ਬਦਹਾਲੀ ’ਤੇ ਹੰਝੂ ਵਹਾ ਰਹੀ ਏਸ਼ੀਆ ਦੀ ਸਭ ਤੋਂ ਵੱਡੀ ਟਰੈਕਟਰ ਮਾਰਕੀਟ

ਨਵਦੀਪ ਢੀਂਗਰਾ, ਪੰਜਾਬੀ ਜਾਗਰਣ, ਪਟਿਆਲਾ : ਕਦੇ ਪੂਰੇ ਏਸ਼ੀਆ ਵਿਚ ਟਰੈਕਟਰਾਂ ਦੀ ਸਭ ਤੋਂ ਵੱਡੇ ਗੜ੍ਹ ਵਜੋਂ ਜਾਣੀ ਜਾਣ ਵਾਲੀ ਪਟਿਆਲਾ ਦੀ ਟਰੈਕਟਰ ਮਾਰਕੀਟ ਅੱਜ ਆਪਣੀ ਬਦਹਾਲੀ ’ਤੇ ਹੰਝੂ ਵਹਾ ਰਹੀ ਹੈ। ਲੱਖਾਂ-ਕਰੋੜਾਂ ਰੁਪਏ ਦਾ ਸਾਲਾਨਾ ਕਾਰੋਬਾਰ ਕਰਨ ਵਾਲੀ ਇਹ ਮਾਰਕੀਟ ਮੁੱਢਲੀਆਂ ਸਹੂਲਤਾਂ ਤੋਂ ਸੱਖਣੀ ਹੋ ਕੇ ਨਰਕ ਦਾ ਰੂਪ ਧਾਰਨ ਕਰ ਚੁੱਕੀ ਹੈ। ਪ੍ਰਸ਼ਾਸਨਿਕ ਅਣਗਹਿਲੀ ਅਤੇ ਨਾਜਾਇਜ਼ ਕਬਜ਼ਿਆਂ ਨੇ ਇਸ ਵਪਾਰਕ ਕੇਂਦਰ ਦਾ ਲੱਕ ਤੋੜ ਕੇ ਰੱਖ ਦਿੱਤਾ ਹੈ। ਮਾਰਕੀਟ ਦੀ ਸਭ ਤੋਂ ਵੱਡੀ ਸਮੱਸਿਆ ਇੱਥੋਂ ਦਾ ਬੁਨਿਆਦੀ ਢਾਂਚਾ ਹੈ। ਕਾਗਜ਼ਾਂ ਵਿਚ ਜੋ ਸੜਕ 40 ਫੁੱਟ ਚੌੜੀ ਦਰਸਾਈ ਗਈ ਹੈ, ਉਹ ਨਾਜਾਇਜ਼ ਕਬਜ਼ਿਆਂ ਤੇ ਸੜਕ ਦੇ ਦੋਵੇਂ ਪਾਸੇ ਪਏ ਸਮਾਨ ਕਾਰਨ ਸੁੰਗੜ ਕੇ ਮਹਿਜ਼ 8 ਫੁੱਟ ਰਹਿ ਗਈ ਹੈ। ਸੜਕ ਦੀ ਹਾਲਤ ਇੰਨੀ ਖਸਤਾ ਹੈ ਕਿ ਇੱਥੇ ਸੜਕ ਘੱਟ ਤੇ ਡੂੰਘੇ ਟੋਏ ਤੇ ਪੱਥਰ ਜ਼ਿਆਦਾ ਨਜ਼ਰ ਆਉਂਦੇ ਹਨ। ਕਾਰ ਜਾਂ ਕੋਈ ਵੱਡਾ ਵਾਹਨ ਲੰਘਣਾ ਤਾਂ ਦੂਰ ਦੀ ਗੱਲ, ਦੋਪਹੀਆ ਵਾਹਨ ਚਲਾਉਣਾ ਵੀ ਜਾਨ ਨੂੰ ਜੋਖਮ ਵਿੱਚ ਪਾਉਣ ਦੇ ਬਰਾਬਰ ਹੈ।
-ਬਰਸਾਤਾਂ ਵਿਚ ਬਣ ਜਾਂਦੀ ਹੈ 'ਝੀਲ'
ਮਾਰਕੀਟ ਵਿਚ ਨਿਕਾਸੀ ਦਾ ਕੋਈ ਪ੍ਰਬੰਧ ਨਾ ਹੋਣ ਕਾਰਨ ਬਰਸਾਤ ਦੇ ਦਿਨਾਂ ਵਿਚ ਹਾਲਤ ਹੋਰ ਵੀ ਭਿਆਨਕ ਹੋ ਜਾਂਦੀ ਹੈ। ਮਾਮੂਲੀ ਜਿਹੇ ਮੀਂਹ ਤੋਂ ਬਾਅਦ ਪੂਰੀ ਮਾਰਕੀਟ ਕਿਸੇ ਝੀਲ ਦਾ ਰੂਪ ਧਾਰਨ ਕਰ ਲੈਂਦੀ ਹੈ। ਹੈਰਾਨੀ ਦੀ ਗੱਲ ਇਹ ਹੈ ਕਿ ਇਹ ਪਾਣੀ ਹਫ਼ਤਿਆਂ ਜਾਂ ਮਹੀਨਿਆਂ ਤੱਕ ਜਮ੍ਹਾਂ ਰਹਿੰਦਾ ਹੈ, ਜਿਸ ਕਾਰਨ ਗਾਹਕਾਂ ਦਾ ਮਾਰਕੀਟ ’ਚ ਆਉਣਾ ਮੁਸ਼ਕਲ ਹੋ ਜਾਂਦਾ ਹੈ ਅਤੇ ਵਪਾਰ ਬੁਰੀ ਤਰ੍ਹਾਂ ਪ੍ਰਭਾਵਿਤ ਹੁੰਦਾ ਹੈ।
--ਸਫ਼ਾਈ ਦਾ ਕੋਈ ਨਾਮੋ-ਨਿਸ਼ਾਨ ਨਹੀਂ
ਸਫ਼ਾਈ ਪੱਖੋਂ ਇਹ ਮਾਰਕੀਟ ਪੂਰੀ ਤਰ੍ਹਾਂ ਅਣਗੌਲੀ ਹੈ। ਦੁਕਾਨਦਾਰਾਂ ਦਾ ਦੋਸ਼ ਹੈ ਕਿ ਸਾਲਾਂ ਬੱਧੀ ਇੱਥੇ ਕਦੇ ਕੋਈ ਸਫ਼ਾਈ ਕਰਮਚਾਰੀ ਨਹੀਂ ਆਇਆ। ਸਿੱਟੇ ਵਜੋਂ, ਮਾਰਕੀਟ ਵਿੱਚ ਥਾਂ-ਥਾਂ ਕੂੜੇ ਦੇ ਢੇਰ ਲੱਗੇ ਹੋਏ ਹਨ। ਕੁਝ ਜਾਗਰੂਕ ਦੁਕਾਨਦਾਰ ਆਪਣੇ ਖਰਚੇ ’ਤੇ ਬੋਰੀਆਂ ਵਿੱਚ ਕੂੜਾ ਭਰ ਕੇ ਦੂਰ ਸੁੱਟਣ ਲਈ ਮਜਬੂਰ ਹਨ, ਪਰ ਜ਼ਿਆਦਾਤਰ ਕੂੜਾ ਬਾਜ਼ਾਰ ਦੀਆਂ ਗਲੀਆਂ ਵਿਚ ਹੀ ਸੜ ਰਿਹਾ ਹੈ।
-ਪ੍ਰਦੂਸ਼ਣ: ਸਿਹਤ ਲਈ ਵੱਡਾ ਖ਼ਤਰਾ
ਪ੍ਰਦੂਸ਼ਣ ਰੋਕਥਾਮ ਸਬੰਧੀ ਇੱਥੇ ਕੋਈ ਵੀ ਨਿਯਮ ਲਾਗੂ ਨਹੀਂ ਹੁੰਦਾ। ਕੂੜੇ ਦੇ ਢੇਰਾਂ ਨੂੰ ਅਕਸਰ ਅੱਗ ਲਗਾ ਦਿੱਤੀ ਜਾਂਦੀ ਹੈ, ਜਿਸ ਨਾਲ ਜ਼ਹਿਰੀਲਾ ਧੂੰਆਂ ਫੈਲਦਾ ਹੈ। ਇਸ ਤੋਂ ਇਲਾਵਾ, ਟਰੈਕਟਰਾਂ ਦੇ ਇੰਜਣਾਂ ਦਾ ਕਾਲਾ ਤੇਲ ਖੁੱਲ੍ਹੇ ਵਿੱਚ ਸੁੱਟਿਆ ਜਾਂਦਾ ਹੈ, ਜੋ ਨਾ ਸਿਰਫ਼ ਜ਼ਮੀਨ ਨੂੰ ਗੰਦਾ ਕਰ ਰਿਹਾ ਹੈ, ਸਗੋਂ ਵਾਤਾਵਰਣ ਲਈ ਵੀ ਵੱਡਾ ਖ਼ਤਰਾ ਹੈ। ਤੇਲ ਦੀ ਬਦਬੂ ਅਤੇ ਧੂੰਏਂ ਕਾਰਨ ਇੱਥੇ ਕੰਮ ਕਰਨ ਵਾਲੇ ਮਜ਼ਦੂਰਾਂ ਅਤੇ ਦੁਕਾਨਦਾਰਾਂ ਦੀ ਸਿਹਤ ਵਿਗੜ ਰਹੀ ਹੈ।
--ਵਿਧਾਨ ਸਭਾ ਕਮੇਟੀ ਵੀ ਨਾ ਕਰ ਸਕੀ ਹੱਲ
ਏਸ਼ੀਆਂ ਦੀ ਸਭ ਤੋਂ ਵੱਡੀ ਟਰੈਕਰ ਮਾਰਕਿਟ ਵਿਚ ਪੂਰੇ ਭਾਰਤ ਵਿਚੋਂ ਲੋਕ ਖ੍ਰੀਦਦਾਰੀ ਕਰਨ ਲਈ ਪੁੱਜਦੇ ਹਨ। ਪ੍ਰੰਤੂ ਨਗਰ ਸੁਧਾਰ ਟਰਸਟ ਨੇ ਇਸ ਮਾਰਕਿਟ ਨੂੰ ਬਣਾਉਣ ਤੋਂ ਬਾਅਦ ਕਦੇ ਸਾਰ ਨਹੀਂ ਲਈ ਹੈ। ਨਜਾਇਜ ਕਬਜਿਆਂ ’ਤੇ ਕਾਰਵਾਈ ਕਰਨ ਦੀ ਬਜਾਏ ਟਰਸਟ ਖਾਨਾ ਪੂਰਤੀ ਕਰਕੇ ਮੁੜ ਜਾਂਦਾ ਹੈ। ਮਾਰਕਿਟ ਦੇ ਹਲਾਤ ਦੇਖਣ ਲਈ ਵਿਧਾਨ ਸਭਾ ਕਮੇਟੀ ਵਲੋਂ ਵੀ ਦੌਰਾ ਕੀਤਾ ਗਿਆ। ਇਥੋਂ ਦੇ ਹਲਾਤ ਤੇ ਵਪਾਰੀਆਂ ਦੀਆਂ ਗੱਲਾਂ ਸੁਨਣ ਤੋਂ ਬਾਅਦ ਹੱਲ ਕਰਨ ਦਾ ਭਰੋਸਾ ਦਿੱਤਾ ਗਿਆ ਸੀ ਪਰ ਅੱਜ ਤੱਕ ਕੋਈ ਹੱਲ ਨਹੀਂ ਹੋ ਸਕਿਆ ਹੈ।
--ਵਪਾਰੀਆਂ ਦੀ ਮੰਗ
ਜਗਜੀਤ ਸਿੰਘ, ਦਵਿੰਦਰ ਸਿੰਘ, ਪਰਮਜੀਤ ਸਿੰਘ, ਹਰਪ੍ਰੀਤ ਸਿੰਘ, ਵਿਵੇਕ ਸਿੰਘ, ਰੋਬਿਨ, ਪ੍ਰੀਤਮ ਸਿੰਘ, ਹਰਮੀਤ ਸਿੰਘ ਨੇ ਕਿਹਾ ਕਿ ਅਸੀਂ ਸਰਕਾਰ ਨੂੰ ਟੈਕਸ ਦਿੰਦੇ ਹਾਂ, ਪਰ ਬਦਲੇ ਵਿੱਚ ਸਾਨੂੰ ਸਿਰਫ਼ ਗੰਦਗੀ ਅਤੇ ਟੁੱਟੀਆਂ ਸੜਕਾਂ ਮਿਲੀਆਂ ਹਨ। ਜੇਕਰ ਜਲਦੀ ਹੀ ਪ੍ਰਸ਼ਾਸਨ ਨੇ ਕੋਈ ਕਦਮ ਨਾ ਚੁੱਕਿਆ ਤਾਂ ਇਹ ਮਾਰਕੀਟ ਪੂਰੀ ਤਰ੍ਹਾਂ ਖ਼ਤਮ ਹੋ ਜਾਵੇਗੀ। ਇਸ ਗੰਭੀਰ ਸਥਿਤੀ ਨੂੰ ਦੇਖਦਿਆਂ, ਪ੍ਰਦੂਸ਼ਣ ਰੋਕਥਾਮ ਬੋਰਡ, ਨਗਰ ਸੁਧਾਰ ਟਰਸ ਅਤੇ ਸਥਾਨਕ ਪ੍ਰਸ਼ਾਸਨ ਨੂੰ ਤੁਰੰਤ ਜਾਗਰੂਕਤਾ ਅਭਿਆਨ ਚਲਾਉਣ ਅਤੇ ਸਖ਼ਤ ਕਾਰਵਾਈ ਕਰਨ ਦੀ ਲੋੜ ਹੈ ਤਾਂ ਜੋ ਇਸ ਮਾਰਕੀਟ ਦੀ ਸ਼ਾਨ ਬਹਾਲ ਕੀਤੀ ਜਾ ਸਕੇ।
ਡੱਬੀ--ਲੋਕ ਕਰਨ ਸਹਿਯੋਗ, ਅਸੀਂ ਹੱਲ ਕਰਨ ਲਈ ਤਿਆਰ : ਚੇਅਰਮੈਨ
ਨਗਰ ਸੁਧਾਰ ਟਰਸਟ ਚੇਅਰਮੈਨ ਹਰਪਾਲ ਸਿੰਘ ਵਿਰਕ ਨੇ ਕਿਹਾ ਕਿ ਉਨਾਂ ਵਲੋਂ ਮਾਰਕੀਟ ਦਾ ਦੌਰਾ ਕੀਤਾ ਗਿਆ ਸੀ। ਹਲਾਤ ਬਹੁਤੇ ਚੰਗੇ ਨਹੀਂ ਹਨ, ਕਬਜੇ ਤੇ ਸੜਕਾਂ ਦੀ ਹਾਲਤ ਸੁਧਾਰਣ ਦੀ ਲੋੜ ਹੈ। ਚੇਅਰਮੈਨ ਨੇ ਕਿਹਾ ਕਿ ਮਾਰਕੀਟ ਦੇ ਵਪਾਰੀਆਂ ਨੂੰ ਮੀਟਿੰਗ ਲਈ ਦਫਤਰ ਬੁਲਾਇਆ ਗਿਆ ਸੀ ਪਰ ਕੋਈ ਆਇਆ ਨਹੀਂ। ਮਾਰਕੀਟ ਦੇ ਮਸਲਿਆਂ ਦੇ ਹੱਲ ਲਈ ਵਪਾਰੀਆਂ ਨੂੰ ਦੂਸਰੀ ਵਾਰ ਸੱਦਾ ਦਿੱਤਾ ਜਾਵੇਗਾ। ਚੇਅਰਮੈਨ ਨੇ ਕਿਹਾ ਕਿ ‘ਅਸੀਂ ਮਾਰਕੀਟ ’ਚ ਸੁਧਾਰ ਕਰਨਾ ਚਾਹੁੰਦੇ ਹਾਂ, ਇਸ ਲਈ ਲੋੜੀਂਦੇ ਫੰਡ ਵੀ ਉਪਲੱਬਧ ਹਨ ਪਰ ਮਾਰਕੀਟ ਦੇ ਲੋਕਾਂ ਦਾ ਸਹਿਯੋਗ ਵੀ ਜ਼ਰੂਰੀ ਹੈ।