ਯੂਨੀਵਰਸਿਟੀ ਕਾਲਜ ਮੀਰਾਂਪੁਰ ਵਿਖੇ ਵਿਦਾਇਗੀ ਸਮਾਰੋਹ ਕਰਵਾਇਆ
ਯੂਨੀਵਰਸਿਟੀ ਕਾਲਜ ਮੀਰਾਂਪੁਰ ਵਿਖੇ ਵਿਦਾਇਗੀ ਸਮਾਰੋਹ ਦਾ ਆਯੋਜਨ
Publish Date: Sat, 25 Apr 2026 04:38 PM (IST)
Updated Date: Sat, 25 Apr 2026 04:40 PM (IST)

ਜੀਐਸ ਮਹਿਰੋਕ, ਪੰਜਾਬੀ ਜਾਗਰਣ, ਦੇਵੀਗਡ਼੍ਹ : ਯੂਨੀਵਰਸਿਟੀ ਕਾਲਜ ਮੀਰਾਂਪੁਰ ਵਿਖੇ ਇੰਚਾਰਜ ਡਾ. ਮਨਪ੍ਰੀਤ ਕੌਰ ਸੋਢੀ ਦੀ ਨਿਗਰਾਨੀ ਤੇ ਧਰਮ ਅਧਿਐਨ ਮੰਚ ਦੇ ਕਨਵੀਨਰ ਡਾ. ਤੇਜਿੰਦਰ ਪਾਲ ਸਿੰਘ ਦੀ ਅਗਵਾਈ ਹੇਠ ਕਾਲਜ ਦੇ ਬੀਏ ਭਾਗ ਦੂਜਾ ਦੇ ਵਿਦਿਆਰਥੀਆਂ ਵੱਲੋਂ ਬੀ.ਏ ਭਾਗ ਤੀਜਾ ਦੇ ਵਿਦਿਆਰਥੀਆਂ ਲਈ ਵਿਦਾਇਗੀ ਸਮਾਰੋਹ ਕੀਤਾ ਗਿਆ। ਇਸ ਮੌਕੇ ਸਮਾਗਮ ਦਾ ਉਦਘਾਟਨ ਕਰਦਿਆਂ ਕਾਲਜ ਇੰਚਾਰਜ ਨੇ ਵਿਦਿਆਰਥੀਆਂ ਤੇ ਸਟਾਫ ਦਾ ਸਵਾਗਤ ਕੀਤਾ। ਉਨ੍ਹਾਂ ਵਿਦਿਆਰਥੀਆਂ ਨੂੰ ਭਵਿੱਖ ਲਈ ਸ਼ੁਭ ਕਾਮਨਾਵਾਂ ਵੀ ਦਿੱਤੀਆਂ। ਉਨ੍ਹਾਂ ਕਿਹਾ ਕਿ ਵਿੱਦਿਅਕ ਸੰਸਥਾਵਾਂ ਅਧਿਆਪਕਾਂ ਅਤੇ ਚੰਗੇ ਵਿਦਿਆਰਥੀਆਂ ਸਦਕਾ ਹੀ ਬੁਲੰਦੀਆਂ ਛੂੰਹਦੀਆਂ ਹਨ। ਇਸ ਮੌਕੇ ਧਰਮ ਅਧਿਐਨ ਮੰਚ ਦੇ ਕਨਵੀਨਰ ਡਾ. ਤੇਜਿੰਦਰ ਪਾਲ ਸਿੰਘ ਨੇ ਕਿਹਾ ਕਿ ਵਿਦਿਆਰਥੀ ਕਿਸੇ ਵੀ ਸੰਸਥਾ ਦਾ ਸਰਮਾਇਆ ਹੁੰਦੇ ਹਨ। ਜਦੋਂ ਵਿਦਿਆਰਥੀ ਕਿਸੇ ਕਾਲਜ ਵਿਚੋਂ ਉਚ-ਸਿੱਖਿਆ ਗ੍ਰਹਿਣ ਕਰਕੇ ਜੀਵਨ ’ਚ ਕਾਮਯਾਬੀ ਹਾਸਲ ਕਰਦੇ ਹਨ ਤਾਂ ਇਸ ਤੋਂ ਵੱਡੀ ਮਾਣ ਵਾਲੀ ਗਲ ਇਕ ਅਧਿਆਪਕ ਲਈ ਹੋਰ ਨਹੀਂ ਹੁੰਦੀ। ਇਸ ਦੌਰਾਨ ਵਿਦਿਆਰਥੀਆਂ ਦੇ ਕਈ ਤਰ੍ਹਾਂ ਦੇ ਮੁਕਾਬਲੇ ਕਰਵਾਏ ਗਏ, ਜਿਨ੍ਹਾਂ ਵਿਚ ਜਾਣ-ਪਛਾਣ; ਕਲਾਤਮਕ ਪੇਸ਼ਕਾਰੀ, ਸਵਾਲ-ਜਵਾਬ ਆਦਿ ਸ਼ਾਮਿਲ ਸਨ। ਇਨ੍ਹਾਂ ਮੁਕਾਬਲਿਆਂ ਦੌਰਾਨ ਲਡ਼ਕਿਆਂ ’ਚੋਂ ਬੀ.ਏ (ਭਾਗ ਤੀਜਾ) ਦਾ ਵਿਦਿਆਰਥੀ ਲਵਪ੍ਰੀਤ ਸਿੰਘ ‘ਮਿਸਟਰ ਫੇਅਰਵੈਲ’ ਚੁਣਿਆ ਗਿਆ। ਇਸੇ ਤਰ੍ਹਾਂ ਲਡ਼ਕੀਆਂ ’ਚੋਂ ਵਿਦਿਆਰਥਣ ਪਰਨੀਤ ਕੌਰ ‘ਮਿਸ ਫੇਅਰਵੈੱਲ’ ਚੁਣੀ ਗਈ। ਸਮਾਰੋਹ ਦੌਰਾਨ ਜਜਮੈਂਟ ਕਰਨ ਦੀ ਭੂਮਿਕਾ ਡਾ. ਹਰਜੀਤ ਕੌਰ ਤੇ ਪ੍ਰੋ. ਜਸਵੀਰ ਕੌਰ ਨੇ ਨਿਭਾਈ। ਸਟੇਜ ਸੰਚਾਲਨ ਦੀ ਭੂਮਿਕਾ ਮਨਪ੍ਰੀਤ ਕੌਰ ਤੇ ਨੈਨਸੀ ਨੇ ਨਿਭਾਈ। ਇਸ ਮੌਕੇ ਕਾਲਜ ਦਾ ਸਮੁਚਾ ਅਧਿਆਪਨ ਅਤੇ ਪ੍ਰਬੰਧਕੀ ਸਟਾਫ ਹਾਜ਼ਰ ਸੀ।