਲ ਲੋਕ ਬੇਹਾਲ : ਵਿਕਾਸ ਸ਼ਰਮਾ
ਘਨੌਰ ਦੀਆਂ ਟੁੱਟੀਆਂ ਸੜਕਾਂ ਤੇ ਗੰਦਗੀ ਨਾਲ ਲੋਕ ਬੇਹਾਲ: ਵਿਕਾਸ ਸ਼ਰਮਾ
Publish Date: Sat, 21 Mar 2026 05:35 PM (IST)
Updated Date: Sat, 21 Mar 2026 05:37 PM (IST)

ਕਰਮਵੀਰ ਸਿੰਘ ਮਰਦਾਂਪੁਰ, ਪੰਜਾਬੀ ਜਾਗਰਣ, ਘਨੌਰ : ਘਨੌਰ ਸ਼ਹਿਰ ਵਿੱਚ ਮਸਜਿਦ ਤੋਂ ਕਾਲਜ ਸੜਕ ਤੱਕ ਅਤੇ ਆਸ-ਪਾਸ ਦੀਆਂ ਗਲੀਆਂ-ਨਾਲੀਆਂ ਦੀ ਹਾਲਤ ਬਹੁਤ ਹੀ ਖਰਾਬ ਹੋ ਚੁੱਕੀ ਹੈ। ਟੁੱਟੀਆਂ ਸੜਕਾਂ, ਭਰੀਆਂ ਨਾਲੀਆਂ ਅਤੇ ਹਰ ਪਾਸੇ ਪਈ ਗੰਦਗੀ ਕਾਰਨ ਲੋਕਾਂ ਨੂੰ ਭਾਰੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਪਿਛਲੇ ਕਰੀਬ ਚਾਰ ਸਾਲਾਂ ਦੌਰਾਨ ਸਰਕਾਰ ਵੱਲੋਂ ਇਲਾਕੇ ਦੇ ਵਿਕਾਸ ਲਈ ਕੋਈ ਵੱਡਾ ਕੰਮ ਨਹੀਂ ਕੀਤਾ ਗਿਆ, ਸਿਰਫ਼ ਇਸਤਿਹਾਰਬਾਜ਼ੀ ਅਤੇ ਗੱਲਾਂ ਨਾਲ ਹੀ ਸਮਾਂ ਬੀਤਾਇਆ ਹੈ। ਇਹ ਗੱਲ ਭਾਜਪਾ ਹਲਕਾ ਇੰਚਾਰਜ ਵਿਕਾਸ ਸ਼ਰਮਾ ਨੇ ਈਦ ਦੇ ਮੌਕੇ ਘਨੌਰ ਦੀ ਜਾਮਾ ਮਸਜਿਦ ਵਿੱਚ ਸਿਰਕਤ ਕਰਨ ਦੌਰਾਨ ਕਹੀ। ਉਨ੍ਹਾਂ ਕਿਹਾ ਕਿ ਹੈਰਾਨੀ ਦੀ ਗੱਲ ਹੈ ਕਿ ਇਲਾਕੇ ਦੇ ਵਿਧਾਇਕ ਨੂੰ ਘਨੌਰ ਦੀਆਂ ਟੁੱਟੀਆਂ ਸੜਕਾਂ ਅਤੇ ਲੋਕਾਂ ਦੀਆਂ ਮੁਸ਼ਕਿਲਾਂ ਨਜ਼ਰ ਹੀ ਨਹੀਂ ਆ ਰਹੀਆਂ। ਵਿਕਾਸ ਸ਼ਰਮਾ ਨੇ ਕਿਹਾ ਕਿ ਘਨੌਰ ਮਸਜਿਦ ਤੋਂ ਲੰਘਣ ਵਾਲੀ ਇਹ ਸੜਕ ਬਹੁਤ ਮਹੱਤਵਪੂਰਨ ਹੈ, ਕਿਉਂਕਿ ਇਸ ਰਾਹੀਂ ਵਾਟਰ ਸਪਲਾਈ ਦਫ਼ਤਰ, ਗਊਸ਼ਾਲਾ, ਸੇਵਾ ਕੇਂਦਰ, ਸਰਕਾਰੀ ਹਸਪਤਾਲ, ਨਗਰ ਪੰਚਾਇਤ ਦਫ਼ਤਰ, ਸਬ ਤਹਿਸੀਲ ਅਤੇ ਯੂਨੀਵਰਸਿਟੀ ਕਾਲਜ ਵਰਗੀਆਂ ਕਈ ਸਰਕਾਰੀ ਸੰਸਥਾਵਾਂ ਨੂੰ ਜਾਣ ਵਾਲੇ ਲੋਕ ਆਉਂਦੇ-ਜਾਂਦੇ ਹਨ। ਇਸ ਦੇ ਬਾਵਜੂਦ ਸੜਕਾਂ ਦੀ ਮਰੰਮਤ ਨਾ ਹੋਣਾ ਸਰਕਾਰ ਦੀ ਲਾਪ੍ਰਵਾਹੀ ਨੂੰ ਦਰਸਾਉਂਦਾ ਹੈ। ਉਨ੍ਹਾਂ ਦੱਸਿਆ ਕਿ ਪਟਵਾਰਖਾਨੇ ਤੋਂ ਲੈ ਕੇ ਮਸਜਿਦ ਤੱਕ ਸੀਵਰੇਜ ਦੇ ਮੈਨਹੋਲਾਂ ਦੀ ਲੀਕੇਜ ਕਾਰਨ ਸੜਕ ਥੋੜ੍ਹੀ ਜਿਹੀ ਬਰਸਾਤ ਨਾਲ ਹੀ ਛੱਪੜ ਦਾ ਰੂਪ ਧਾਰ ਲੈਂਦੀ ਹੈ, ਜਿਸ ਕਾਰਨ ਪੈਦਲ ਚੱਲਣ ਵਾਲੇ, ਦੋਪਹੀਆ ਅਤੇ ਚਾਰ ਪਹੀਆ ਵਾਹਨਾਂ ਨੂੰ ਲੰਘਣਾ ਬਹੁਤ ਮੁਸ਼ਕਲ ਹੋ ਜਾਂਦਾ ਹੈ। ਗੰਦੇ ਪਾਣੀ ਦੀ ਬਦਬੂ ਅਤੇ ਖੜ੍ਹੇ ਪਾਣੀ ਕਾਰਨ ਭਿਆਨਕ ਬਿਮਾਰੀਆਂ ਫੈਲਣ ਦਾ ਵੀ ਖਤਰਾ ਬਣਿਆ ਰਹਿੰਦਾ ਹੈ। ਇਸ ਸਬੰਧੀ ਜਦੋਂ ਲੋਕ ਨਿਰਮਾਣ ਵਿਭਾਗ ਦੇ ਐੱਸਡੀਓ ਦਲਜੀਤ ਸਿੰਘ ਨਾਲ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਕਿਹਾ ਕਿ ਸੜਕ ਦੀ ਮੁਰੰਮਤ ਲਈ ਟੈਂਡਰ ਪਾਸ ਹੋ ਚੁੱਕਾ ਹੈ ਅਤੇ ਜਿਵੇਂ ਹੀ ਮੌਸਮ ਸਾਫ਼ ਹੋਵੇਗਾ, ਕੰਮ ਸ਼ੁਰੂ ਕਰਵਾ ਕੇ ਸੜਕ ਤਿਆਰ ਕਰ ਦਿੱਤੀ ਜਾਵੇਗੀ। ਇਲਾਕੇ ਦੇ ਲੋਕਾਂ ਨੇ ਵੀ ਮੰਗ ਕੀਤੀ ਹੈ ਕਿ ਪ੍ਰਸ਼ਾਸਨ ਅਤੇ ਸਰਕਾਰ ਜਲਦੀ ਤੋਂ ਜਲਦੀ ਸੜਕਾਂ ਅਤੇ ਨਾਲੀਆਂ ਦੀ ਮੁਰੰਮਤ ਕਰਵਾਏ ਤਾਂ ਜੋ ਲੋਕਾਂ ਨੂੰ ਆ ਰਹੀ ਦਿਨ-ਪ੍ਰਤੀ-ਦਿਨ ਦੀ ਪਰੇਸ਼ਾਨੀ ਤੋਂ ਰਾਹਤ ਮਿਲ ਸਕੇ।