ਬੇਰੁਜ਼ਗਾਰਾਂ ਨੇ ਮੂੰਹ ’ਤੇ ਕਾਲੀਆਂ ਪੱਟੀਆਂ ਬੰਨ੍ਹਕੇ ਕੀਤਾ ਪ੍ਰਦਰਸ਼ਨ
ਬੇਰੁਜ਼ਗਾਰਾਂ ਨੇ ਮੂੰਹ ਤੇ ਕਾਲੀਆਂ ਪੱਟੀਆਂ ਬੰਨਕੇ ਕੀਤਾ ਪ੍ਰਦਰਸ਼ਨ
Publish Date: Sat, 03 Jan 2026 06:00 PM (IST)
Updated Date: Sun, 04 Jan 2026 04:09 AM (IST)

ਜਸਵੀਰ ਸਿੰਘ, ਪੰਜਾਬੀ ਜਾਗਰਣ, ਸੰਗਰੂਰ : ਪੰਜਾਬ ਸਰਕਾਰ ਨੂੰ ਸ਼ਾਇਦ ਬੇਰੁਜ਼ਗਾਰਾਂ ਦੀ ਆਵਾਜ਼ ਸੁਣਾਈ ਨਹੀਂ ਦਿੰਦੀ ਇਸ ਲਈ ਸ਼ਨਿੱਚਰਵਾਰ ਨੂੰ ਪੱਕੇ ਮੋਰਚੇ ਦੇ 10ਵੇਂ ਦਿਨ ਬੇਰੁਜ਼ਗਾਰਾਂ ਨੇ ਆਪਣੇ ਮੂੰਹਾਂ ’ਤੇ ਕਾਲੀਆਂ ਪੱਟੀਆਂ ਬੰਨ੍ਹ ਕੇ ਖਾਮੋਸ਼ ਵਰਤ ਰੱਖਕੇ ਆਪਣਾ ਰੋਸ ਪ੍ਰਗਟਾਇਆ। ਬੇਰੁਜ਼ਗਾਰ ਸਾਂਝੇ ਮੋਰਚੇ ਦੇ ਆਗੂਆਂ ਸੁਖਵਿੰਦਰ ਸਿੰਘ ਢਿੱਲਵਾਂ, ਰਮਨ ਕੁਮਾਰ ਮਲੋਟ, ਅਮਨ ਸੇਖਾ ਅਤੇ ਹਰਜਿੰਦਰ ਬੁਢਲਾਡਾ ਨੇ ਦੱਸਿਆ ਕਿ ਉਹ ਪਿਛਲੇ ਪੌਣੇ ਚਾਰ ਸਾਲਾਂ ਤੋਂ ਅਤੇ ਸਥਾਨਕ ਡੀਸੀ ਦਫ਼ਤਰ ਸਾਹਮਣੇ ਪਿਛਲੇ 10 ਦਿਨਾਂ ਤੋ ਉੱਚੀ ਉੱਚੀ ਕੂਕ-ਕੂਕ ਕੇ ਪੰਜਾਬ ਸਰਕਾਰ ਨੂੰ ਆਪਣੀਆਂ ਮੰਗਾਂ ਤੋਂ ਜਾਣੂ ਕਰਵਾ ਰਹੇ ਹਨ। ਇਸ ਲਈ ਉਨ੍ਹਾਂ ਨਵਾਂ ਪੈਂਤੜਾ ਅਪਣਾਉਂਦੇ ਹੋਏ ਖਾਮੋਸ਼ ਵਰਤ ਰੱਖ ਰੋਸ ਕੀਤਾ। ਉਨ੍ਹਾਂ ਦੱਸਿਆ ਕਿ ਉਹ 11 ਜਨਵਰੀ ਨੂੰ ਮੁੱਖ ਮੰਤਰੀ ਭਗਵੰਤ ਮਾਨ ਦੀ ਸਥਾਨਕ ਕੋਠੀ ਅੱਗੇ ਸੰਘਰਸ਼ੀ ਲੋਹੜੀ ਮਨਾਉਂਦੇ ਹੋਏ ਰੁਜ਼ਗਾਰ ਦੀ ਲੋਹੜੀ ਮੰਗਣਗੇ। ਕਿਉਂਕਿ ਪੰਜਾਬ ਸਰਕਾਰ ਨੇ ਵਾਰ-ਵਾਰ ਮੀਟਿੰਗਾਂ ਕਰ ਕੇ ਵੀ ਉਨ੍ਹਾਂ ਦੇ ਮਸਲੇ ਹੱਲ ਨਾ ਕੀਤੇ ਤੇ ਹਰ ਵਾਰ ਝੂਠਾ ਭਰੋਸਾ ਦਿੱਤਾ ਗਿਆ। ਇਸ ਕਾਰਨ ਬੇਰੁਜ਼ਗਾਰਾਂ ਵਿਚ ਸਰਕਾਰ ਪ੍ਰਤੀ ਭਾਰੀ ਰੋਸ ਹੈ। ਉਨ੍ਹਾਂ ਕਿਹਾ ਕਿ ਜਦੋਂ ਤਕ ਉਨ੍ਹਾਂ ਦੀਆਂ ਮੰਗਾਂ ਨੂੰ ਪੂਰਾ ਨਹੀਂ ਕੀਤਾ ਜਾਂਦਾ, ਉਹ ਆਪਣਾ ਪੱਕਾ ਮੋਰਚਾ ਜਾਰੀ ਰੱਖਣਗੇ। ਇਸ ਮੌਕੇ ਲਲਿਤਾ ਪਟਿਆਲਾ, ਰਾਜਵੀਰ ਕੌਰ, ਮਨਜੀਤ ਕੌਰ, ਅਮਨਦੀਪ ਕੌਰ, ਵਰਿੰਦਰ ਡਕੌਂਦਾ, ਕਿਰਨਪਾਲ ਕੌਰ, ਗੁਰਿੰਦਰ ਸਿੰਘ, ਭੁਪਿੰਦਰ ਸਿੰਘ, ਮੱਖਣ ਸਿੰਘ ਤੋਗਾਵਾਲ, ਮਨਜੀਤ ਉੱਪਲੀ ਆਦਿ ਹਾਜ਼ਰ ਸਨ।