ਕਾਰਾਂ ਦੀ ਆਹਮੋ-ਸਾਹਮਣੇ ਟੱਕਰ ’ਚ ਦੋ ਨੌਜਵਾਨਾਂ ਦੀ ਮੌਤ
ਕਾਰਾਂ ਦੀ ਆਹਮੋ-ਸਾਹਮਣੇ ਟੱਕਰ ’ਚ ਦੋ ਨੌਜਵਾਨਾਂ ਦੀ ਮੌਤ
Publish Date: Tue, 24 Mar 2026 05:22 PM (IST)
Updated Date: Wed, 25 Mar 2026 04:02 AM (IST)

ਵਿਆਹ ਦੀਆਂ ਖੁਸ਼ੀਆਂ ਬਦਲੀਆਂ ਮਾਤਮ ਵਿੱਚ, ਹਲਕੇ ਵਿੱਚ ਸੋਗ ਦੀ ਲਹਿਰ ਸ਼ੰਭੂ ਗੋਇਲ, ਪੰਜਾਬੀ ਜਾਗਰਣ, ਲਹਿਰਾਗਾਗਾ : ਵਿਆਹ ਦੀਆਂ ਖੁਸ਼ੀਆਂ ਉਦੋਂ ਮਾਤਮ ਵਿਚ ਬਦਲ ਗਈਆਂ ਜਦੋਂ ਵਿਆਹ ਤੋਂ ਵਾਪਸ ਆ ਰਹੇ ਇਕ ਪਰਿਵਾਰ ਦੇ ਦੋਵੇਂ ਨੌਜਵਾਨ ਪੁੱਤਰਾਂ ਦੀ ਮੌਤ ਹੋ ਗਈ, ਜਿਸ ਕਾਰਨ ਪੂਰੇ ਹਲਕੇ ਵਿਚ ਸੋਗ ਦੀ ਲਹਿਰ ਹੈ। ਜਾਣਕਾਰੀ ਅਨੁਸਾਰ ਇੱਥੋਂ ਨੇੜਲੇ ਸ਼ਹਿਰ ਜਾਖਲ ਦੇ ਸੁਖਦਰਸ਼ਨ ਜਿੰਦਲ ਦੇ ਦੋਵੇਂ ਪੁੱਤਰ ਵਿਸ਼ਾਲ ਜਿੰਦਲ 30 ਤੇ ਹਿਮਾਂਸ਼ੂ ਜਿੰਦਲ 25 ਜੋ ਦਿੜ੍ਹਬੇ ਮੰਡੀ ਵਿਖੇ ਵਿਆਹ ਸਮਾਗਮ ਤੋਂ ਆ ਰਹੇ ਸਨ। ਅੱਜ ਸਵੇਰੇ 5 ਵਜੇ ਦੇ ਕਰੀਬ ਮੂਨਕ ਨੇੜਲੇ ਪਿੰਡ ਬੰਗਾ ਵਿਖੇ ਸਥਿਤ ਬਿਜਲੀ ਗਰਿੱਡ ਦੇ ਬਿਲਕੁਲ ਸਾਹਮਣੇ ਆਹਮੋ-ਸਾਹਮਣੀ ਕਾਰਾਂ ਦੀ ਟੱਕਰ ਹੋ ਗਈ। ਇਸ ਵਿਚ ਵਿਸ਼ਾਲ ਜਿੰਦਲ ਤੇ ਹਿਮਾਂਸ਼ੂ ਜਿੰਦਲ ਦੀ ਮੌਕੇ ’ਤੇ ਹੀ ਮੌਤ ਹੋ ਗਈ, ਜਦੋਂ ਕਿ ਸਾਹਮਣੇ ਵਾਲੀ ਬਰੀਜਾ ਕਾਰ ਸਵਾਰ ਰਵਿੰਦਰ ਸਿੰਘ ਵਾਸੀ ਰਤੀਆ ਵੀ ਜ਼ਖ਼ਮੀ ਹੋ ਗਏ ਜਿਨ੍ਹਾਂ ਨੂੰ ਮੂਨਕ ਤੋਂ ਰੈਫਰ ਕਰ ਕੇ ਸੰਗਰੂਰ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਹੈ। ਜ਼ਿਕਰਯੋਗ ਹੈ ਕਿ ਵਿਸ਼ਾਲ ਜਿੰਦਲ ਕੋਲ ਸਿਰਫ ਇੱਕ ਸਾਲ ਦਾ ਇੱਕ ਮੁੰਡਾ ਹੈ, ਜਦੋਂ ਕਿ ਹਿਮਾਂਸ਼ੂ ਅਜੇ ਕੁਵਾਰਾ ਸੀ। ਇਸ ਸਬੰਧੀ ਥਾਣਾ ਮੂਨਕ ਵਿਖੇ ਪਰਚਾ ਦਰਜ ਕੀਤਾ ਗਿਆ ਤੇ 174 ਦੀ ਕਾਰਵਾਈ ਕਰ ਕੇ ਦੋਵੇਂ ਲਾਸ਼ਾਂ ਵਾਰਸਾਂ ਨੂੰ ਸੌਂਪ ਦਿੱਤੀਆਂ ਹਨ। ਜਿਨ੍ਹਾਂ ਦਾ ਸ਼ਾਮ 3 ਵਜੇ ਦੇ ਕਰੀਬ ਸਸਕਾਰ ਕਰ ਦਿੱਤਾ ਗਿਆ। ਦੱਸਿਆ ਜਾ ਰਿਹਾ ਹੈ ਕਿ ਸੁਖਦਰਸ਼ਨ ਜਿੰਦਲ ਦੇ ਦੋਵੇਂ ਪੁੱਤਰਾਂ ਦੇ ਚਲੇ ਜਾਣ ਤੋ ਬਾਅਦ ਉਨ੍ਹਾਂ ਦੀ ਇਕ ਧੀ ਰਹਿ ਗਈ ਹੈ।