ਬੇਰੁਜਗਾਰਾਂ ਨੇ ਸੰਗਰੂਰ ’ਚ ਕੱਢਿਆ ਰੋਸ ਮਾਰਚ, ਨਾਅਰੇਬਾਜ਼ੀ
ਬੇਰੁਜਗਾਰਾਂ ਨੇ ਸੰਗਰੂਰ ’ਚ ਕੱਢਿਆ ਰੋਸ ਮਾਰਚ, ਨਾਅਰੇਬਾਜ਼ੀ
Publish Date: Sun, 04 Jan 2026 05:41 PM (IST)
Updated Date: Mon, 05 Jan 2026 04:08 AM (IST)

13 ਹਜ਼ਾਰ ਅਧਿਆਪਕ ਭਰਤੀ ਨੂੰ ਬੇਰੁਜ਼ਗਾਰਾਂ ਨੇ ਜਾਅਲੀ ਆਖਿਆ ਡੀਸੀ ਦਫਤਰ ਅੱਗੇ ਬੇਰੁਜਗਾਰਾਂ ਪੱਕਾ ਮੋਰਚਾ 11ਵੇਂ ਦਿਨ ਵੀ ਰਿਹਾ ਜਾਰੀ ਜਸਵੀਰ ਸਿੰਘ, ਪੰਜਾਬੀ ਜਾਗਰਣ, ਸੰਗਰੂਰ : ਬੀਤੇ ਦਿਨੀਂ ਮੁੱਖ ਮੰਤਰੀ ਭਗਵੰਤ ਮਾਨ ਅਤੇ ਸਿੱਖਿਆ ਮੰਤਰੀ ਹਰਜੋਤ ਬੈਂਸ ਵੱਲੋ ਸਿੱਖਿਆ ਵਿਭਾਗ ਵਿਚ 13,765 ਅਧਿਆਪਕ ਭਰਤੀ ਕਰਨ ਦੇ ਕੀਤੇ ਦਾਅਵੇ ਉੱਤੇ ਪ੍ਰਤੀਕਿਰਿਆ ਜ਼ਾਹਰ ਕਰਦਿਆਂ ਬੇਰੁਜਗਾਰਾਂ ਨੇ ਇਸ ਨੂੰ ਝੂਠ ਅਤੇ ਜਾਅਲੀ ਦੱਸਿਆ। ਸਥਾਨਕ ਡੀਸੀ ਦਫ਼ਤਰ ਅੱਗੇ ਚੱਲਦੇ ਪੱਕੇ ਮੋਰਚੇ ਦੇ ਗਿਆਰ੍ਹਵੇਂ ਦਿਨ ਬੇਰੁਜ਼ਗਾਰ ਸਾਂਝੇ ਮੋਰਚੇ ਦੇ ਕਾਰਕੁਨਾਂ ਨੇ ਸੂਬਾ ਆਗੂ ਸੁਖਵਿੰਦਰ ਸਿੰਘ ਢਿੱਲਵਾਂ, ਰਮਨ ਕੁਮਾਰ ਮਲੋਟ ਅਤੇ ਅਮਨ ਸੇਖਾ ਦੀ ਅਗਵਾਈ ਵਿਚ ਤਖਤੀਆਂ ਫੜ੍ਹ ਕੇ ਨਾਅਰੇ ਲਾਉਂਦੇ ਹੋਏ ਬਰਨਾਲਾ ਕੈਂਚੀਆਂ ਤਕ ਰੋਸ ਮਾਰਚ ਕੀਤਾ ਤੇ ਚੌਕ ਵਿਚ ਖੜ੍ਹ ਕੇ ਰਾਹਗੀਰਾਂ ਨੂੰ ਪੰਜਾਬ ਸਰਕਾਰ ਦੀ ਅਧਿਆਪਕ ਭਰਤੀ ਪ੍ਰਾਪਤੀ ਖ਼ਿਲਾਫ਼ ਆਪਣੇ ਤਰਕਾਂ ਰਾਹੀਂ ਜਾਣੂ ਕਰਵਾਇਆ। ਉਨ੍ਹਾਂ ਦੱਸਿਆ ਕਿ 16 ਮਾਰਚ 2022 ਤੋਂ ਅੱਜ ਤਕ ਇਕ ਵੀ ਨਵੀਂ ਅਸਾਮੀ ਸਿੱਖਿਆ ਵਿਭਾਗ ਵਿਚ ਜਾਰੀ ਨਹੀਂ ਕੀਤੀ ਗਈ, ਜਦਕਿ 343 ਲੈਕਚਰਾਰ, 646 ਪੀਟੀਆਈ, 343 ਸਿਹਤ ਵਿਭਾਗ ਵਿਚ ਮਾਨਸਿਕ ਰੋਗਾਂ ਦੇ ਡਾਕਟਰਾਂ ਦੀ ਸਮੇਤ ਅਨੇਕ ਭਰਤੀਆਂ ਰੱਦ ਜ਼ਰੂਰ ਕੀਤੀਆਂ ਹਨ। ਉਨ੍ਹਾਂ ਦੱਸਿਆ ਕਿ ਜਿਹੜੇ ਅਧਿਆਪਕਾਂ ਨੂੰ ਨਿਯੁਕਤੀ ਪੱਤਰ ਦੇ ਕੇ ਪੰਜਾਬ ਸਰਕਾਰ ਆਪਣੀ ਪਿੱਠ ਥਾਪੜ ਰਹੀ ਹੈ, ਇਹ ਭਰਤੀਆਂ ਬੇਰੁਜ਼ਗਾਰਾਂ ਨੇ ਪਿਛਲੀ ਕਾਂਗਰਸ ਸਰਕਾਰ ਤੋਂ ਸੰਘਰਸ਼ ਕਰਕੇ ਪ੍ਰਾਪਤ ਕੀਤੀਆਂ ਸਨ। ਉਨ੍ਹਾਂ ਇਸ ਮੁੱਦੇ ’ਤੇ ਜਨਤਕ ਬਹਿਸ ਕਰਨ ਦੀ ਖੁੱਲ੍ਹੀ ਚਿਤਾਵਨੀ ਦਿੰਦਿਆਂ ਕਿਹਾ ਕਿ ਇਹ ਭਰਤੀਆਂ ਆਮ ਆਦਮੀ ਪਾਰਟੀ ਸਰਕਾਰ ਦੀ ਪ੍ਰਾਪਤੀ ਨਹੀਂ ਸਗੋ ਨਾਕਾਮੀ ਹੈ, ਜਿਹੜੀ ਕਿ ਪੌਣੇ ਚਾਰ ਸਾਲਾਂ ਵਿਚ ਭਰਤੀਆਂ ਮੁਕੰਮਲ ਨਹੀਂ ਕਰ ਸਕੀ। ਉਨ੍ਹਾਂ ਖੁੱਲ੍ਹਾ ਸੱਦਾ ਦਿੱਤਾ ਕਿ ਪੰਜਾਬ ਸਰਕਾਰ ਐੱਨਟੀਟੀ, ਈਟੀਟੀ, ਮਾਸਟਰ ਕੇਡਰ, ਲੈਕਚਰਾਰ ਤੇ ਸਹਾਇਕ ਪ੍ਰੋਫ਼ੈਸਰ ਦੀ ਇਕ ਵੀ ਨਵੀਂ ਅਸਾਮੀ ਦਾ ਇਸ਼ਤਿਹਾਰ ਜਨਤਕ ਕਰੇ। ਉਨ੍ਹਾਂ ਪੰਜਾਬ ਸਰਕਾਰ ਉੱਤੇ ਉਮਰ ਹੱਦ ਛੋਟ ਦੇਣ ਤੇ 55 ਫੀਸਦੀ ਅੰਕਾਂ ਬੇਤੁਕੀ ਸ਼ਰਤ ਰੱਦ ਕਰਨ ਤੋਂ ਮੁਨਕਰ ਹੋਣ ਦੇ ਦੋਸ਼ ਲਾਏ। ਉਨ੍ਹਾਂ ਦੱਸਿਆ ਕਿ 11 ਜਨਵਰੀ ਨੂੰ ਬੇਰੁਜ਼ਗਾਰ ਸਥਾਨਕ ਮੁੱਖ ਮੰਤਰੀ ਦੀ ਕੋਠੀ ਅੱਗੇ ਜਾਕੇ ਰੁਜ਼ਗਾਰ ਦੀ ਲੋਹੜੀ ਮੰਗਣਗੇ। ਇਸ ਮੌਕੇ ਗੁਰਦੀਪ ਰਾਮਗੜ੍ਹ, ਅਮਨਦੀਪ ਸਿੰਘ, ਜਸਵੰਤ ਸਿੰਘ, ਅਵਤਾਰ ਸਿੰਘ ਹਰੀਗੜ੍ਹ, ਨਰਿੰਦਰਪਾਲ ਸਿੰਘ ਮੁਕਤਸਰ, ਪ੍ਰੀਤਇੰਦਰ ਸੁਨਾਮ, ਤਾਹਿਰਾ ਸਰਾ ਮਾਲੇਰਕੋਟਲਾ, ਰਾਜਬੀਰ, ਲਖਵੀਰ ਕੌਰ, ਅਵਤਾਰ ਸਿੰਘ ਭੁੱਲਰ ਹੇੜੀ, ਮਨਦੀਪ ਸਿੰਘ ਭੱਦਲ ਵੱਢ, ਮਨਜੀਤ ਸਿੰਘ ਉੱਪਲੀ, ਸਸਪਾਲ ਸੁਨਾਮ, ਪਰਮਜੀਤ ਕੌਰ ਬੰਗਾਂ ਵਾਲੀ, ਗੁਰਪ੍ਰੀਤ ਸਿੰਘ ਧੂਰੀ,ਲਲਿਤਾ ਪਟਿਆਲਾ, ਭੁਪਿੰਦਰ ਸਿੰਘ ਭਵਾਨੀਗੜ੍ਹ, ਜਸਵਿੰਦਰ ਸ਼ਾਹਪੁਰ ਅਤੇ ਅਮਨਦੀਪ ਕੌਰ ਹਾਜ਼ਰ ਸਨ।