ਪੰਜਾਬ ਸਰਕਾਰ ਖ਼ਿਲਾਫ਼ ਬੇਰੁਜਗਾਰਾਂ ਨੇ ਕੀਤਾ ਰੋਸ ਪ੍ਰਦਰਸ਼ਨ
ਪੰਜਾਬ ਸਰਕਾਰ ਖ਼ਿਲਾਫ਼ ਬੇਰੁਜਗਾਰਾਂ ਕੀਤਾ ਰੋਸ ਪ੍ਰਦਰਸ਼ਨ
Publish Date: Sun, 15 Mar 2026 04:38 PM (IST)
Updated Date: Mon, 16 Mar 2026 04:04 AM (IST)

ਅਧਿਆਪਕਾਂ ’ਤੇ ਲਾਠੀਚਾਰਜ ਦੀ ਨਿਖੇਧੀ, 23 ਮਾਰਚ ਨੂੰ ਸੀਐੱਮ ਕੋਠੀ ਜਾਣਗੇ ਬੇਰੁਜ਼ਗਾਰ ਜਸਵੀਰ ਸਿੰਘ, ਪੰਜਾਬੀ ਜਾਗਰਣ, ਸੰਗਰੂਰ : ਮਹਿਲਾਵਾਂ ਪ੍ਰਤੀ ਵਰਤੀ ਗਈ ਗੈਰ-ਮਿਆਰੀ ਸ਼ਬਦਾਵਲੀ ਤੇ ਆਪਣੀਆਂ ਮੰਗਾਂ ਲਈ ਪੰਜਾਬ ਵਿਧਾਨ ਸਭਾ ਵੱਲ ਮਾਰਚ ਕਰ ਰਹੀਆਂ ਜਥੇਬੰਦੀਆਂ ’ਤੇ ਕੀਤੇ ਤਸ਼ੱਦਦ ਖ਼ਿਲਾਫ਼ ਬੇਰੁਜ਼ਗਾਰ ਸਾਂਝੇ ਮੋਰਚੇ ਵੱਲੋਂ ਐਤਵਾਰ ਨੂੰ ਸ਼ਹਿਰ ਦੀਆਂ ਬਰਨਾਲਾ ਕੈਂਚੀਆਂ ਤੇ ਮੁੱਖ ਮੰਤਰੀ ਭਗਵੰਤ ਮਾਨ ਦਾ ਪੁਤਲਾ ਫੂਕ ਕੇ ਰੋਸ ਪ੍ਰਦਰਸ਼ਨ ਕੀਤਾ। ਬੇਰੁਜ਼ਗਾਰ ਸਾਂਝਾ ਮੋਰਚਾ ਦੇ ਕਨਵੀਨਰ ਸੁਖਵਿੰਦਰ ਸਿੰਘ ਢਿੱਲਵਾ ਤੇ ਅਮਨ ਸੇਖਾ ਦੀ ਅਗਵਾਈ ਵਿਚ ਬੇਰੁਜ਼ਗਾਰ ਪੱਕੇ ਮੋਰਚੇ ਤੋਂ 81ਵੇਂ ਦਿਨ ਰੋਸ ਮਾਰਚ ਕਰਦੇ ਹੋਏ ਬਰਨਾਲਾ ਕੈਂਚੀਆ ਪਹੁੰਚੇ ਤੇ ਪੁਤਲਾ ਫੂਕ ਕਿ ਨਾਅਰੇਬਾਜ਼ੀ ਕੀਤੀ। ਬੇਰੁਜ਼ਗਾਰ ਆਗੂਆਂ ਨੇ ਮੁੱਖ ਮੰਤਰੀ ਸਮੇਤ ਹੋਰ ਆਗੂਆਂ ਵੱਲੋਂ ਪੰਜਾਬ ਦੀਆਂ ਔਰਤਾਂ ਲਈ ਵਰਤੀ ਭੱਦੀ ਸ਼ਬਦਾਵਦੀ ਲਈ ਜਨਤਕ ਤੌਰ ’ਤੇ ਮੁਆਫੀ ਮੰਗਣ ਦੀ ਗੱਲ ਕੀਤੀ। ਇਸ ਮੌਕੇ ਬੇਰੁਜ਼ਗਾਰ ਲੜਕੀਆਂ ਰਾਜਵੀਰ ਕੌਰ ਤੇ ਛਿੰਦਰਪਾਲ ਕੌਰ ਨੇ ਪੰਜਾਬ ਸਰਕਾਰ ਵੱਲੋਂ ਪੰਜਾਬ ਦੀਆਂ ਮਹਿਲਾਵਾਂ ਨੂੰ ਦਿੱਤੀ ਜਾ ਰਹੀ ਭੀਖ ਦੀ ਬਜਾਏ ਯੋਗਤਾ ਅਨੁਸਾਰ ਰੁਜ਼ਗਾਰ ਦੇਣ ਦੀ ਮੰਗ ਕੀਤੀ। ਬੁਲਾਰਿਆਂ ਨੇ ਮਾਸਟਰ ਕੇਡਰ ਤੇ ਲੈਕਚਰਹਾਰ ਦਾ ਇਸ਼ਤਿਹਾਰ 55 ਫੀਸਦੀ ਰੱਦ ਕਰਕੇ ਤੇ ਉਮਰ ਹੱਦ ਛੋਟ ਦੇ ਕੇ ਇਸ਼ਤਿਹਾਰ ਜਾਰੀ ਕਰਨ, ਆਰਟ ਐਂਡ ਕਰਾਫਟ ਦੀ ਲਿਖਤੀ ਪ੍ਰੀਖਿਆਂ ਲੈਣ ਤੇ ਮਲਟੀਪਰਪਜ਼ ਹੈਲਥ ਵਰਕਰ ਪੁਰਸ਼ ਦੀਆਂ ਸਾਰੀਆਂ ਖਾਲੀ ਆਸਾਮੀਆਂ ਦਾ ਇਸ਼ਤਿਹਾਰ ਉਮਰ ਹੱਦ ਸਮੇਤ ਜਾਰੀ ਕਰਨ ਦੀ ਮੰਗ ਕੀਤੀ। ਇਸ ਮੌਕੇ ਬੇਰੁਜ਼ਗਾਰਾ ਨੇ ਐਲਾਨ ਕੀਤਾ ਕਿ ਜੇਕਰ ਆਉਂਦੇ ਕੁਝ ਦਿਨਾਂ ਵਿਚ ਬੇਰੁਜ਼ਗਾਰਾ ਦੀਆਂ ਉਕਤ ਮੰਗਾਂ ਨਾ ਪੂਰੀਆਂ ਕੀਤੀਆਂ ਤਾਂ ਉਹ ਸ਼ਹੀਦਾ ਦਾ ਸ਼ਹੀਦੀ ਦਿਹਾੜਾ ਮੁੱਖ ਮੰਤਰੀ ਦੀ ਕੋਠੀ ਅੱਗੇ ਮਨਾਉਣਗੇ। ਇਸ ਮੌਕੇ ਗੁਰਪ੍ਰੀਤ ਸਿੰਘ, ਜੋਨੀ ਭੀਖੀ, ਗੁਰਸੇਵਕ ਕੋਟਲੀ, ਗੁਰਪ੍ਰੀਤ ਗਾਜੀਪੁਰ, ਸੁਖਪਾਲ ਖਾਨ, ਰਣਜੀਤ ਮੌੜ, ਮਨਦੀਪ ਮੰਗਵਾਲ, ਗੁਰਵੀਰ ਮੰਗਵਾਲ, ਗੁਰਪ੍ਰੀਤ ਧੂਰੀ, ਬੌਬੀ ਹੀਰੋ ਕਲਾਂ, ਮਨਦੀਪ ਭੱਦਲਵੱਢ, ਜਸਪਾਲ ਲਹਿਰਾ ਹਾਜ਼ਰ ਸਨ।