ਧਣੀਏ ਦੇ ਪੱਤਿਆਂ ਤੋਂ ਬਣਾਈ ਅਨੀਮੀਆ ਦੀ ਦਵਾਈ ਸ਼ਲਾਘਾਯੋਗ : ਡਾ. ਸੇਠੀ
ਧਣੀਏ ਦੇ ਪੱਤਿਆਂ ਤੋਂ ਬਣਾਈ ਅਨੀਮੀਆ (ਖੂਨ ਦੀ ਘਾਟ) ਲਈ ਦਵਾਈ
Publish Date: Sun, 11 Jan 2026 04:57 PM (IST)
Updated Date: Sun, 11 Jan 2026 05:00 PM (IST)

ਫੋਟੋ 11ਪੀਟੀਐਲ: 11,12 ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਪਟਿਆਲਾ : ਪੰਜਾਬੀ ਯੂਨੀਵਰਸਿਟੀ ਦੀ ਮੈਡੀਸਿਨ ਫ਼ੈਕਲਟੀ ਅਧੀਨ ਫਾਰਮਾਸਿਊਟੀਕਲ ਸਾਇੰਸਿਜ਼ ਅਤੇ ਡਰੱਗ ਰਿਸਰਚ ਵਿਭਾਗ ਵਿੱਚ ਕੀਤੀ ਗਈ ਇੱਕ ਤਾਜ਼ਾ ਖੋਜ ਰਾਹੀਂ ਧਣੀਏ ਦੇ ਪੱਤਿਆਂ ਤੋਂ ਅਨੀਮੀਆ (ਖੂਨ ਦੀ ਘਾਟ) ਲਈ ਇੱਕ ਨਵੀਂ ਪ੍ਰਭਾਵਸ਼ਾਲੀ ਦਵਾਈ ਤਿਆਰ ਕੀਤੀ ਗਈ ਹੈ। ਡਾ. ਡਿੰਪਲ ਸੇਠੀ (ਐਸੋਸੀਏਟ ਪ੍ਰੋਫੈਸਰ) ਦੀ ਨਿਗਰਾਨੀ ਵਿਚ ਇਹ ਖੋਜ ਖੋਜਾਰਥੀ ਡਾ. ਕੁਲਦੀਪ ਸਿੰਘ ਵੱਲੋਂ ਕੀਤੀ ਗਈ ਹੈ। ਇਸ ਖੋਜ ਦੇ ਨਤੀਜੇ ਅੰਤਰ-ਰਾਸ਼ਟਰੀ ਖੋਜ ਰਸਾਲਿਆਂ ਵਿਚ ਪ੍ਰਕਾਸ਼ਿਤ ਹੋ ਚੁੱਕੇ ਹਨ। ਉਨ੍ਹਾਂ ਨੇ ਇਸ ਬਾਰੇ ਗੱਲ ਕਰਦਿਆਂ ਦੱਸਿਆ ਕਿ ਧਣੀਏ ’ਚ ਕੁਦਰਤੀ ਤੌਰ ’ਤੇ ਆਇਰਨ, ਫੌਲਿਕ ਐਸਿਡ ਅਤੇ ਐਂਟੀ-ਆਕਸੀਡੈਂਟ ਗੁਣ ਮੌਜੂਦ ਹੁੰਦੇ ਹਨ, ਜੋ ਲਾਲ ਖੂਨ ਕਣਾਂ ਦੀ ਉਤਪਾਦਨ ਪ੍ਰਕਿਰਿਆ ਨੂੰ ਤੇਜ਼ ਕਰਦੇ ਹਨ। ਇਸ ਵਿਧੀ ਰਾਹੀਂ ਤਿਆਰ ਕੀਤੀ ਗਈ ਦਵਾਈ ਸੁਰੱਖਿਅਤ, ਘੱਟ ਖਰਚੀਲੀ ਅਤੇ ਕਿਸੇ ਵੀ ਤਰ੍ਹਾਂ ਦੇ ਸਾਈਡ-ਇਫੈਕਟ ਤੋਂ ਲਗਭਗ ਮੁਕਤ ਹੈ। ਉਨ੍ਹਾਂ ਕਿਹਾ ਇਹ ਖੋਜ ਹਰਬਲ ਭਾਵ ਜੜੀ ਬੂਟੀਆਂ ਅਧਾਰਿਤ ਕੁਦਰਤੀ ਪਹੁੰਚ ਅਤੇ ਆਧੁਨਿਕ ਫਾਰਮਾਸਿਊਟੀਕਲ ਵਿਗਿਆਨ ਵਾਲ਼ੀ ਪਹੁੰਚ ਦੇ ਮੇਲ ਨਾਲ਼ ਪੈਦਾ ਹੋ ਸਕਣ ਵਾਲ਼ੇ ਬਿਹਤਰ ਨਤੀਜਿਆਂ ਵੱਲ ਵੀ ਇੱਕ ਮਜ਼ਬੂਤ ਕਦਮ ਹੈ। ਖੋਜਾਰਥੀ ਡਾ. ਕੁਲਦੀਪ ਸਿੰਘ ਨੇ ਦੱਸਿਆ ਕਿ ਖੋਜ ਦੌਰਾਨ ਸਾਹਮਣੇ ਆਇਆ ਹੈ ਕਿ ਧਣੀਏ ਦੇ ਪੱਤਿਆਂ ਤੋਂ ਤਿਆਰ ਕੀਤੀ ਗਈ ਇਹ ਦਵਾਈ ਮਰੀਜ਼ਾਂ ਵਿੱਚ ਹੀਮੋਗਲੋਬਿਨ ਦੀ ਮਾਤਰਾ ਸਿਰਫ਼ 10 ਦਿਨਾਂ ਵਿਚ ਵਧਾਉਣ ਵਿੱਚ ਸਫਲ ਰਹੀ, ਜਦਕਿ ਪਹਿਲਾਂ ਉਪਲਬਧ ਦਵਾਈਆਂ ਨਾਲ ਇਹ ਨਤੀਜੇ ਹਾਸਿਲ ਕਰਨ ਲਈ ਲਗਭਗ 28 ਦਿਨ ਲੱਗਦੇ ਹਨ। ਉਨ੍ਹਾਂ ਇਸ ਖੋਜ ਦੀ ਮਹੱਤਤਾ ਬਾਰੇ ਗੱਲ ਕਰਦਿਆਂ ਕਿਹਾ ਕਿ ਬੱਚਿਆਂ, ਔਰਤਾਂ ਅਤੇ ਗਰਭਵਤੀ ਔਰਤਾਂ ਵਿੱਚ ਅਨੀਮੀਆ ਇੱਕ ਗੰਭੀਰ ਸਿਹਤ ਸਮੱਸਿਆ ਹੈ। ਧਣੀਏ ਆਧਾਰਿਤ ਇਹ ਦਵਾਈ ਕੁਦਰਤੀ ਅਤੇ ਪ੍ਰਭਾਵਸ਼ਾਲੀ ਇਲਾਜ ਵਜੋਂ ਉਭਰ ਕੇ ਸਾਹਮਣੇ ਆਈ ਹੈ। ਉਨ੍ਹਾਂ ਦਾਅਵਾ ਕੀਤਾ ਕਿ ਇਹ ਖੋਜ ਭਵਿੱਖ ਵਿੱਚ ਗਲੋਬਲ ਪੱਧਰ ’ਤੇ ਅਨੀਮੀਆ ਦੇ ਇਲਾਜ ਲਈ ਨਵੀਆਂ ਸੰਭਾਵਨਾਵਾਂ ਪੈਦਾ ਕਰ ਸਕਦੀ ਹੈ। ਉਪ-ਕੁਲਪਤੀ ਡਾ. ਜਗਦੀਪ ਸਿੰਘ ਨੇ ਖੋਜਾਰਥੀ ਅਤੇ ਨਿਗਰਾਨ ਨੂੰ ਵਧਾਈ ਦਿੰਦਿਆਂ ਕਿਹਾ ਕਿ ਇਸ ਤਰ੍ਹਾਂ ਦੀਆਂ ਖੋਜਾਂ ਯੂਨੀਵਰਸਿਟੀ ਦੀ ਅਕਾਦਮਿਕ ਅਤੇ ਸਮਾਜਿਕ ਪ੍ਰਤੀਬੱਧਤਾ ਨੂੰ ਹੋਰ ਮਜ਼ਬੂਤ ਕਰਦੀਆਂ ਹਨ। ਉਨ੍ਹਾਂ ਕਿਹਾ ਕਿ ਕੁਦਰਤੀ ਸਰੋਤਾਂ ’ਤੇ ਆਧਾਰਿਤ ਦਵਾਈਆਂ ਦਾ ਵਿਕਾਸ ਸਮੇਂ ਦੀ ਲੋੜ ਹੈ ਅਤੇ ਪੰਜਾਬੀ ਯੂਨੀਵਰਸਿਟੀ ਵੱਲੋਂ ਇਸ ਦਿਸ਼ਾ ਵਿੱਚ ਨਿਭਾਈ ਜਾ ਰਹੀ ਅਜਿਹੀ ਅਗਾਂਹਵਧੂ ਭੂਮਿਕਾ ਸਲਾਹੁਣਯੋਗ ਹੈ।