ਸੜਕ ਦੀ ਖ਼ਸਤਾ ਹਾਲਤ ਕਾਰਨ ਪਲਟਿਆ ਟਰੱਕ
ਐਮ.ਐਚ. ਗੱਤਾ ਫੈਕਟਰੀ ਦਾ ਟਰੱਕ ਪਲਟਿਆ
Publish Date: Thu, 22 Jan 2026 04:55 PM (IST)
Updated Date: Thu, 22 Jan 2026 04:57 PM (IST)

ਕਰਮਵੀਰ ਸਿੰਘ ਮਰਦਾਂਪੁਰ, ਪੰਜਾਬੀ ਜਾਗਰਣ, ਸ਼ੰਭੂ : ਮਰਦਾਂਪੁਰ ਤੋਂ ਸਲੇਮਪੁਰ ਸੇਖਾਂ ਨੂੰ ਜਾਣ ਵਾਲੀ ਸੜਕ ਦੀ ਬੇਹੱਦ ਖਸਤਾ ਹਾਲਤ ਇਕ ਵਾਰ ਫਿਰ ਵੱਡੇ ਹਾਦਸੇ ਦਾ ਕਾਰਨ ਬਣੀ। ਜਾਣਕਾਰੀ ਮੁਤਾਬਕ ਲੁਧਿਆਣਾ ਤੋਂ ਐਮ.ਐਚ. ਗੱਤਾ ਫੈਕਟਰੀ ਸਲੇਮਪੁਰ ਸੇਖਾਂ ਵੱਲ ਆ ਰਿਹਾ ਗੱਤੇ ਦੀਆਂ ਰੀਲਾਂ ਨਾਲ ਭਰਿਆ ਟਰੱਕ ਸੜਕ ’ਤੇ ਪਏ ਡੂੰਘੇ ਟੋਏ ਵਿਚ ਫਸ ਕੇ ਪਲਟ ਗਿਆ।ਇਸ ਹਾਦਸੇ ਵਿਚ ਟਰੱਕ ਵਿਚ ਭਰਿਆ ਗੱਤੇ ਦਾ ਸਾਮਾਨ ਬੁਰੀ ਤਰ੍ਹਾਂ ਨੁਕਸਾਨਿਆ ਗਿਆ, ਜਿਸ ਨਾਲ ਲੱਖਾਂ ਰੁਪਏ ਦੇ ਨੁਕਸਾਨ ਦੀ ਸੰਭਾਵਨਾ ਜਤਾਈ ਜਾ ਰਹੀ ਹੈ। ਹਾਦਸੇ ਦੌਰਾਨ ਖੁਸ਼ਕਿਸਮਤੀ ਨਾਲ ਕੋਈ ਜਾਨੀ ਨੁਕਸਾਨ ਨਹੀਂ ਹੋਇਆ, ਪਰ ਹਰ ਵੇਲੇ ਵੱਡੇ ਜਾਨੀ ਨੁਕਸਾਨ ਦਾ ਡਰ ਬਣਿਆ ਰਹਿੰਦਾ ਹੈ। ਟਰੱਕ ਦੇ ਡਰਾਈਵਰ ਹਰਦੀਪ ਸਿੰਘ ਨੇ ਦੱਸਿਆ ਕਿ ਸੜਕ ਦੀ ਹਾਲਤ ਬਹੁਤ ਹੀ ਮਾੜੀ ਹੈ ਅਤੇ ਥਾਂ-ਥਾਂ ਡੂੰਘੇ ਟੋਏ ਬਣੇ ਹੋਏ ਹਨ। ਉਨ੍ਹਾਂ ਕਿਹਾ ਕਿ ਇਕ ਵੱਡੇ ਟੋਏ ਕਾਰਨ ਟਰੱਕ ਦਾ ਸੰਤੁਲਨ ਵਿਗੜ ਗਿਆ ਅਤੇ ਟਰੱਕ ਪਲਟ ਗਿਆ। ਇੱਥੇ ਇਹ ਵੀ ਦੱਸਣਾ ਬਣਦਾ ਹੈ ਕਿ ਇਸ ਸੜਕ ਦੀ ਖਰਾਬ ਹਾਲਤ ਨੂੰ ਲੈ ਕੇ ਆਲੇ ਦੁਆਲੇ ਦੇ ਪਿੰਡ ਵਾਸੀ ਕਾਫੀ ਸਮੇਂ ਤੋਂ ਸੜਕ ਦੀ ਮੁਰੰਮਤ ਦੀ ਮੰਗ ਕਰ ਰਹੇ ਹਨ, ਪਰ ਅਜੇ ਤੱਕ ਕੋਈ ਠੋਸ ਕਦਮ ਨਹੀਂ ਚੁੱਕਿਆ ਗਿਆ। ਇਸ ਸੜਕ ’ਤੇ ਦਰਜਨਾਂ ਫੈਕਟਰੀਆਂ ਸਥਿਤ ਹਨ, ਜਿਸ ਕਾਰਨ ਹਰ ਰੋਜ਼ ਭਾਰੀ ਵਾਹਨਾਂ ਦੀ ਆਵਾਜਾਈ ਰਹਿੰਦੀ ਹੈ ਅਤੇ ਹਾਦਸਿਆਂ ਦਾ ਖਤਰਾ ਬਣਿਆ ਰਹਿੰਦਾ ਹੈ। ਇਲਾਕਾ ਵਾਸੀਆਂ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਮਰਦਾਂਪੁਰ–ਸਲੇਮਪੁਰ ਸੇਖਾਂ ਸੜਕ ਦੀ ਤੁਰੰਤ ਮੁਰੰਮਤ ਕਰਵਾਈ ਜਾਵੇ।