ਕਬਾੜ ਦਾ ਜ਼ਹਿਰੀਲਾ ਧੂੰਆ ਪਿੰਡ ਦੇ ਲੋਕਾਂ ਲਈ ਬਣਿਆ ਖ਼ਤਰਾ
ਕਬਾੜ ਦਾ ਜ਼ਹਿਰੀਲਾ ਧੂੰਆ ਪਿੰਡ ਦੇ ਲੋਕਾਂ ਲਈ ਬਣਿਆ ਖ਼ਤਰਾ
Publish Date: Sun, 19 Apr 2026 05:35 PM (IST)
Updated Date: Mon, 20 Apr 2026 04:04 AM (IST)
ਗ੍ਰਾਮ ਪੰਚਾਇਤ ਵਲੋਂ ਤੁਰੰਤ ਕਾਰਵਾਈ ਦੀ ਮੰਗ ਸ਼ੰਭੂ ਗੋਇਲ, ਪੰਜਾਬੀ ਜਾਗਰਣ, ਲਹਿਰਾਗਾਗਾ : ਇੱਕ ਪਾਸੇ ਪਰਾਲੀ ਨੂੰ ਅੱਗ ਲਾਉਣ ਵਾਲੇ ਕਿਸਾਨਾਂ ਤੇ ਆਮ ਲੋਕਾਂ ਖ਼ਿਲਾਫ਼ ਸਰਕਾਰ ਅਤੇ ਪ੍ਰਦੂਸ਼ਣ ਵਿਭਾਗ ਕਾਰਵਾਈ ਕਰ ਦਿੰਦਾ ਹੈ, ਪ੍ਰੰਤੂ ਪਿੰਡ ਚੂੜਲ ਵਿਖੇ ਸਥਿਤ ਕਬਾੜ ਦੀਆਂ ਦੁਕਾਨਾਂ ਵਾਲੇ ਸ਼ਰੇਆਮ ਕਬਾੜ ਨੂੰ ਅੱਗ ਲਾ ਕੇ ਜ਼ਹਿਰੀਲਾ ਧੂੰਆਂ ਫੈਲਾ ਰਹੇ ਹਨ, ਪਰ ਪ੍ਰਸ਼ਾਸਨ ਅੱਖਾਂ ਮੀਚੀ ਬੈਠਾ ਹੈ। ਜਾਣਕਾਰੀ ਅਨੁਸਾਰ ਗ੍ਰਾਮ ਪੰਚਾਇਤ ਗੁਰੁ ਨਾਨਕ ਨਗਰ ਚੂੜਲ ਦੀ ਹਦੂਦ ਅੰਦਰ ਕੁਝ ਕਬਾੜ ਦੀਆਂ ਦੁਕਾਨਾਂ ਵਾਲਿਆਂ ਵੱਲੋਂ ਗੱਡੀਆਂ ਦੀ ਰਹਿੰਦ-ਖੂੰਹਦ, ਪਲਾਸਟਿਕ ਤੇ ਬਿਜਲੀ ਦੀਆਂ ਤਾਰਾਂ ਨੂੰ ਅੱਗ ਲਾ ਕੇ ਫੂਕਣ ਦੇ ਮਾਮਲੇ ਸਾਹਮਣੇ ਆ ਰਹੇ ਹਨ। ਜਿਸ ਕਾਰਨ ਪਿੰਡ ਦੀ ਆਬਾਦੀ ਵਿਚ ਭਾਰੀ ਪ੍ਰਦੂਸ਼ਣ ਫੈਲ ਰਿਹਾ ਹੈ। ਪਿੰਡ ਵਾਸੀਆਂ ਨੇ ਦੱਸਿਆ ਕਿ ਇਸ ਕਾਰਨ ਨਿਕਲਣ ਵਾਲਾ ਕਾਲਾ ਧੂੰਆਂ ਵਾਤਾਵਰਨ ਨੂੰ ਗੰਭੀਰ ਤੌਰ ’ਤੇ ਪ੍ਰਭਾਵਿਤ ਕਰ ਰਿਹਾ ਹੈ ਅਤੇ ਲੋਕਾਂ ਦੀ ਸਿਹਤ ਉੱਤੇ ਵੀ ਬੁਰਾ ਅਸਰ ਪੈ ਰਿਹਾ ਹੈ। ਖ਼ਾਸ ਕਰਕੇ ਬੱਚਿਆਂ ਤੇ ਬਜ਼ੁਰਗਾਂ ਨੂੰ ਸਾਹ ਨਾਲ ਸਬੰਧਿਤ ਸਮੱਸਿਆਵਾਂ ਦਾ ਖ਼ਤਰਾ ਬਣ ਰਿਹਾ ਹੈ। ਇਸ ਨੂੰ ਲੈ ਕੇ ਗ੍ਰਾਮ ਪੰਚਾਇਤ ਤੇ ਪਿੰਡ ਵਾਸੀਆਂ ਨੇ ਪੰਜਾਬ ਸਰਕਾਰ ਤੇ ਪ੍ਰਦੂਸ਼ਣ ਕੰਟਰੋਲਰ ਤੋਂ ਦੁਕਾਨਦਾਰਾਂ ਖ਼ਿਲਾਫ਼ ਕਾਰਵਾਈ ਕਰਨ ਦੀ ਮੰਗ ਕੀਤੀ ਹੈ।