ਬੇਰੁਜਗਾਰ ਅੱਜ ਮੰਗਣਗੇ ਸੀਐੱਮ ਕੋਠੀ ਅੱਗੇ ਰੁਜਗਾਰ ਦੀ ਲੋਹੜੀ
ਬੇਰੁਜਗਾਰ ਅੱਜ ਮੰਗਣਗੇ ਸੀਐੱਮ ਕੋਠੀ ਅੱਗੇ ਰੁਜਗਾਰ ਦੀ ਲੋਹੜੀ
Publish Date: Sat, 10 Jan 2026 04:53 PM (IST)
Updated Date: Sun, 11 Jan 2026 04:03 AM (IST)

ਡੀਸੀ ਦਫ਼ਤਰ ਅੱਗੇ ਬੇਰੁਜ਼ਗਾਰਾਂ ਦਾ ਪੱਕਾ ਮੋਰਚਾ 17 ਦਿਨਾਂ ਤੋਂ ਜਾਰੀ ਜਸਵੀਰ ਸਿੰਘ, ਪੰਜਾਬੀ ਜਾਗਰਣ, ਸੰਗਰੂਰ : ਪਿਛਲੇ 17 ਦਿਨਾਂ ਤੋਂ ਕੜਾਕੇ ਦੀ ਠੰਢ ਵਿਚ ਡੀਸੀ ਦਫ਼ਤਰ ਅੱਗੇ ਰੁਜ਼ਗਾਰ ਦੀ ਮੰਗ ਨੂੰ ਲੈ ਕੇ ਪੱਕਾ ਮੋਰਚਾ ਲਾਈ ਬੈਠੇ ਬੇਰੁਜ਼ਗਾਰ 11 ਜਨਵਰੀ ਨੂੰ ਮੁੱਖ ਮੰਤਰੀ ਦੀ ਕੋਠੀ ਮੂਹਰੇ ਜਾ ਕੇ ਰੁਜ਼ਗਾਰ ਦੀ ਲੋਹੜੀ ਮੰਗਣਗੇ। ਬੇਰੁਜ਼ਗਾਰ ਸਾਂਝਾ ਮੋਰਚਾ ਦੇ ਆਗੂ ਸੁਖਵਿੰਦਰ ਸਿੰਘ ਢਿੱਲਵਾਂ, ਰਮਨ ਕੁਮਾਰ ਮਲੋਟ, ਹਰਜਿੰਦਰ ਸਿੰਘ ਝੁਨੀਰ ਤੇ ਅਮਨ ਸੇਖਾ ਨੇ ਦੱਸਿਆ ਕਿ ਉਹ ਸ਼ਾਂਤਮਈ ਤਰੀਕੇ ਨਾਲ ਪਿਛਲੇ ਕਰੀਬ ਢਾਈ ਹਫ਼ਤਿਆਂ ਤੋਂ ਅੱਤ ਦੀ ਸਰਦੀ ਵਿਚ ਬੈਠੇ ਹੋਏ ਹਨ। ਪ੍ਰੰਤੂ ਅਫ਼ਸੋਸ ਕਿ ਲੋਕਾਂ ਦੀ ਸਰਕਾਰ ਅਖਵਾਉਣ ਵਾਲੀ ਪੰਜਾਬ ਸਰਕਾਰ ਨੇ ਅਸਾਮੀਆਂ ਜਾਰੀ ਕਰਨਾ ਦੂਰ, ਸਗੋ ਇਕ ਵੀ ਮੀਟਿੰਗ ਬੇਰੁਜ਼ਗਾਰਾਂ ਨਾਲ ਨਹੀਂ ਕੀਤੀ। ਆਪਣੇ ਚੋਣ ਮਨੋਰਥ ਪੱਤਰ ਵਿਚ ਆਮ ਆਦਮੀ ਪਾਰਟੀ ਨੇ ਭਰਤੀ ਕੈਲੰਡਰ ਲਾਗੂ ਕਰਨ ਦਾ ਵਾਅਦਾ ਤੇ ਰੁਜ਼ਗਾਰ ਉਡੀਕਦੇ ਉਮਰ ਸੀਮਾ ਲੰਘਾ ਚੁੱਕੇ ਬੇਰੁਜ਼ਗਾਰਾਂ ਲਈ ਉਪਰਲੀ ਉਮਰ ਸੀਮਾ ਵਿਚ ਛੋਟ ਦੇਣ ਦਾ ਵਾਅਦਾ ਕੀਤਾ ਸੀ। ਪ੍ਰੰਤੂ ਪਿਛਲੀਆਂ ਸਰਕਾਰਾਂ ਮੌਕੇ ਉਮਰਾਂ ਪੁਗਾ ਚੁੱਕਿਆ ਦੀ ਗੱਲ ਤਾਂ ਦੂਰ ਰਹੀ ਸਗੋ ਇਸ ਸਰਕਾਰ ਦੇ ਪੌਣੇ 4 ਸਾਲਾਂ ਵਿਚ ਵੱਡੀ ਗਿਣਤੀ ਬੇਰੁਜ਼ਗਾਰ ਉਮਰਾਂ ਲੰਘਾ ਚੁੱਕੇ ਹਨ ਜਿਸਦੀ ਸਿੱਧੀ ਜਿੰਮੇਵਾਰੀ ਆਮ ਆਦਮੀ ਪਾਰਟੀ ਦੀ ਸਰਕਾਰ ਸਿਰ ਜਾਂਦੀ ਹੈ। ਉਨ੍ਹਾਂ ਕਿਹਾ ਕਿ ਪਿਛਲੀਆਂ ਤਿੰਨ ਲੋਹੜੀਆਂ ਤੋ ਇਲਾਵਾ ਸਾਰੇ ਤਿਉਹਾਰ ਖਾਲੀ ਲੰਘ ਚੁੱਕੇ ਹਨ, ਪੰਜਾਬ ਸਰਕਾਰ ਵੱਲੋਂ ਬੇਰੁਜ਼ਗਾਰਾਂ ਨੂੰ ਰੁਜ਼ਗਾਰ ਨਹੀਂ ਦਿੱਤਾ। ਇਸ ਲਈ ਇਸ ਵਾਰ ਉਹ ਲੋਹੜੀ ਮੌਕੇ 11 ਜਨਵਰੀ ਨੂੰ ਮੁੱਖ ਮੰਤਰੀ ਦੀ ਕੋਠੀ ਅੱਗੇ ਜਾ ਕੇ ਰੁਜ਼ਗਾਰ ਦੀ ਲੋਹੜੀ ਮੰਗਣਗੇ। ਉਨ੍ਹਾਂ ਮਾਸਟਰ ਕੇਡਰ, ਲੈਕਚਰਾਰ ਅਤੇ ਸਹਾਇਕ ਪ੍ਰੋਫ਼ੈਸਰ ਦੀਆਂ ਸਾਰੀਆਂ ਖਾਲੀ ਅਸਾਮੀਆਂ ਉਮਰ ਹੱਦ ਛੋਟ ਦੇ ਕੇ ਜਾਰੀ ਕਰਨ, ਮਾਸਟਰ ਕੇਡਰ ਵਿਚ ਥੋਪੀ ਬੇਤੁਕੀ 55 ਫੀਸਦੀ ਲਾਜ਼ਮੀ ਅੰਕਾਂ ਦੀ ਸ਼ਰਤ ਰੱਦ ਕਰਨ, ਆਰਟ ਐਂਡ ਕਰਾਫਟ ਦੀਆਂ 250 ਅਸਾਮੀਆਂ ਦੀ ਲਿਖਤੀ ਪ੍ਰੀਖਿਆ ਫੌਰੀ ਮੁਕੰਮਲ ਕਰਨ ਤੇ ਮਲਟੀ ਪਰਪਜ਼ ਹੈਲਥ ਵਰਕਰ ਪੁਰਸ਼ ਦੀਆਂ ਸਾਰੀਆਂ ਖਾਲੀ ਅਸਾਮੀਆਂ ਉਮਰ ਹੱਦ ਛੋਟ ਦੇ ਕੇ ਜਾਰੀ ਕਰਨ ਦੀ ਮੰਗ ਕੀਤੀ। ਇਸ ਮੌਕੇ ਜੱਸੀ ਪਟਿਆਲਾ, ਗੁਰਪਰੀਤ ਸਿੰਘ ਪੱਕਾ, ਸੰਦੀਪ ਮੋਫ਼ਰ, ਮੁਨੀਸ਼ ਕੁਮਾਰ ਫਾਜ਼ਿਲਕਾ, ਸੁਖਪਾਲ ਖਾਨ, ਅਮਨਦੀਪ ਕੌਰ, ਰਾਜਵੀਰ ਕੌਰ ਹਾਜ਼ਰ ਸਨ।