ਬੇਰੁਜ਼ਗਾਰਾਂ ਦੇ ਗੁੱਸੇ ’ਚ ਉਬਾਲ, ਮੀਟਿੰਗ ਰੱਦ ਤੋਂ ਹੋਏ ਖਫ਼ਾ
ਬੇਰੁਜ਼ਗਾਰਾਂ ਦੇ ਗੁੱਸੇ ’ਚ ਉਬਾਲ, ਮੀਟਿੰਗ ਰੱਦ ਤੋ ਹੋਏ ਖਫ਼ਾ
Publish Date: Thu, 05 Feb 2026 06:45 PM (IST)
Updated Date: Fri, 06 Feb 2026 04:06 AM (IST)

ਰੋਸ ਮਾਰਚ ਕਰ ਕੇ ਸਰਕਾਰ ਦੀ ਅਰਥੀ ਫੂਕੀ ਬਲਜਿੰਦਰ ਸਿੰਘ ਮਿੱਠਾ, ਪੰਜਾਬੀ ਜਾਗਰਣ, ਸੰਗਰੂਰ : ਪਿਛਲੇ 43 ਦਿਨਾਂ ਤੋਂ ਸਥਾਨਕ ਡੀਸੀ ਦਫ਼ਤਰ ਸਾਹਮਣੇ ਪੱਕਾ ਮੋਰਚਾ ਲਾ ਕੇ ਬੈਠੇ ਬੇਰੁਜ਼ਗਾਰਾਂ ਨੇ ਮੀਟਿੰਗ ਰੱਦ ਹੋਣ ਤੋਂ ਖ਼ਫ਼ਾ ਹੋ ਕੇ ਰੋਸ ਪ੍ਰਦਰਸ਼ਨ ਕੀਤਾ ਤੇ ਪੰਜਾਬ ਸਰਕਾਰ ਦੀ ਅਰਥੀ ਫੂਕਦਿਆਂ ਨਾਅਰੇਬਾਜ਼ੀ ਕੀਤੀ। ਬੇਰੁਜ਼ਗਾਰ ਸਾਂਝੇ ਮੋਰਚੇ ਦੇ ਸੂਬਾ ਕਨਵੀਨਰ ਸੁਖਵਿੰਦਰ ਸਿੰਘ ਢਿੱਲਵਾਂ ਨੇ ਦੱਸਿਆ ਕਿ ਉਹ ਆਪਣੀਆਂ ਮੰਗਾਂ ਸਿੱਖਿਆ ਅਤੇ ਸਿਹਤ ਵਿਭਾਗ ਵਿੱਚ ਭਰਤੀ, ਉਮਰ ਹੱਦ ਛੋਟ, ਮਾਸਟਰ ਕੇਡਰ ਵਿਚ ਲਾਜ਼ਮੀਂ ਅੰਕਾਂ ਦੀ ਸ਼ਰਤ 55 ਫੀਸਦੀ ਰੱਦ ਕਰਵਾਉਣ ਵਰਗੀਆਂ ਮੰਗਾਂ ਨੂੰ ਲੈ ਕੇ ਬੈਠੇ ਹੋਏ ਹਨ। ਪਰੰਤੂ ਕਰੀਬ ਡੇਢ ਮਹੀਨੇ ਵਿਚ ਮੁੱਖ ਮੰਤਰੀ, ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਜਾਂ ਸਿਹਤ ਮੰਤਰੀ ਡਾ. ਬਲਵੀਰ ਸਿੰਘ ਵੱਲੋਂ ਇੱਕ ਵੀ ਮੀਟਿੰਗ ਉਨ੍ਹਾਂ ਦੀਆਂ ਮੰਗਾਂ ਸਬੰਧੀ ਨਹੀਂ ਕੀਤੀ ਗਈ। ਸਥਾਨਕ ਪ੍ਰਸ਼ਾਸਨ ਨੇ ਅਨੇਕ ਵਾਰ ਲਿਖਤੀ ਅਤੇ ਜ਼ੁਬਾਨੀ ਮੀਟਿੰਗਾਂ ਦੇ ਭਰੋਸੇ ਦਿੱਤੇ ਹਨ, ਜਿਹੜੇ ਕਿ ਅਕਸਰ ਹੀ ਲਾਰਾ ਸਾਬਤ ਹੁੰਦੇ ਆ ਰਹੇ ਹਨ। ਪਿਛਲੇ ਦਿਨੀਂ ਬੇਰੁਜ਼ਗਾਰਾਂ ਨੂੰ 5 ਫਰਵਰੀ ਦੀ ਸਬ ਕਮੇਟੀ ਨਾਲ ਪੈਨਲ ਮੀਟਿੰਗ ਸਬੰਧੀ ਭਰੋਸਾ ਮਿਲਿਆ ਸੀ ਜਿਹੜਾ ਕਿ ਫੇਰ ਝੂਠਾ ਨਿਕਲਿਆ ਹੈ। ਇਸ ਲਈ ਖ਼ਫ਼ਾ ਬੇਰੁਜ਼ਗਾਰਾਂ ਨੇ ਸਥਾਨਕ ਡੀਸੀ ਦਫ਼ਤਰ ਤੋਂ ਰੋਸ ਮਾਰਚ ਕਰਦੇ ਹੋਏ ਬਰਨਾਲਾ ਕੈਂਚੀਆਂ ਤੇ ਧੂਰੀ ਰੋਡ ਉੱਪਰ ਬਣੇ ਓਵਰ ਬ੍ਰਿਜ ਨੇੜੇ ਅਰਥੀ ਫੂਕ ਕੇ ਰੋਸ ਪ੍ਰਦਰਸ਼ਨ ਕੀਤਾ। ਉਨ੍ਹਾਂ ਦੋਸ਼ ਲਾਇਆ ਕਿ ਸਿੱਖਿਆ ਵਿਭਾਗ ’ਚ ਆਰਟ ਐਂਡ ਕਰਾਫਟ ਦੀਆਂ 250 ਪੋਸਟਾਂ ਦੀ ਲਿਖਤੀ ਪ੍ਰੀਖਿਆ ਤੇ ਸਿਹਤ ਵਿਭਾਗ ਵਿਚ ਮਲਟੀ ਪਰਪਜ਼ ਹੈਲਥ ਵਰਕਰ (ਪੁਰਸ਼) ਦੀਆਂ ਸਾਰੀਆਂ ਖਾਲੀ ਅਸਾਮੀਆਂ ਉਮਰ ਹੱਦ ਛੋਟ ਸਮੇਤ ਜਾਰੀ ਕਰਨ ਤੋਂ ਸਰਕਾਰ ਭੱਜ ਚੁੱਕੀ ਹੈ। ਜੇਕਰ ਆਉਂਦੇ ਦਿਨਾਂ ਵਿਚ ਬੇਰੁਜ਼ਗਾਰਾਂ ਦੀ ਸਾਰ ਨਾ ਲਈ ਗਈ ਤਾਂ ਉਹ ਮੁੱਖ ਮੰਤਰੀ ਦੀ ਕੋਠੀ ਵੱਲ ਨੂੰ ਕੂਚ ਕਰਨਗੇ। ਇਸ ਮੌਕੇ ਜਸਪਾਲ ਸਿੰਘ ਲਹਿਰਾਗਾਗਾ, ਗੁਰਪ੍ਰੀਤ ਸਿੰਘ ਗਾਜੀਪੁਰ, ਗੁਰਵੀਰ ਸਿੰਘ ਮੰਗਵਾਲ, ਬਲਦੇਵ ਸਿੰਘ, ਰਣਜੀਤ ਸਿੰਘ, ਗੁਰਦੀਪ ਸਿੰਘ, ਲਖਵੀਰ ਸਿੰਘ, ਅਮਨਦੀਪ ਕੌਰ, ਰਾਜਵੀਰ ਕੌਰ, ਮਨਜੀਤ ਕੌਰ, ਗੁਰਜੀਤ ਕੌਰ ਤਪਾ ਮੰਡੀ, ਮਨਦੀਪ ਸਿੰਘ ਭੱਦਲ ਵੱਢ, ਬਲਵਿੰਦਰ ਸਿੰਘ ਫਾਜ਼ਿਲਕਾ, ਲਖਵਿੰਦਰ ਸਿੰਘ ਮੱਖੂ, ਮਨਜੀਤ ਉਪਲੀ, ਕੁਲਦੀਪ ਸਿੰਘ ਪੁੰਨਾਵਾਲ, ਮਨਜਿੰਦਰ ਕੌਰ ਅਤੇ ਕੁਲਵੀਰ ਕੌਰ ਰਾਜਗੜ੍ਹ ਕੁੱਬੇ ਹਾਜ਼ਰ ਸਨ।