ਵਿਜੈਇੰਦਰ ਸਿੰਗਲਾ ਆੜ੍ਹਤੀਆਂ ਦੇ ਹੱਕ ’ਚ ਡਟੇ
ਵਿਜੈਇੰਦਰ ਸਿੰਗਲਾ ਆੜਤੀਆਂ ਦੇ ਹੱਕ ’ਚ ਡਟੇ
Publish Date: Mon, 06 Apr 2026 04:29 PM (IST)
Updated Date: Tue, 07 Apr 2026 04:02 AM (IST)
ਕਿਹਾ– ਵਾਅਦਾ ਪੂਰਾ ਕਰੇ ਸੂਬੇ ਦੀ ਸਰਕਾਰ, ਨਹੀਂ ਤਾਂ ਹੋਵੇਗਾ ਵੱਡਾ ਸੰਘਰਸ਼
ਦਰਸ਼ਨ ਸਿੰਘ ਚੌਹਾਨ, ਪੰਜਾਬੀ ਜਾਗਰਣ, ਸੁਨਾਮ : ਕੁੱਲ ਹਿੰਦ ਕਾਂਗਰਸ ਕਮੇਟੀ ਦੇ ਸਹਾਇਕ ਖ਼ਜ਼ਾਨਚੀ ਅਤੇ ਸਾਬਕਾ ਮੰਤਰੀ ਵਿਜੈ ਇੰਦਰ ਸਿੰਗਲਾ ਨੇ ਪੰਜਾਬ ਸਰਕਾਰ ਤੇ ਆੜ੍ਹਤੀਆ ਵਰਗ ਨਾਲ 'ਧੋਖਾ' ਕਰਨ ਦੇ ਦੋਸ਼ ਲਗਾਉਂਦਿਆਂ ਤਿੱਖਾ ਹਮਲਾ ਬੋਲਿਆ ਹੈ। ਉਨ੍ਹਾਂ ਆਖਿਆ ਕਿ ਸੂਬੇ ਦੀ ਸਰਕਾਰ ਆੜ੍ਹਤੀਆਂ ਨਾਲ ਕੀਤੇ ਵਾਅਦੇ ਪੂਰੇ ਨਹੀਂ ਕਰ ਰਹੀ। ਸਾਬਕਾ ਮੰਤਰੀ ਵਿਜੈ ਇੰਦਰ ਸਿੰਗਲਾ ਨੇ ਕਾਂਗਰਸੀ ਆਗੂ ਸੁਰਿੰਦਰ ਸਿੰਘ ਭਰੂਰ ਦੀ ਬੇਟੀ ਦੇ ਵਿਆਹ ਸਮਾਗਮ ਵਿਚ ਸ਼ਾਮਲ ਹੋਣ ਮੌਕੇ ਗੱਲਬਾਤ ਕਰਦਿਆਂ ਆਖਿਆ ਕਿ ਸੂਬੇ ਦੀ ਭਗਵੰਤ ਮਾਨ ਸਰਕਾਰ ਨੇ 2024 ਵਿਚ ਵਾਅਦਾ ਕੀਤਾ ਸੀ ਕਿ ਜੇਕਰ ਕੇਂਦਰ ਸਰਕਾਰ 2.5 ਫੀਸਦੀ ਕਮਿਸ਼ਨ ਦਾ ਪੂਰਾ ਭੁਗਤਾਨ ਨਹੀਂ ਕਰਦੀ, ਤਾਂ ਪੰਜਾਬ ਸਰਕਾਰ ਆਪਣੇ ਖ਼ਜ਼ਾਨੇ ਵਿੱਚੋਂ ਇਸ ਦੀ ਭਰਪਾਈ ਕਰੇਗੀ, ਜੋ ਅਜੇ ਤੱਕ ਪੂਰਾ ਨਹੀਂ ਹੋਇਆ। ਆੜ੍ਹਤੀਆਂ ਦਾ ਕਮਿਸ਼ਨ ਵਧਾਉਣ ਦੀ ਮੰਗ ਕਰਦਿਆਂ ਵਿਜੈਇੰਦਰ ਸਿੰਗਲਾ ਨੇ ਆਖਿਆ ਕਿ ਮਹਿੰਗਾਈ ਵਿੱਚ ਲਗਾਤਾਰ ਹੋ ਰਹੇ ਵਾਧੇ ਦੇ ਮੱਦੇਨਜ਼ਰ ਆੜ੍ਹਤ (ਕਮਿਸ਼ਨ) ਨੂੰ 2.5 ਪ੍ਰਤੀਸ਼ਤ ਤੋਂ ਵਧਾ ਕੇ 3 ਫੀਸਦੀ ਕਰਨਾ ਚਾਹੀਦਾ ਹੈ। ਖੇਤੀ ਧੰਦੇ ਨੂੰ ਰੀੜ੍ਹ ਦੀ ਹੱਡੀ ਕ਼ਰਾਰ ਦਿੰਦਿਆਂ ਉਨ੍ਹਾਂ ਕਿਹਾ ਕਿ ਆੜ੍ਹਤੀਆ ਸਿਰਫ਼ ਏਜੰਟ ਨਹੀਂ, ਸਗੋਂ ਕਿਸਾਨਾਂ ਦੀ ਬੈਕਬੋਨ ਹਨ। ਜੇਕਰ ਇਹ ਕੜੀ ਕਮਜ਼ੋਰ ਹੋਈ ਤਾਂ ਪੂਰੀ ਖੇਤੀ ਅਰਥਵਿਵਸਥਾ ਡੋਲ ਜਾਵੇਗੀ। ਇਤਿਹਾਸਕ ਹਵਾਲਾ ਦਿੰਦਿਆਂ ਸਿੰਗਲਾ ਨੇ ਯਾਦ ਕਰਵਾਇਆ ਕਿ 2.5 ਫੀਸਦੀ ਦੀ ਦਰ ਉਨ੍ਹਾਂ ਦੇ ਪਿਤਾ ਸੰਤ ਰਾਮ ਸਿੰਗਲਾ ਦੇ ਸਮੇਂ ਲਾਗੂ ਹੋਈ ਸੀ, ਜੋ ਅੱਜ ਦੇ ਖਰਚਿਆਂ ਮੁਤਾਬਕ ਨਾਕਾਫ਼ੀ ਹੈ। ਉਨ੍ਹਾਂ ਸਪੱਸ਼ਟ ਕੀਤਾ ਕਿ ਜੇਕਰ ਬਕਾਇਆ ਰਕਮ ਤੁਰੰਤ ਜਾਰੀ ਨਾ ਕੀਤੀ ਗਈ, ਤਾਂ ਕਾਂਗਰਸ ਪਾਰਟੀ ਆੜਤੀਆਂ ਦੇ ਹੱਕ ਵਿੱਚ ਸੜਕਾਂ 'ਤੇ ਉਤਰ ਕੇ ਵੱਡਾ ਸੰਘਰਸ਼ ਕਰੇਗੀ। ਇਸ ਮੌਕੇ ਬਲਾਕ ਕਾਂਗਰਸ ਕਮੇਟੀ ਸੁਨਾਮ ਦੇ ਪ੍ਰਧਾਨ ਮਨਪ੍ਰੀਤ ਸਿੰਘ ਮਨੀ ਵੜ੍ਹੈਚ, ਸਾਹਿਲ ਜੌੜਾ , ਪਰਮਿੰਦਰ ਸ਼ਰਮਾ, ਹਰਪਾਲ ਸੋਨੂੰ ਸਮੇਤ ਹੋਰ ਆਗੂ ਹਾਜ਼ਰ ਸਨ।