ਅਧਿਆਪਕਾਂ ਦੀ ਜ਼ਿੰਦਗੀ ਬਰਬਾਦ ਕਰਨ ’ਤੇ ਤੁਲੀ ਸਰਕਾਰ : ਸੇਠੀ
ਅਧਿਆਪਕਾਂ ਦੀ ਜ਼ਿੰਦਗੀ ਬਰਬਾਦ ਕਰਨ ਦੀ ਤੁਲੀ: ਸੇਠੀ
Publish Date: Sat, 24 Jan 2026 05:15 PM (IST)
Updated Date: Sat, 24 Jan 2026 05:19 PM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਪਟਿਆਲਾ : ਅਨ ਏਡਿਡ ਅਧਿਆਪਕ ਫ਼ਰੰਟ ਪੰਜਾਬ ਦੀ ਮੀਟਿੰਗ ਪਟਿਆਲਾ ਪ੍ਰਧਾਨ ਜਤਿੰਦਰ ਸੇਠੀ ਦੀ ਅਗਵਾਈ ਹੇਠ ਕੀਤੀ ਗਈ। ਇਸ ਮੌਕੇ ਫ਼ਰੰਟ ਦੇ ਸਮੂਹ ਜ਼ਿਲ੍ਹਾ ਪ੍ਰਧਾਨਾਂ ਨੇ ਹਿੱਸਾ ਲਿਆ। ਇਸ ਮੀਟਿੰਗ ਵਿਚ ਅਨ ਏਡਿਡ ਅਧਿਆਪਕ ਫ਼ਰੰਟ ਵੱਲੋਂ ਹੁਣ ਤਕ ਆਪਣੇ ਹੱਕਾਂ ਲਈ ਕੀਤੇ ਗਏ ਸੰਘਰਸ਼ ਅਤੇ ਪੰਜਾਬ ਸਰਕਾਰ ਵੱਲੋਂ ਲਗਾਤਾਰ ਇਸ ਨੂੰ ਅਣਗੌਲਿਆਂ ਕੀਤੇ ਜਾਣ ’ਤੇ ਦੁੱਖ ਅਤੇ ਰੋਸ ਪ੍ਰਗਟ ਕੀਤਾ ਗਿਆ। ਸਟੇਟ ਪ੍ਰਧਾਨ ਨਿਰਭੈ ਸਿੰਘ ਨੇ ਕਿਹਾ ਕਿ ਭਾਵੇਂ ਹੁਣ ਤਕ ਸਰਕਾਰ ਨਾਲ ਸਾਡੀਆਂ ਕਈ ਮੀਟਿੰਗਾਂ ਹੋ ਚੁੱਕੀਆਂ ਹਨ ਪਰ ਇਸ ਦਾ ਨਤੀਜਾ ਸਿਫ਼ਰ ਰਿਹਾ ਹੈ। ਵਾਰ-ਵਾਰ ਮੀਟਿੰਗਾਂ ’ਤੇ ਭਰੋਸਾ ਦੇਣ ਦੇ ਬਾਵਜੂਦ ਵੀ ਅਣ ਏਡਿਡ ਅਧਿਆਪਕਾਂ ਦੇ ਤੌਰ ’ਤੇ ਨਾਮਾਤਰ ਤਨਖਾਹਾਂ ’ਤੇ ਸੇਵਾ ਨਿਭਾ ਰਹੇ ਅਧਿਆਪਕਾਂ ਪ੍ਰਤੀ ਸਰਕਾਰ ਨੇ ਕੋਈ ਵੀ ਸਕਾਰਾਤਮਕ ਫੈਸਲਾ ਕਰਨ ਦੀ ਬਜਾਏ ਲਾਰਿਆਂ ਨਾਲ ਹੀ ਸਮਾਂ ਅਤੇ ਅਧਿਆਪਕਾਂ ਦੀ ਜ਼ਿੰਦਗੀ ਬਰਬਾਦ ਕਰਨ ਦੀ ਨੀਤੀ ਅਪਣਾਈ ਹੋਈ ਹੈ। ਇਸ ਲਈ ਸਮੂਹ ਜ਼ਿਲ੍ਹਾ ਪ੍ਰਧਾਨਾਂ ਦੀ ਮੌਜੂਦਗੀ ਵਿਚ ਫੈਸਲਾ ਲਿਆ ਗਿਆ ਕਿ 26 ਜਨਵਰੀ ਨੂੰ ਗਣਤੰਤਰ ਦਿਵਸ ’ਤੇ ਪੂਰੇ ਪੰਜਾਬ ਵਿਚ ਸਰਕਾਰ ਖ਼ਿਲਾਫ਼ ਆਪਣੀਆਂ ਮੰਗਾਂ ਲਈ ਧਰਨੇ ਅਤੇ ਰੋਸ ਪ੍ਰਦਰਸ਼ਨ ਕਰ ਕੇ ਸਰਕਾਰ ਦੀਆਂ ਡੰਗ ਟਪਾਊ ਨੀਤੀਆਂ ਦੀ ਮੀਡੀਆ ਅਤੇ ਆਮ ਜਨਤਾ ਸਾਹਮਣੇ ਪੋਲ ਖੋਲੀ ਜਾਵੇਗੀ। ਇਸ ਮੁਹਿੰਮ ਤਹਿਤ ਜ਼ਿਲ੍ਹਾ ਪੱਧਰ ਤੇ ਝੰਡਾ ਲਹਿਰਾਉਣ ਦੇ ਸਮਾਗਮਾਂ ਤੇ ਪ੍ਰਦਰਸ਼ਨ ਕੀਤੇ ਜਾਣਗੇ।