ਚੋਰੀਆਂ ਤੋਂ ਪਰੇਸ਼ਾਨ ਚੌਧਰੀ ਮੁਹੱਲੇ ਦੇ ਲੋਕ ਲਾ ਰਹੇ ਠੀਕਰੀ ਪਹਿਰੇ
ਚੋਰੀਆਂ ਤੋ ਪਰੇਸ਼ਾਨ ਚੌਧਰੀ ਮੁਹੱਲੇ ਦੇ ਲੋਕ ਲਾ ਰਹੇ ਠੀਕਰੀ ਪਹਿਰੇ
Publish Date: Sat, 21 Feb 2026 04:28 PM (IST)
Updated Date: Sun, 22 Feb 2026 04:04 AM (IST)

ਵਰਿੰਦਰ ਸਿੰਘ, ਪੰਜਾਬੀ ਜਾਗਰਣ, ਧੂਰੀ : ਸ਼ਹਿਰ ਵਿਚ ਲਗਾਤਾਰ ਵਧ ਰਹੀਆਂ ਚੋਰੀਆਂ ਦੀਆਂ ਘਟਨਾਵਾਂ ਨੇ ਲੋਕਾਂ ਦੀ ਨੀਂਦ ਉਡਾ ਦਿੱਤੀ ਹੈ। ਪਿਛਲੇ ਤਿੰਨ ਤੋਂ ਚਾਰ ਦਿਨਾਂ ਦੌਰਾਨ ਸ਼ਹਿਰ ਦੇ ਵੱਖ-ਵੱਖ ਇਲਾਕਿਆਂ ਵਿਚ ਅਣਪਛਾਤੇ ਚੋਰਾਂ ਵੱਲੋਂ ਦੁਕਾਨਾਂ ਦੇ ਜਿੰਦੇ ਤੋੜ ਕੇ ਕੀਮਤੀ ਸਾਮਾਨ ਤੇ ਨਕਦੀ ਉਡਾਈ ਗਈ। ਸਵੇਰੇ ਜਦੋਂ ਦੁਕਾਨਦਾਰ ਆਪਣੀਆਂ ਦੁਕਾਨਾਂ ਖੋਲ੍ਹਣ ਪਹੁੰਚੇ ਤਾਂ ਟੁੱਟੇ ਹੋਏ ਤਾਲੇ ਤੇ ਖਾਲੀ ਗੱਲੇ ਦੇਖ ਕੇ ਹੈਰਾਨ ਰਹਿ ਗਏ। ਸ਼ਹਿਰ ਵਿਚ ਲਗਾਤਾਰ ਹੋ ਰਹੀਆਂ ਇਨ੍ਹਾਂ ਵਾਰਦਾਤਾਂ ਕਾਰਨ ਵਪਾਰੀਆਂ ਤੇ ਆਮ ਨਾਗਰਿਕਾਂ ਵਿਚ ਡਰ ਦਾ ਮਾਹੌਲ ਬਣ ਗਿਆ ਹੈ। ਲੋਕਾਂ ਦਾ ਕਹਿਣਾ ਹੈ ਕਿ ਚੋਰ ਬੇਖ਼ੌਫ ਹੋ ਕੇ ਰਾਤ ਸਮੇਂ ਘੁੰਮ ਰਹੇ ਹਨ ਤੇ ਪ੍ਰਸ਼ਾਸਨ ਦੀ ਗਸ਼ਤ ਨਾਕਾਫੀ ਸਾਬਤ ਹੋ ਰਹੀ ਹੈ। ਚੌਧਰੀ ਮੁਹੱਲਾ ਦੇ ਲੋਕਾਂ ਨੇ ਕਮਾਨ ਸੰਭਾਲੀ ਤੇ ਠੀਕਰੀ ਪਹਿਰੇ ਸ਼ੁਰੂ ਕਰਕੇ ਪ੍ਰਸ਼ਾਸਨ ਤੋਂ ਤੁਰੰਤ ਕਾਰਵਾਈ ਦੀ ਮੰਗ ਕੀਤੀ। ਚੋਰੀਆਂ ਦੀਆਂ ਤਾਜ਼ਾ ਘਟਨਾਵਾਂ ਤੋਂ ਬਾਅਦ ਚੌਧਰੀ ਮੁਹੱਲੇ ਵਿਚ ਵੀ ਅਣਪਛਾਤੇ ਵਿਅਕਤੀਆਂ ਵੱਲੋਂ ਘਰਾਂ ਦੇ ਦਰਵਾਜ਼ੇ ਤੋੜਣ ਦੀ ਕੋਸ਼ਿਸ਼ ਕੀਤੀ ਗਈ। ਇਸ ਨਾਲ ਇਲਾਕਾ ਵਾਸੀਆਂ ਵਿਚ ਰੋਸ ਤੇ ਦਹਿਸ਼ਤ ਦੋਵਾਂ ਦੇ ਹਾਲਾਤ ਬਣ ਗਏ ਹਨ। ਸੁਰੱਖਿਆ ਪ੍ਰਬੰਧਾਂ ਦੀ ਕਮੀ ਨੂੰ ਦੇਖਦੇ ਹੋਏ ਮੁਹੱਲੇ ਦੇ ਨਿਵਾਸੀਆਂ ਨੇ ਖੁਦ ਹੀ ਰਾਤ ਸਮੇਂ ਠੀਕਰੀ ਪਹਿਰੇ ਲਗਾਉਣ ਸ਼ੁਰੂ ਕਰ ਦਿੱਤੇ ਹਨ। ਨੌਜਵਾਨਾਂ ਤੇ ਬਜ਼ੁਰਗਾਂ ਦੀਆਂ ਟੋਲੀਆਂ ਵਾਰੀ-ਵਾਰੀ ਰਾਤ ਨੂੰ ਪਹਿਰਾ ਦੇ ਰਹੀਆਂ ਹਨ ਤਾਂ ਜੋ ਕਿਸੇ ਵੀ ਸ਼ੱਕੀ ਹਲ-ਚਲ ’ਤੇ ਤੁਰੰਤ ਨਜ਼ਰ ਰੱਖੀ ਜਾ ਸਕੇ। ਇਲਾਕਾ ਵਾਸੀਆਂ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਸ਼ਹਿਰ ਵਿੱਚ ਰਾਤ ਦੀ ਪੁਲਿਸ ਗਸ਼ਤ ਵਧਾਈ ਜਾਵੇ, ਸੀਸੀਟੀਵੀ ਕੈਮਰਿਆਂ ਦੀ ਜਾਂਚ ਕੀਤੀ ਜਾਵੇ ਅਤੇ ਚੋਰਾਂ ਨੂੰ ਜਲਦ ਤੋਂ ਜਲਦ ਕਾਬੂ ਕੀਤਾ ਜਾਵੇ। ਪ੍ਰਮੋਦ ਗੁਪਤਾ ਪ੍ਰਧਾਨ ਕਰਿਆਨਾ ਐਸੋਸੀਏਸ਼ਨ ਪੰਜਾਬ ਦਾ ਕਹਿਣਾ ਹੈ ਕਿ ਜੇ ਸਮੇਂ ਸਿਰ ਸਖ਼ਤ ਕਦਮ ਨਾ ਚੁੱਕੇ ਗਏ ਤਾਂ ਸ਼ਹਿਰ ਦੇ ਹਾਲਾਤ ਹੋਰ ਵੀ ਗੰਭੀਰ ਹੋ ਸਕਦੇ ਹਨ।