ਕੇਂਦਰੀ ਮੰਤਰੀ ਅਮਿਤ ਸ਼ਾਹ ਦਾ ਫੂਕਿਆ ਪੁਤਲਾ
ਕੇਂਦਰੀ ਮੰਤਰੀ ਅਮਿਤ ਸ਼ਾਹ ਦਾ ਫੂਕਿਆ ਪੁਤਲਾ
Publish Date: Sat, 14 Mar 2026 04:58 PM (IST)
Updated Date: Sun, 15 Mar 2026 04:04 AM (IST)

ਸ਼ੰਭੂ ਗੋਇਲ, ਪੰਜਾਬੀ ਜਾਗਰਣ, ਲਹਿਰਾਗਾਗਾ : ਕਿਸਾਨ ਮਜ਼ਦੂਰ ਮੋਰਚਾ ਦੇ ਸੱਦੇ ਨੂੰ ਸਫਲ ਕਰਨ ਲਈ ਭਾਰਤੀ ਕਿਸਾਨ ਯੂਨੀਅਨ ਏਕਤਾ ਅਜ਼ਾਦ ਜੱਥੇਬੰਦੀ ਵੱਲੋਂ ਲਹਿਰਾ, ਮੂਨਕ ਬਲਾਕ ਵੱਲੋ ਮੋਦੀ ਤੇ ਅਮਿਤ ਸ਼ਾਹ ਦਾ ਪੁਤਲਾ ਮਨਦੀਪ ਸਿੰਘ ਬਲਾਕ ਪ੍ਰਧਾਨ ਦੀ ਅਗਵਾਈ ਵਿੱਚ ਫੂਕਿਆ ਗਿਆ।ਜ਼ਿਲ੍ਹਾ ਆਗੂ ਰਾਜ ਸਿੰਘ ਥੇੜੀ ਅਤੇ ਸੁਖਦੇਵ ਸ਼ਰਮਾ ਭੁਟਾਲ ਖੁਰਦ ਨੇ ਕਿਹਾ, ਕਿ ਇੱਕ ਪਾਸੇ ਪੰਜਾਬ ਵਿੱਚ ਮੋਦੀ ਸਰਕਾਰ ਵੱਲੋਂ ਰੈਲੀਆਂ ਕੀਤੀਆਂ ਜਾਂ ਰਹੀਆਂ, ਦੂਜੇ ਪਾਸੇ ਮੋਦੀ ਸਰਕਾਰ ਖੇਤੀ ਟਰੇਡ ਡੀਲ ਨੂੰ ਲਾਗੂ ਕਰਕੇ ਭਾਰਤ ਦੇ ਕਿਸਾਨਾਂ ਦੀ ਪਿੱਠ ਵਿੱਚ ਛੁਰਾ ਮਾਰ ਰਹੀ ਹੈ। ਖੇਤੀ ਟਰੇਡ ਡੀਲ ਦੇ ਲਾਗੂ ਹੋਣ ਨਾਲ ਪੰਜਾਬ ਦੇ ਕਿਸਾਨਾਂ ਦੀ ਰੀੜ੍ਹ ਦੀ ਹੱਡੀ ਟੁੱਟ ਜਾਵੇਗੀ ਅਤੇ ਖੇਤੀ ਪੂਰੀ ਤਰ੍ਹਾਂ ਤਬਾਹੀ ਦੇ ਕੰਢੇ ਪੁੱਜ ਜਾਣੀ ਹੈ। ਜੇ ਖੇਤੀ ਟਰੇਡ ਡੀਲ ਮੋਦੀ ਸਰਕਾਰ ਨੇ ਰੱਦ ਨਾ ਕੀਤੀ ਤਾਂ ਪੰਜਾਬ ਤੇ ਭਾਰਤ ਦੇ ਲੋਕਾਂ ਵੱਲੋਂ ਤਿੰਨ ਖੇਤੀ ਕਾਨੂੰਨਾਂ ਵਾਂਗ ਵੱਡਾ ਅੰਦੋਲਨ ਖੜਾ ਕੀਤਾ ਜਾਵੇਗਾ। ਪੰਜਾਬ ਸਰਕਾਰ ਵੀ ਮੋਦੀ ਸਰਕਾਰ ਦੀ ਖੇਤੀ ਟਰੇਡ ਡੀਲ ਸਮੇਤ ਸਾਰੇ ਬਿੱਲਾਂ ਨੂੰ ਲਾਗੂ ਕਰਨ ਲਈ ਪੱਬਾਂ ਭਾਰ ਹੋਈ ਬੈਠੀ ਹੈ। ਇਸ ਲਈ ਇਹਨਾਂ ਸਾਰੇ ਬਿੱਲਾਂ ਦਾ ਵਿਰੋਧ ਕਰ ਰਹੀਆਂ ਕਿਸਾਨ ਜਥੇਬੰਦੀਆਂ ਤੇ ਹਮਾਇਤੀ ਲੋਕਾਂ ਤੇ ਪੰਜਾਬ ਨੂੰ ਪੁਲਿਸ ਸਟੇਟ ਬਣਾ ਕੇ ਸੰਘਰਸ਼ ਕਰ ਰਹੀਆਂ ਜਥੇਬੰਦੀਆਂ ਨੂੰ ਜੇਲਾਂ ਵਿੱਚ ਸੁਟਿਆ ਜਾ ਰਿਹਾ ਹੈ ਅਤੇ ਝੂਠੇ ਪਰਚੇ ਦਰਜ ਕੀਤੇ ਜਾ ਰਹੇ ਹਨ। ਆਉਣ ਵਾਲੇ ਦਿਨਾਂ ਵਿੱਚ ਪੰਜਾਬ ਸਰਕਾਰ ਵਿਰੁੱਧ ਕਿਸਾਨ ਮਜ਼ਦੂਰ ਮੋਰਚੇ ਵੱਲੋਂ ਤਕੜਾ ਸੰਘਰਸ਼ ਵਿੱਢਿਆ ਜਾਵੇਗਾ। ਇਸ ਮੌਕੇ ਬਲਜੀਤ ਸਿੰਘ ਗੋਬਿੰਦਗੜ੍ਹ, ਮੁਖਤਿਆਰ ਮੰਡਵੀ, ਹਰਭਗਵਾਨ ਭੁਟਾਲ ਖੁਰਦ, ਬਲਜੀਤ ਬੱਲਰਾ, ਮੰਗੂ ਬੱਲਰਾ ਜਸਵੀਰ ਥੇੜੀ, ਮੁਹੰਬਤ ਮੰਡਵੀ, ਸਤਗੁਰ ਬਸੈਰਾ, ਤਾਰੀ ਗੋਬਿੰਦਗੜ, ਟੋਨੀ ਪਿਸੋਰ, ਦਰਸ਼ਨ ਘੋੜੇਨਬ, ਕਾਲੂ ਚੂਲੜ’ ਪ੍ਰਗਟ ਚੋਟੀਆਂ, ਸਤਨਾਮ ਹਰਿਆਊ ਬੱਬੂ ਮੂਨਕ ਹਾਜ਼ਰ ਸਨ।