ਬਿਜਲੀ ਦੇ ਸੜੇ ਮੀਟਰ ਨੂੰ ਬਦਲਣ ਗਏ ਕਾਮੇ ਦੀ ਕੀਤੀ ਵੀਡਿਓ ਵਾਈਰਲ
ਬਿਜਲੀ ਦੇ ਸੜੇ ਮੀਟਰ ਨੂੰ ਬਦਲਣ ਗਏ ਕਾਮੇ ਦੀ ਵੀਡਿਓ ਵਾਈਰਲ ਕੀਤੀ
Publish Date: Sat, 07 Feb 2026 06:56 PM (IST)
Updated Date: Sun, 08 Feb 2026 04:09 AM (IST)

ਮੁਕੇਸ਼ ਸਿੰਗਲਾ, ਪੰਜਾਬੀ ਜਾਗਰਣ, ਭਵਾਨੀਗ਼ੜ੍ਹ : ਪਿੰਡਾਂ ਵਿਚ ਸਮਾਰਟ ਬਿਜਲੀ ਮੀਟਰਾਂ ਨੂੰ ਬਦਲਣ ਦਾ ਵਿਰੋਧ ਲਗਾਤਾਰ ਜਾਰੀ ਹੈ ਤੇ ਪਾਵਰਕਾਮ ਦੇ ਕਾਮਿਆਂ ਨੂੰ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਤਰ੍ਹਾਂ ਦਾ ਹੀ ਇਕ ਮਾਮਲਾ ਭਵਾਨੀਗੜ੍ਹ ਦੇ ਅਜੀਤ ਨਗਰ ਵਿਚ ਸਾਹਮਣੇ ਆਇਆ, ਜਿੱਥੇ ਸੜੇ ਹੋਏ ਬਿਜਲੀ ਮੀਟਰ ਨੂੰ ਬਦਲਣ ਪੁੱਜੇ ਪਾਵਰਕਾਮ ਦੇ ਕਾਮਿਆਂ ਦੀ ਕਿਸੇ ਗ੍ਰਾਮੀਣ ਵੱਲੋਂ ਨਾ ਸਿਰਫ਼ ਵੀਡੀਓ ਬਣਾਕੇ ਵਾਇਰਲ ਕਰ ਦਿੱਤੀ ਗਈ, ਸਗੋਂ ਉਨ੍ਹਾਂ ਨੂੰ ਕੰਮ ਅੱਧ ਵਿਚਕਾਰ ਹੀ ਛੱਡ ਕੇ ਉਥੋਂ ਜਾਣ ਲਈ ਮਜ਼ਬੂਰ ਵੀ ਕਰ ਦਿੱਤਾ ਗਿਆ। ਵੀਡੀਓ ਬਣਾਉਣ ਵਾਲੇ ਵਿਅਕਤੀ ਨੇ ਵੀਡੀਓ ਵਿਚ ਉਕਤ ਕਰਮਚਾਰੀਆਂ ਖ਼ਿਲਾਫ਼ ਇਤਰਾਜਯੋਗ ਟਿੱਪਣੀਆਂ ਕੀਤੀਆਂ ਤੇ ਹੋਰ ਗ੍ਰਾਮੀਣਾਂ ਨੂੰ ਵੀ ਉਨ੍ਹਾਂ ਕਰਮਚਾਰੀਆਂ ਦੇ ਵਿਰੋਧ ’ਚ ਭੜਕਾਉਣ ਦੀ ਕੋਸ਼ਿਸ਼ ਕੀਤੀ। ਵੀਡੀਓ ਵਾਇਰਲ ਹੋਣ ਤੋਂ ਬਾਅਦ ਪਾਵਰਕਾਮ ਦੇ ਸਮੂਹ ਕਰਮਚਾਰੀਆਂ ਨੇ ਇਸ ’ਤੇ ਸਖਤ ਵਿਰੋਧ ਪ੍ਰਗਟਾਇਆ ਤੇ ਭਵਾਨੀਗੜ੍ਹ ਪੁਲਿਸ ਨੂੰ ਲਿਖਤੀ ਸ਼ਿਕਾਇਤ ਦੇ ਕੇ ਵੀਡੀਓ ਬਣਾਕੇ ਵਾਇਰਲ ਕਰਨ ਵਾਲੇ ਵਿਅਕਤੀ ਖ਼ਿਲਾਫ਼ ਸਖ਼ਤ ਕਾਰਵਾਈ ਦੀ ਮੰਗ ਕੀਤੀ। ਕਰਮਚਾਰੀ ਯੂਨੀਅਨ ਦੇ ਪ੍ਰਧਾਨ ਰਾਜਿੰਦਰ ਸਿੰਘ ਨੇ ਵਾਇਰਲ ਵੀਡੀਓ ਨੂੰ ਲੈ ਕੇ ਤਿੱਖਾ ਵਿਰੋਧ ਦਰਜ ਕਰਵਾਇਆ। ਉਨ੍ਹਾਂ ਕਿਹਾ ਕਿ ਉੱਚ ਅਧਿਕਾਰੀਆਂ ਦੇ ਹੁਕਮਾਂ ਅਨੁਸਾਰ ਪਿੰਡਾਂ ਵਿੱਚ ਖ਼ਰਾਬ ਤੇ ਸੜੇ ਹੋਏ ਬਿਜਲੀ ਮੀਟਰਾਂ ਨੂੰ ਬਦਲਣ ਦਾ ਕੰਮ ਲਗਾਤਾਰ ਜਾਰੀ ਹੈ। ਇਸੇ ਤਹਿਤ ਪਿਛਲੇ ਦਿਨ ਭਵਾਨੀਗੜ੍ਹ ਦੇ ਅਜੀਤ ਨਗਰ ਵਿਚ ਵਿਭਾਗ ਦੇ ਕਰਮਚਾਰੀ ਬਿਜਲੀ ਮੀਟਰ ਬਦਲਣ ਲਈ ਗਏ ਸਨ। ਉਥੇ ਮੌਜੂਦ ਇੱਕ ਵਿਅਕਤੀ ਨੇ ਕਰਮਚਾਰੀਆਂ ਨੂੰ ਮੀਟਰ ਬਦਲਣ ਤੋਂ ਰੋਕ ਕੇ ਨਾ ਸਿਰਫ਼ ਸਰਕਾਰੀ ਕੰਮਕਾਜ ਵਿੱਚ ਵਿਘਨ ਪਾਇਆ, ਸਗੋਂ ਕਰਮਚਾਰੀਆਂ ਦੀ ਗਲਤ ਤਰੀਕੇ ਨਾਲ ਵੀਡੀਓ ਬਣਾਈ ਅਤੇ ਉਨ੍ਹਾਂ ਪ੍ਰਤੀ ਅਪਮਾਨਜਨਕ ਸ਼ਬਦਾਵਲੀ ਵੀ ਵਰਤੀ। ਇਹ ਵੀਡੀਓ ਸੋਸ਼ਲ ਮੀਡੀਆ ’ਤੇ ਵਾਇਰਲ ਕਰ ਦਿੱਤੀ ਗਈ, ਜਿਸ ਨਾਲ ਕਰਮਚਾਰੀਆਂ ਦੀ ਛਵੀ ਨੂੰ ਨੁਕਸਾਨ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਗਈ। ਉਨ੍ਹਾਂ ਦੇ ਅਨੁਸਾਰ ਕਰਮਚਾਰੀ ਆਪਣੇ ਨਿਯਮਤ ਸਰਕਾਰੀ ਫ਼ਰਜ਼ਾਂ ਅਧੀਨ ਵਿਭਾਗ ਦਾ ਕੰਮ ਕਰਨ ਮੌਕੇ ‘ਤੇ ਗਏ ਸਨ, ਪਰ ਕਿਸੇ ਨੇ ਜਾਣਬੁੱਝ ਕੇ ਵੀਡੀਓ ਬਣਾਕੇ ਉਸਨੂੰ ਗਲਤ ਸੰਦਰਭ ਵਿੱਚ ਫੈਲਾ ਦਿੱਤਾ। ਵੀਡੀਓ ਕਾਰਨ ਨਾ ਸਿਰਫ਼ ਕਰਮਚਾਰੀਆਂ ਦੀ ਬੇਇੱਜ਼ਤੀ ਹੋਈ, ਸਗੋਂ ਉਸ ਸਮੇਂ ਹਾਲਾਤ ਵੀ ਵਿਗੜ ਸਕਦੇ ਸਨ ਅਤੇ ਕਰਮਚਾਰੀਆਂ ਨੂੰ ਕਿਸੇ ਵੀ ਤਰ੍ਹਾਂ ਦਾ ਵੱਡਾ ਨੁਕਸਾਨ ਹੋ ਸਕਦਾ ਸੀ, ਜਿਸਨੂੰ ਕਿਸੇ ਵੀ ਕੀਮਤ ‘ਤੇ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ। ਉਨ੍ਹਾਂ ਕਿਹਾ ਕਿ ਇਸ ਤਰ੍ਹਾਂ ਦੀਆਂ ਘਟਨਾਵਾਂ ਕਰਮਚਾਰੀਆਂ ਦੀ ਸੁਰੱਖਿਆ ਅਤੇ ਸਨਮਾਨ ਦੋਵਾਂ ‘ਤੇ ਸਵਾਲ ਖੜੇ ਕਰਦੀਆਂ ਹਨ। ਇਸ ਪੂਰੇ ਮਾਮਲੇ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਵਿਭਾਗ ਦੇ ਕਰਮਚਾਰੀਆਂ ਨੇ ਸੰਬੰਧਿਤ ਭਵਾਨੀਗੜ੍ਹ ਪੁਲਿਸ ਥਾਣੇ ਵਿੱਚ ਇਸ ਸਬੰਧੀ ਸ਼ਿਕਾਇਤ ਵੀ ਦਰਜ ਕਰਵਾ ਦਿੱਤੀ ਹੈ। ਉਨ੍ਹਾਂ ਮੰਗ ਕੀਤੀ ਕਿ ਵੀਡੀਓ ਬਣਾਉਣ ਅਤੇ ਉਸਨੂੰ ਵਾਇਰਲ ਕਰਨ ਵਾਲਿਆਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇ, ਤਾਂ ਜੋ ਭਵਿੱਖ ਵਿੱਚ ਇਸ ਤਰ੍ਹਾਂ ਦੀਆਂ ਘਟਨਾਵਾਂ ਮੁੜ ਨਾ ਹੋਣ। ਡੀਐੱਸਪੀ ਰਾਹੁਲ ਕੌਸ਼ਲ ਨੇ ਇਸ ਸਬੰਧੀ ਕਿਹਾ ਕਿ ਬਿਜਲੀ ਕਰਮਚਾਰੀਆਂ ਵੱਲੋਂ ਲਿਖਤੀ ਸ਼ਿਕਾਇਤ ਮਿਲੀ ਹੈ। ਇਸ ਦੇ ਆਧਾਰ ‘ਤੇ ਜਾਂਚ–ਪੜਤਾਲ ਕਰਕੇ ਸੰਬੰਧਿਤ ਵਿਅਕਤੀ ਖ਼ਿਲਾਫ਼ ਕਾਰਵਾਈ ਕੀਤੀ ਜਾਵੇਗੀ।