ਸਾਬਕਾ ਮੁੱਖ ਮੰਤਰੀ ਭੱਠਲ ਦੇ ਬਿਆਨ ਦੀ ਹੋਵੇ ਨਿਰਪੱਖ ਜਾਂਚ : ਵਿਜੈ ਕਪੂਰ
ਸਾਬਕਾ ਮੁੱਖ ਮੰਤਰੀ ਭੱਠਲ ਦੇ ਬਿਆਨ ਦੀ ਉੱਚ-ਸਤ੍ਹਰੀ ਅਤੇ ਸੁਤੰਤਰ ਜਾਂਚ ਹੋਵੇ: ਵਿਜੈ ਕਪੂਰ
Publish Date: Fri, 30 Jan 2026 05:30 PM (IST)
Updated Date: Fri, 30 Jan 2026 05:31 PM (IST)

ਪੱਤਰ ਪ੍ਰੇਕਰ, ਪੰਜਾਬੀ ਜਾਗਰਣ, ਪਟਿਆਲਾ : ਸਾਬਕਾ ਮੁੱਖ ਮੰਤਰੀ ਅਤੇ ਸੀਨੀਅਰ ਕਾਂਗਰਸ ਨੇਤਾ ਰਾਜਿੰਦਰ ਕੌਰ ਭੱਠਲ ਵੱਲੋਂ ਇਕ ਪਾਡਕਾਸਟ ਵਿਚ ਦਿੱਤਾ ਗਿਆ ਬਿਆਨ ਨਾ ਸਿਰਫ਼ ਪੰਜਾਬ ਦੀ ਰਾਜਨੀਤੀ, ਬਲਕਿ ਦੇਸ਼ ਦੀ ਲੋਕਤੰਤਰਕ ਪ੍ਰਣਾਲੀ ਅਤੇ ਸੁਰੱਖਿਆ ਏਜੰਸੀਆਂ ਦੀ ਭੂਮਿਕਾ ਉੱਤੇ ਵੀ ਗੰਭੀਰ ਸਵਾਲ ਖੜ੍ਹੇ ਕਰਦਾ ਹੈ। ਉਨ੍ਹਾਂ ਦਾ ਇਹ ਕਹਿਣਾ ਕਿ ਸਾਲ 1996-97 ਦੌਰਾਨ ਸਰਕਾਰ ਬਣਾਉਣ ਲਈ ਟ੍ਰੇਨਾਂ ਅਤੇ ਬਾਜ਼ਾਰਾਂ ਵਿੱਚ ਬੰਬ ਧਮਾਕੇ ਕਰਵਾਉਣ ਦਾ “ਬਹੁਤ ਹੀ ਘਿਨੌਣਾ ਪ੍ਰਸਤਾਵ” ਉਨ੍ਹਾਂ ਨੂੰ ਦਿੱਤਾ ਗਿਆ ਸੀ, ਬਹੁਤ ਚਿੰਤਾਜਨਕ ਹੈ ਅਤੇ ਦੇਸ਼ ਵਿਰੋਧੀ ਸੋਚ ਨੂੰ ਬੇਨਕਾਬ ਕਰਦਾ ਹੈ। ਅੰਤਰਰਾਸ਼ਟਰੀ ਹਿੰਦੂ ਪ੍ਰੀਸ਼ਦ, ਪੰਜਾਬ ਦੇ ਪ੍ਰਧਾਨ ਵਿਜੈ ਕਪੂਰ ਨੇ ਕਿਹਾ ਕਿ ਜੇਕਰ ਇਹ ਬਿਆਨ ਸੱਚ ਹੈ, ਤਾਂ ਇਹ ਸਿਰਫ਼ ਕਿਸੇ ਇੱਕ ਰਾਜਨੀਤਿਕ ਪਾਰਟੀ ਦਾ ਮਾਮਲਾ ਨਹੀਂ, ਬਲਕਿ ਬੇਗੁਨਾਹ ਨਾਗਰਿਕਾਂ ਦੇ ਖੂਨ ਨਾਲ ਸੱਤਾ ਹਾਸਲ ਕਰਨ ਦੀ ਸਾਜ਼ਿਸ਼ ਦੀ ਖੁੱਲ੍ਹੀ ਕਬੂਲੋ-ਕਰਾਰ ਹੈ। ਇਹ ਬਿਆਨ ਇਸ ਗੱਲ ਵੱਲ ਵੀ ਇਸ਼ਾਰਾ ਕਰਦਾ ਹੈ ਕਿ ਉਸ ਸਮੇਂ ਹੋਈਆਂ ਆਤੰਕੀ ਘਟਨਾਵਾਂ ਦੇ ਪਿੱਛੇ ਕਿਸੇ ਗਹਿਰੇ ਸਾਜ਼ਿਸ਼ੀ ਤੰਤਰ ਵਿੱਚ ਪ੍ਰਣਾਲੀ ਅਤੇ ਸੱਤਾ ਦੇ ਲੋਭੀ ਲੋਕ ਸ਼ਾਮਲ ਹੋ ਸਕਦੇ ਹਨ। ਵਿਜੈ ਕਪੂਰ ਨੇ ਸਪਸ਼ਟ ਸ਼ਬਦਾਂ ਵਿਚ ਕਿਹਾ ਕਿ, “ਲੋਕਤੰਤਰ ਦੀ ਹੱਤਿਆ ਕਰਕੇ ਲਾਸ਼ਾਂ ਉੱਤੇ ਸੱਤਾ ਖੜ੍ਹੀ ਕਰਨ ਦੀ ਸੋਚ ਕਿਸੇ ਵੀ ਕੀਮਤ ’ਤੇ ਕਬੂਲਯੋਗ ਨਹੀਂ ਹੋ ਸਕਦੀ।” ਉਨ੍ਹਾਂ ਨੇ ਮੰਗ ਕੀਤੀ ਕਿ ਕੇਂਦਰ ਅਤੇ ਪੰਜਾਬ ਸਰਕਾਰ ਇਸ ਪੂਰੇ ਮਾਮਲੇ ਦੀ ਨਿਰਪੱਖ, ਉੱਚ-ਸਤ੍ਹਰੀ ਅਤੇ ਸੁਤੰਤਰ ਜਾਂਚ ਕਰਵਾਉਣ, ਤਾਂ ਜੋ ਸੱਚਾਈ ਦੇਸ਼ ਦੇ ਸਾਹਮਣੇ ਆਵੇ ਅਤੇ ਦੋਸ਼ੀਆਂ ਨੂੰ ਕਠੋਰਤਮ ਸਜ਼ਾ ਮਿਲੇ, ਭਾਵੇਂ ਉਹ ਕਿਸੇ ਵੀ ਅਹੁਦੇ ਜਾਂ ਪਾਰਟੀ ਨਾਲ ਸੰਬੰਧਿਤ ਕਿਉਂ ਨਾ ਹੋਣ। ਅੰਤਰਰਾਸ਼ਟਰੀ ਹਿੰਦੂ ਪ੍ਰੀਸ਼ਦ, ਪੰਜਾਬ ਇਹ ਵੀ ਮੰਗ ਕਰਦਾ ਹੈ ਕਿ ਕਾਂਗਰਸ ਪਾਰਟੀ ਇਸ ਬਿਆਨ ’ਤੇ ਆਪਣਾ ਸਪਸ਼ਟ ਅਤੇ ਅਧਿਕਾਰਿਕ ਰੁਖ ਸਾਮ੍ਹਣੇ ਲਿਆਏ ਅਤੇ ਦੇਸ਼ਵਾਸੀਆਂ ਨੂੰ ਦੱਸੇ ਕਿ ਇਸ ਤਰ੍ਹਾਂ ਦੀ ਅਮਾਨਵੀ ਸੋਚ ਵਾਲੇ ਲੋਕ ਕੌਣ ਹਨ ਅਤੇ ਉਨ੍ਹਾਂ ਦੇ ਨਾਮ ਕੀ ਹਨ, ਅਤੇ ਪਾਰਟੀ ਨੇ ਹੁਣ ਤੱਕ ਉਨ੍ਹਾਂ ਨੂੰ ਕਿਉਂ ਬਚਾ ਕੇ ਰੱਖਿਆ ਹੋਇਆ ਹੈ ਅਤੇ ਜਨਤਕ ਕਿਉਂ ਨਹੀਂ ਕੀਤਾ। ਇਹ ਮਸਲਾ ਰਾਜਨੀਤੀ ਤੋਂ ਉੱਪਰ ਉੱਠ ਕੇ ਰਾਸ਼ਟਰੀ ਸੁਰੱਖਿਆ, ਲੋਕਤੰਤਰ ਅਤੇ ਮਨੁੱਖਤਾ ਨਾਲ ਜੁੜਿਆ ਹੋਇਆ ਹੈ। ਸੱਚਾਈ ਦਾ ਸਾਹਮਣੇ ਆਉਣਾ ਦੇਸ਼ ਦੇ ਹਿੱਤ ਵਿੱਚ ਬਹੁਤ ਜ਼ਰੂਰੀ ਹੈ।