ਬੇਰੁਜ਼ਗਾਰਾਂ ਨੇ ਕਿਸਾਨਾਂ ਦੀ ਹਮਾਇਤ ’ਚ ਸਰਕਾਰ ਦਾ ਪੁਤਲਾ ਫੂਕਿਆ
ਬੇਰੁਜ਼ਗਾਰਾਂ ਨੇ ਕਿਸਾਨਾਂ ਦੀ ਹਮਾਇਤ ’ਚ ਸਰਕਾਰ ਦਾ ਪੁਤਲਾ ਫੂਕਿਆ
Publish Date: Sun, 08 Feb 2026 05:23 PM (IST)
Updated Date: Mon, 09 Feb 2026 04:05 AM (IST)

14 ਨੂੰ ਮੁੱਖ ਮੰਤਰੀ ਦੀ ਕੋਠੀ ਵੱਲ ਕਰਨਗੇ ਕੂਚ ਜਸਵੀਰ ਸਿੰਘ, ਪੰਜਾਬੀ ਜਾਗਰਣ, ਸੰਗਰੂਰ : ਬੀਤੇ ਦਿਨੀਂ ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਵੱਲੋਂ ਡੀਸੀ ਦਫਤਰ ਬਠਿੰਡਾ ਅੱਗੇ ਪੱਕਾ ਮੋਰਚਾ ਸ਼ੁਰੂ ਕੀਤੇ ਜਾਣ ਨੂੰ ਨਾਕਾਮ ਕਰਦੇ ਹੋਏ ਪੰਜਾਬ ਸਰਕਾਰ ਨੇ ਵੱਡੀ ਗਿਣਤੀ ਵਿਚ ਕਿਸਾਨਾਂ ਨੂੰ ਗ੍ਰਿਫ਼ਤਾਰ ਕਰ ਕੇ ਵੱਖ-ਵੱਖ ਥਾਣਿਆਂ ’ਚ ਡੱਕਿਆ ਤੇ 200 ਤੋਂ ਵੱਧ ਉੱਪਰ ਝੂਠੇ ਪਰਚੇ ਦਰਜ ਕਰ ਦਿੱਤੇ ਹਨ। ਇਸ ਦੇ ਰੋਸ ’ਚ ਸਥਾਨਕ ਡੀਸੀ ਦਫਤਰ ਅੱਗੇ ਚੱਲ ਰਹੇ ਬੇਰੁਜ਼ਗਾਰ ਸਾਂਝੇ ਮੋਰਚੇ ਦੇ ਪੱਕੇ ਧਰਨੇ ਤੋਂ ਬੇਰੁਜ਼ਗਾਰਾਂ ਨੇ ਰੋਸ ਮਾਰਚ ਕਰਦਿਆਂ ਪੰਜਾਬ ਸਰਕਾਰ ਦਾ ਪੁਤਲਾ ਫੂਕ ਕੇ ਕਿਸਾਨਾਂ ਨਾਲ ਇੱਕਜੁੱਟਤਾ ਜਾਹਿਰ ਕੀਤੀ। ਬੇਰੁਜ਼ਗਾਰ ਸਾਂਝੇ ਮੋਰਚੇ ਦੇ ਕਨਵੀਨਰ ਰਮਨ ਕੁਮਾਰ ਮਾਲੋਟ ਅਤੇ ਹਰਜਿੰਦਰ ਝੁਨੀਰ ਦੀ ਅਗਵਾਈ ਵਿੱਚ ਬੇਰੁਜ਼ਗਾਰਾਂ ਨੇ ਸਥਾਨਕ ਬਾਜ਼ਾਰ ਵਿੱਚ ਮਾਰਚ ਕਰਨ ਉਪਰੰਤ ਬੱਸ ਸਟੈਂਡ ਹੁੰਦੇ ਹੋਏ ਬੱਤੀਆਂ ਵਾਲੇ ਚੌਂਕ ਨੇੜੇ ਸਰਕਾਰ ਦਾ ਪੁਤਲਾ ਸਾੜਕੇ ਜੋਰਦਾਰ ਨਾਅਰੇਬਾਜੀ ਕੀਤੀ। ਉਨ੍ਹਾਂ ਕਿਹਾ ਕਿ ਪੰਜਾਬ ਅੰਦਰ ਜਮਹੂਰੀਅਤ ਦਾ ਗਲਾ ਪੂਰੀ ਤਰਾਂ ਘੁੱਟਿਆ ਜਾ ਰਿਹਾ ਹੈ। ਆਮ ਆਦਮੀ ਪਾਰਟੀ ਸਰਕਾਰ ਉੱਪਰ ਪੰਜਾਬ ਦੇ ਹਰੇਕ ਵਰਗ ਦੇ ਹੱਕੀ ਸੰਘਰਸ਼ਾਂ ਨੂੰ ਕੁਚਲਣ ਦਾ ਦੋਸ਼ ਲਾਉਦਿਆਂ ਕਿਹਾ ਕਿ ਉਹ ਪੰਜਾਬ ਦੇ ਸਮੂਹ ਕਿਸਾਨਾਂ ਨਾਲ ਡਟ ਕੇ ਖੜ੍ਹੇ ਹਨ। ਉਨ੍ਹਾਂ ਐਲਾਨ ਕੀਤਾ ਕਿ ਉਹ 14 ਫਰਵਰੀ ਨੂੰ ਆਪਣੀਆਂ ਮੰਗਾਂ ਲਈ ਮੁੱਖ ਮੰਤਰੀ ਭਗਵੰਤ ਮਾਨ ਦੀ ਸਥਾਨ ਕੋਠੀ ਵੱਲ ਨੂੰ ਕੂਚ ਕਰਨਗੇ । ਉਨ੍ਹਾਂਦੋਸ਼ ਲਾਇਆ ਕਿ ਪਿਛਲੇ 46 ਦਿਨਾਂ ਦੇ ਪੱਕੇ ਮੋਰਚੇ ਦੌਰਾਨ ਮੁੱਖ ਮੰਤਰੀ ਭਗਵੰਤ ਮਾਨ, ਸਿੱਖਿਆ ਮੰਤਰੀ ਜਾਂ ਸਿਹਤ ਮੰਤਰੀ ਵੱਲੋਂ ਬੇਰੁਜ਼ਗਾਰਾਂ ਦੀ ਸਾਰ ਨਹੀਂ ਲਈ ਗਈ ।ਭਾਵੇਂ ਉਹ ਸ਼ਾਂਤਮਈ ਤਰੀਕੇ ਨਾਲ ਸਥਾਨਕ ਡਿਪਟੀ ਕਮਿਸ਼ਨਰ ਦਫਤਰ ਅੱਗੇ ਦਿਨ ਰਾਤ ਦੇ ਅਣਮਿਥੇ ਪੱਕੇ ਮੋਰਚੇ ਉੱਤੇ ਬੈਠੇ ਹੋਏ ਹਨ। ਇਸ ਮੌਕੇ ਲਲਿਤਾ ਪਟਿਆਲਾ, ਰਾਜਵੀਰ ਕੌਰ ਅਤੇ ਮਨਜੀਤ ਕੌਰ ਨੇ ਦੱਸਿਆ ਕਿ ਪੰਜਾਬ ਸਰਕਾਰ ਨੇ ਪਿਛਲੇ ਕਰੀਬ ਚਾਰ ਸਾਲਾਂ ਵਿੱਚ ਸਿੱਖਿਆ ਤੇ ਸਿਹਤ ਵਿਭਾਗ ਵਿੱਚ ਇੱਕ ਵੀ ਨਵੀਂ ਅਸਾਮੀ ਜਾਰੀ ਨਹੀਂ ਕੀਤੀ ਅਤੇ ਨਾ ਹੀ ਉਮਰ ਹੱਦ ਛੋਟ ਦੇਣ, ਮਾਸਟਰ ਕੇਡਰ ਵਿੱਚ ਥੋਪੀ ਬੇਤੁਖੀ 55 ਫੀਸਦੀ ਲਾਜਮੀ ਅੰਕਾਂ ਦੀ ਸ਼ਰਤ ਰੱਦ ਕਰਨ, ਆਰਟ ਐਂਡ ਕਰਾਫਟ ਦੀ ਲਿਖਤੀ ਪ੍ਰੀਖਿਆ ਲੈਣ ਅਤੇ ਮਲਟੀ ਪਰਪਜ਼ ਹੈਲਥ ਵਰਕਰ ਪੁਰਸ਼ ਦੀਆਂ ਪੋਸਟਾਂ ਜਾਰੀ ਕਰਨ ਦਾ ਵਾਅਦਾ ਪੂਰਾ ਕੀਤਾ ਹੈ। ਇਸ ਮੌਕੇ ਸੱਤਪਾਲ ਡੇਲੂਆਣਾ,ਅੰਗਰੇਜ ਸਿੰਘ ਗਿੱਲ ਕਲਾਂ, ਕੇਵਲ ਕ੍ਰਿਸ਼ਨ, ਗੁਰਵਿੰਦਰ ਸਿੰਘ, ਰਾਜਵੀਰ ਸ਼ਰਮਾ, ਗੁਰਪਾਲ ਸਿੰਘ, ਨਰਿੰਦਰਪਾਲ ਸਿੰਘ ਹਾਜ਼ਰ ਸਨ।