ਅਮਰੀਕਾ-ਈਰਾਨ ਦੀ ਜੰਗ ਜਾਰੀ, ਸਿਲੰਡਰਾਂ ਲਈ ਲੋਕਾਂ ’ਚ ਮਾਰੋ ਮਾਰੀ
ਅਮਰੀਕਾ-ਈਰਾਨ ਦੀ ਜੰਗ ਜਾਰੀ, ਸਿਲੰਡਰਾਂ ਲਈ ਲੋਕਾਂ ’ਚ ਮਾਰੋ ਮਾਰੀ
Publish Date: Thu, 12 Mar 2026 06:06 PM (IST)
Updated Date: Fri, 13 Mar 2026 04:07 AM (IST)

ਸਪਲਾਈ ਠੱਪ ਹੋਣ ਕਾਰਨ ਹੋਟਲਾਂ, ਰੈਸਟੋਰੈਂਟਾਂ, ਦੁਕਾਨਦਾਰਾਂ ਅਤੇ ਰੇਹੜੀ ਵਾਲਿਆਂ ਦਾ ਕੰਮਕਾਜ ਵੀ ਠੱਪ ਹੋਣ ਦੀ ਕਗਾਰ ‘ਤੇ ਗੈਸ ਏਜੰਸੀਆਂ ਤੇ ਗੁਦਾਮਾਂ ’ਤੇ ਲੱਗੀ ਭੀੜ ਜਸਵੀਰ ਸਿੰਘ\ਬਲਜਿੰਦਰ ਮਿੱਠਾ, ਪੰਜਾਬੀ ਜਾਗਰਣ, ਸੰਗਰੂਰ : ਅਮਰੀਕਾ–ਈਰਾਨ ਵਿਚ ਚੱਲ ਰਹੀ ਜੰਗ ਦਾ ਸਭ ਤੋਂ ਵੱਧ ਅਸਰ ਇੱਥੇ ਗੈਸ ਸਿਲੰਡਰ ਖਪਤਕਾਰਾਂ ’ਤੇ ਪੈਣ ਲੱਗ ਪਿਆ ਹੈ। ਗੈਸ ਸਿਲੰਡਰ ਲੈਣ ਲਈ ਲੋਕਾਂ ਦੀ ਭੀੜ ਗੈਸ ਏਜੰਸੀਆਂ ਤੇ ਗੁਦਾਮਾਂ ’ਤੇ ਲੱਗੀ ਪਈ ਹੈ। ਦੂਜੇ ਪਾਸੇ ਕਮਰਸ਼ੀਅਲ ਗੈਸ ਸਿਲੰਡਰਾਂ ਦੀ ਸਪਲਾਈ ਠੱਪ ਹੋਣ ਕਾਰਨ ਹੋਟਲਾਂ, ਰੈਸਟੋਰੈਂਟਾਂ, ਦੁਕਾਨਦਾਰਾਂ ਅਤੇ ਰੇਹੜੀ ਵਾਲਿਆਂ ਦਾ ਕੰਮਕਾਜ ਵੀ ਠੱਪ ਹੋਣ ਦੀ ਕਗਾਰ ’ਤੇ ਪਹੁੰਚ ਗਿਆ ਹੈ। ਲੋਕਾਂ ਦੇ ਮਨਾਂ ਵਿਚ ਡਰ ਦਾ ਮਾਹੌਲ ਬਣ ਗਿਆ ਹੈ ਕਿ ਜੇਕਰ ਜੰਗ ਲੰਬੀ ਚੱਲੀ ਤਾਂ ਘਰੇਲੂ ਸਿਲੰਡਰਾਂ ਦੀ ਕਮੀ ਨਾ ਪੈ ਜਾਵੇ। ਇਸ ਡਰ ਕਰ ਕੇ ਲੋਕ ਵੱਡੀ ਗਿਣਤੀ ਵਿਚ ਕਤਾਰਾਂ ’ਚ ਖੜ੍ਹ ਕੇ ਗੈਸ ਸਿਲੰਡਰ ਭਰਵਾਉਣ ਤੇ ਬੁਕਿੰਗ ਕਰਵਾਉਣ ’ਚ ਜੁਟ ਗਏ ਹਨ। ਸਵੇਰੇ ਤੋਂ ਹੀ ਏਜੰਸੀਆਂ ਦੇ ਬਾਹਰ ਲੰਬੀਆਂ ਲਾਈਨਾਂ ਲੱਗਣ ਲੱਗ ਪੈਂਦੀਆਂ ਹਨ। ਵੀਰਵਾਰ ਨੂੰ ਸੰਗਰੂਰ ਦੀਆਂ ਗੈਸ ਏਜੰਸੀਆਂ ਤੇ ਗੁਦਾਮਾਂ ‘ਤੇ ਭਾਰੀ ਭੀੜ ਦੇਖਣ ਨੂੰ ਮਿਲੀ। ਗੈਸ ਸਿਲੰਡਰਾਂ ਦੀ ਮੰਗ ਵਿੱਚ ਲਗਭਗ 50 ਫੀਸਦੀ ਵਾਧਾ ਹੋ ਗਿਆ ਹੈ। ਹੋਟਲ ਮਾਲਕਾਂ ਦੇ ਮੁਤਾਬਕ ਹੋਟਲ ਉਦਯੋਗ ’ਚ 60 ਫੀਸਦੀ ਗੈਸ ਸਿਲੰਡਰਾਂ ਦੀ ਕਮੀ ਆ ਗਈ ਹੈ। ਵਾਰ-ਵਾਰ ਮੰਗ ਕਰਨ ਦੇ ਬਾਵਜੂਦ ਕਮਰਸ਼ੀਅਲ ਸਿਲੰਡਰ ਨਹੀਂ ਮਿਲ ਰਹੇ। ਟੋਲ ਫ੍ਰੀ ਨੰਬਰਾਂ ’ਤੇ ਗੈਸ ਸਿਲੰਡਰਾਂ ਦੀ ਬੁਕਿੰਗ ਬੰਦ ਹੋਣ ਨਾਲ ਲੋਕਾਂ ’ਚ ਹੋਰ ਵੀ ਹਾਹਾਕਾਰ ਮਚ ਗਿਆ ਹੈ। ਮੋਬਾਈਲ ‘ਤੇ ਹੁਣ ਬੁਕਿੰਗ ਨਹੀਂ ਹੋ ਰਹੀ ਗੈਸ ਏਜੰਸੀ ਦੇ ਬਾਹਰ ਹੱਥ ਵਿੱਚ ਗੈਸ ਸਿਲੰਡਰ ਦੀਆਂ ਕਾਪੀਆਂ ਫੜ੍ਹ ਕੇ ਖੜ੍ਹੇ ਲੋਕਾਂ ਨੇ ਦੱਸਿਆ ਕਿ ਟੋਲ ਫ੍ਰੀ ਨੰਬਰਾਂ ਅਤੇ ਆਨਲਾਈਨ ਗੈਸ ਬੁਕਿੰਗ ਨਹੀਂ ਹੋ ਰਹੀ। ਉੱਥੇ ਇਹ ਵੀ ਚਰਚਾ ਚੱਲ ਰਹੀ ਹੈ ਕਿ ਆਉਣ ਵਾਲੇ ਦਿਨਾਂ ਵਿੱਚ ਗੈਸ ਸਿਲੰਡਰਾਂ ਦੀ ਕਮੀ ਵੱਧ ਸਕਦੀ ਹੈ। ਇਸ ਲਈ ਲੋਕ ਖੁਦ ਏਜੰਸੀ ‘ਤੇ ਜਾ ਕੇ ਬੁਕਿੰਗ ਕਰਵਾ ਰਹੇ ਹਨ, ਪਰਚੀ ਕਟਵਾ ਰਹੇ ਹਨ ਅਤੇ ਕੇਵਾਈਸੀ ਕਰਵਾ ਰਹੇ ਹਨ। ਲੋਕਾਂ ਨੇ ਕਿਹਾ ਕਿ ਪਹਿਲਾਂ ਬੁਕਿੰਗ ਕਰਵਾਉਣ ਦੀ ਜ਼ਿਆਦਾ ਲੋੜ ਨਹੀਂ ਪੈਂਦੀ ਸੀ। ਬੁਕਿੰਗ ਕਰਵਾਉਣ ਤੋਂ ਅਗਲੇ ਦਿਨਾਂ ਵਿੱਚ ਹੀ ਸਿਲੰਡਰ ਮਿਲ ਜਾਂਦਾ ਸੀ, ਪਰ ਹੁਣ 21 ਦਿਨ ਦੀ ਬੁਕਿੰਗ ਮਿਆਦ ਵਧਾ ਕੇ 25 ਦਿਨ ਕਰ ਦਿੱਤੀ ਗਈ ਹੈ। ਵੱਡੇ ਪਰਿਵਾਰ ਕਿਵੇਂ ਕਰਨਗੇ ਗੁਜ਼ਾਰਾ ਗੁਦਾਮ ’ਤੇ ਗੈਸ ਸਿਲੰਡਰ ਲੈਣ ਪਹੁੰਚੇ ਮੇਹਰ ਸਿੰਘ, ਕ੍ਰਿਪਾਲ ਸਿੰਘ ਅਤੇ ਹਰਦੇਵ ਸਿੰਘ ਨੇ ਦੱਸਿਆ ਕਿ ਉਹ ਸੰਗਰੂਰ ਸ਼ਹਿਰ ਤੋਂ ਪਿੰਡ ਥਲੇਸਾ ਆਏ ਹਨ। ਪਹਿਲਾਂ ਸਿਲੈਂਡਰ ਘਰ ਤੱਕ ਪਹੁੰਚ ਜਾਂਦਾ ਸੀ, ਪਰ ਹੁਣ ਖੁਦ ਗੋਦਾਮ ‘ਤੇ ਆਉਣਾ ਪੈ ਰਿਹਾ ਹੈ। ਉਨ੍ਹਾਂ ਕਿਹਾ ਕਿ ਛੋਟੇ ਪਰਿਵਾਰ ਲਈ ਇੱ ਸਿਲੰਡਰ 25 ਦਿਨ ਚਲ ਸਕਦਾ ਹੈ, ਪਰ ਵੱਡੇ ਪਰਿਵਾਰ ਇਕ ਸਿਲੰਡਰ ਨਾਲ ਕਿਵੇਂ ਗੁਜ਼ਾਰਾ ਕਰਨਗੇ। ਮਜਬੂਰੀ ਵਿਚ ਲੋਕਾਂ ਨੂੰ ਬਲੈਕ ਵਿੱਚ ਗੈਸ ਸਿਲੰਡਰ ਖਰੀਦਣਾ ਪੈ ਸਕਦਾ ਹੈ, ਜਿਸ ਨਾਲ ਆਰਥਿਕ ਨੁਕਸਾਨ ਹੋਵੇਗਾ। ਪਿੰਡਾਂ ਵਿਚ ਸਮੱਸਿਆ ਹੋਰ ਵੱਧ ਹੈ, ਕਿਉਂਕਿ ਸ਼ਹਿਰਾਂ ਤੋਂ ਪਿੰਡਾਂ ਵੱਲ ਜਾਣ ਵਾਲੀ ਸਪਲਾਈ ਵੀ ਘੱਟ ਹੋ ਗਈ ਹੈ। ਘਰੇਲੂ ਗੈਸ ਦੀ ਕਮੀ ਨਹੀਂ, ਲੋਕਾਂ ’ਚ ਡਰ ਸਵਰਨ ਗੈਸ ਏਜੰਸੀ ਦੇ ਮਾਲਕ ਚਰਨਪਾਲ ਸਿੰਘ ਨੇ ਦੱਸਿਆ ਕਿ ਇਸ ਵੇਲੇ ਗੈਸ ਦੀ ਕੋਈ ਘਾਟ ਨਹੀਂ ਹੈ। ਸਪਲਾਈ ਨਿਰੰਤਰ ਆ ਰਹੀ ਹੈ ਅਤੇ ਘਰੇਲੂ ਗੈਸ ਸਿਲੰਡਰਾਂ ਦੀ ਸਪਲਾਈ ਜਾਰੀ ਹੈ। ਪਰ ਅਫਵਾਹਾਂ ਦੇ ਮਾਹੌਲ ਕਾਰਨ ਲੋਕ ਬਿਨਾਂ ਲੋੜ ਦੇ ਵੀ ਸਿਲੰਡਰ ਭਰਵਾਉਣ ਲਈ ਦੌੜ ਰਹੇ ਹਨ, ਜਿਸ ਨਾਲ ਹਾਲਾਤ ਖਰਾਬ ਹੋ ਰਹੇ ਹਨ। ਕਮਰਸ਼ੀਅਲ ਗੈਸ ਸਿਲੰਡਰਾਂ ਦੀ ਵੀ ਅਸਲ ਵਿੱਚ ਕਮੀ ਨਹੀਂ ਹੈ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਸੰਜਮ ਨਾਲ ਕੰਮ ਲਿਆ ਜਾਵੇ ਅਤੇ ਲੋੜ ਮੁਤਾਬਕ ਹੀ ਗੈਸ ਸਿਲੰਡਰ ਭਰਵਾਏ ਜਾਣ। ਪੂਰੀ ਗੈਸ ਨਹੀਂ ਮਿਲ ਰਹੀ, ਕੰਮਕਾਜ ਪ੍ਰਭਾਵਿਤ ਹੋਟਲ ਐਸੋਸੀਏਸ਼ਨ ਸੰਗਰੂਰ ਦੇ ਪ੍ਰਧਾਨ ਇਕਬਾਲਜੀਤ ਸਿੰਘ ਪੂਨੀਆ ਨੇ ਕਿਹਾ ਕਿ 60 ਫੀਸਦੀ ਗੈਸ ਸਿਲੰਡਰਾਂ ਦੀ ਕਮੀ ਕਾਰਨ ਹੋਟਲ ਉਦਯੋਗ ਬਹੁਤ ਪ੍ਰਭਾਵਿਤ ਹੋ ਰਿਹਾ ਹੈ। ਹੋਟਲ ਉਦਯੋਗ ਪੂਰੀ ਤਰ੍ਹਾਂ ਕਮਰਸ਼ੀਅਲ ਗੈਸ ਸਿਲੰਡਰਾਂ ‘ਤੇ ਨਿਰਭਰ ਕਰਦਾ ਹੈ। ਜੇਕਰ ਆਉਣ ਵਾਲੇ ਦਿਨਾਂ ਵਿੱਚ ਹਾਲਾਤਾਂ ਵਿੱਚ ਸੁਧਾਰ ਨਾ ਹੋਇਆ ਤਾਂ ਸਥਿਤੀ ਹੋਰ ਵੀ ਗੰਭੀਰ ਹੋ ਸਕਦੀ ਹੈ। ਫਿਲਹਾਲ ਹਾਲਾਤ ਕਾਬੂ ਵਿੱਚ ਹਨ ਅਤੇ ਹੋਟਲ ਚੱਲ ਰਹੇ ਹਨ, ਪਰ ਲੰਬੇ ਸਮੇਂ ਤੱਕ ਗੈਸ ਦੀ ਕਮੀ ਨਾਲ ਕੰਮ ਚਲਾਉਣਾ ਬਹੁਤ ਮੁਸ਼ਕਲ ਹੋ ਜਾਵੇਗਾ। ਉਨ੍ਹਾਂ ਸਰਕਾਰਾਂ ਨੂੰ ਅਪੀਲ ਕੀਤੀ ਕਿ ਜਲਦੀ ਤੋਂ ਜਲਦੀ ਹਾਲਾਤ ਸੰਭਾਲੇ ਜਾਣ।