ਟਰੇਡ ਯੂਨੀਅਨਾਂ ਨੇ ਕੇਂਦਰ ਸਰਕਾਰ ਤੇ ਟਰੰਪ ਦਾ ਪੁਤਲਾ ਫੂਕ ਕੇ ਕੀਤੀ ਨਾਅਰੇਬਾਜ਼ੀ
ਟਰੇਡ ਯੂਨੀਅਨਾਂ ਨੇ ਕੇਂਦਰ ਸਰਕਾਰ ਅਤੇ ਟਰੰਪ ਦਾ ਪੁਤਲਾ ਫੂਕ ਕੇ ਨਾਅਰੇਬਾਜ਼ੀ ਕੀਤੀ
Publish Date: Thu, 12 Feb 2026 05:03 PM (IST)
Updated Date: Fri, 13 Feb 2026 04:03 AM (IST)

ਹਰਮੇਸ਼ ਸਿੰਘ ਮੇਸ਼ੀ, ਪੰਜਾਬੀ ਜਾਗਰਣ, ਦਿੜ੍ਹਬਾ : ਪਾਵਰ ਕਾਮ ਟਰੇਡ ਯੂਨੀਅਨਾਂ ਤੇ ਹੋਰ ਜੱਥੇਬੰਦੀਆਂ ਵੱਲੋਂ ਡਵੀਜ਼ਨ ਪਾਵਰ ਕਾਮ ਦਿੜ੍ਹਬਾ ਦੇ ਦਫ਼ਤਰ ਅੱਗੇ ਗੇਟ ਰੈਲੀ ਕਰ ਕੇ ਕੇਂਦਰ ਸਰਕਾਰ ਤੇ ਅਮਰੀਕਾ ਰਾਸ਼ਟਰਪਤੀ ਟਰੰਪ ਦਾ ਪੁਤਲਾ ਫੂਕ ਕੇ ਨਾਅਰੇਬਾਜ਼ੀ ਕੀਤੀ ਗਈ। ਇਸ ਦੇ ਵਿਆਪੀ ਪ੍ਰਦਰਸ਼ਨ ਵਿਚ ਸੰਯੁਕਤ ਕਿਸਾਨ ਮੋਰਚੇ ਦੀ ਕੀਤੀ ਗਈ ਹਮਾਇਤ ’ਤੇ ਭਾਰਤੀ ਕਿਸਾਨ ਯੂਨੀਅਨ (ਏਕਤਾ ਉਗਰਾਹਾਂ) ਬਲਾਕ ਦਿੜ੍ਹਬਾ ਵੱਲੋਂ ਹਰਜੀਤ ਸਿੰਘ ਦੀ ਅਗਵਾਈ ਹੇਠ ਕਿਸਾਨ ਸ਼ਾਮਲ ਹੋਏ। ਇਸ ਰੈਲੀ ਵਿਚ ਮੁਲਾਜ਼ਮ ਜਥੇਬੰਦੀਆਂ, ਪੈਨਸ਼ਨਰ ਜਥੇਬੰਦੀਆਂ, ਠੇਕਾ ਆਧਾਰਤ ਮੁਲਾਜ਼ਮ ਤੇ ਇੰਜਨੀਅਰ ਜਥੇਬੰਦੀਆਂ ਵੱਲੋਂ ਭਰਵੀਂ ਸ਼ਮੂਲੀਅਤ ਕਰ ਕੇ ਕੇਂਦਰ ਸਰਕਾਰ ਵੱਲੋਂ ਬਿਜਲੀ ਸੋਧ ਬਿੱਲ 2025 ਨੂੰ ਰੱਦ ਕਰਾਉਣ, ਬੀਜ ਬਿੱਲ ਰੱਦ ਕਰਾਉਣ, ਮਨਰੇਗਾ ਕਾਨੂੰਨ ਨੂੰ ਦੁਬਾਰਾ ਲਾਗੂ ਕਰਾਉਣ ਤੇ ਲੇਬਰ ਕੋਡ ਦੇ ਬਣੇ 29 ਕਾਨੂੰਨਾਂ ਨੂੰ ਰੱਦ ਕਰ ਕੇ 4 ਲੇਬਰ ਕੋਡ ਬਣਾਉਣ ਖ਼ਿਲਾਫ਼ ਰੋਸ ਵਿਖਾਵਾ ਕੀਤਾ ਗਿਆ। ਰੈਲੀ ਨੂੰ ਗੁਰਵੀਰ ਸਿੰਘ, ਸੀਡੀਪੀਓ ਆਗੂ ਤਰਲੋਚਨ ਸਿੰਘ ਅਤੇ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਦੇ ਬਲਾਕ ਪ੍ਰਧਾਨ ਹਰਜੀਤ ਸਿੰਘ ਮਹਿਲਾਂ ਨੇ ਸੰਬੋਧਨ ਕਰਦੇ ਹੋਏ ਕਿਹਾ ਕਿ ਕੇਂਦਰ ਸਰਕਾਰ ਅਮਰੀਕਾ ਦੇ ਰਾਸ਼ਟਰਪਤੀ ਟਰੰਪ ਤੇ ਕਾਰਪੋਰੇਟ ਘਰਾਣਿਆਂ ਦੇ ਅੱਗੇ ਗੋਡੇ ਟੇਕ ਕੇ ਦੇਸ਼ ਮਾਰੂ ਨੀਤੀਆਂ ’ਤੇ ਸਹਿਮਤੀ ਕਰ ਰਹੀ ਹੈ ਜਦੋਂ ਕਿ ਦੇਸ਼ ਦੇ ਜੁਝਾਰੂ ਲੋਕ ਬਰਦਾਸ਼ਤ ਨਹੀਂ ਕਰਨਗੇ। ਅਮਰੀਕਾ ਨਾਲ ਨਵੇਂ ਵਪਾਰਕ ਸਮਝੌਤੇ ਲਾਗੂ ਹੋਣ ਨਾਲ ਦੇਸ਼ ਦੇ ਕਿਸਾਨ ਦੇ ਨਾਲ ਵਪਾਰੀ ਕੰਗਾਲ ਹੋ ਜਾਵੇਗਾ। ਇਸ ਮੌਕੇ ਅਮਨਦੀਪ ਸਿੰਘ ਜਿਲਾ ਖਜਾਨਚੀ, ਭੁਪਿੰਦਰ ਸਿੰਘ ਕਾਲਾ, ਸੱਤਪਾਲ, ਹਰਦੀਪ ਸਿੰਘ, ਆਈ ਡੀਪੀ ਦੇ ਸੂਬਾਈ ਆਗੂ ਤਰਲੋਚਨ ਸਿੰਘ ਸੂਲਰ ਘਰਾਟ, ਇੰਪਲਾਈਜ ਫੈਡਰੇਸਨ ਦੇ ਸੂਬਾ ਆਗੂ ਗੁਰਧੀਰ ਸਿੰਘ, ਪੈਨਸਨਰ ਐਸੋਸੀਏਸ਼ਨ ਦੇ ਆਗੂ ਚੰਦ ਸਿੰਘ ਰ੍ਹੋਗਲਾ, ਭਰਭੂਰ ਸਿੰਘ ਹਾਜ਼ਰ ਸਨ।