ਫਰਵਰੀ ’ਚ ਤਾਪਮਾਨ 26 ਡਿਗਰੀ ਤੱਕ ਪੁੱਜਾ
ਫਰਵਰੀ ਖਤਮ ਹੋਣ ਨੂੰ, ਤਾਪਮਾਨ 26 ਡਿਗਰੀ ਤੱਕ ਪੁੱਜਾ
Publish Date: Tue, 24 Feb 2026 03:57 PM (IST)
Updated Date: Wed, 25 Feb 2026 04:01 AM (IST)

ਸਵੇਰ-ਸ਼ਾਮ ਹੀ ਠੰਢ ਹੋ ਰਹੀ ਮਹਿਸੂਸ, ਲੋਕਾਂ ਸਰਦੀ ਵਾਲੇ ਲੀੜੇ ਸਾਂਭੇ ਜਸਵੀਰ ਸਿੰਘ, ਪੰਜਾਬੀ ਜਾਗਰਣ, ਸੰਗਰੂਰ : ਫਰਵਰੀ ਮਹੀਨਾ ਮੁਕਣ ਵਿਚ ਕੇਵਲ ਚਾਰ ਦਿਨ ਬਾਕੀ ਰਹਿ ਗਏ ਹਨ ਤੇ ਲਗਾਤਾਰ ਵੱਧ ਰਿਹਾ ਤਾਪਮਾਨ ਚਿੰਤਾ ਦਾ ਵਿਸ਼ਾ ਬਣ ਗਿਆ ਹੈ। ਹਾਲਾਤ ਇਹ ਹਨ ਕਿ ਸਵੇਰੇ ਅਤੇ ਸ਼ਾਮ ਨੂੰ ਹਲਕੀ ਠੰਢ ਮਹਿਸੂਸ ਹੁੰਦੀ ਹੈ। ਮੰਗਲਵਾਰ ਨੂੰ ਤਾਪਮਾਨ ਵੱਧੋ ਵੱਧ ਤਾਪਮਾਨ 26 ਡਿਗਰੀ ਤੇ ਘੱਟੋ ਘੱਟ 11 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਦੁਪਹਿਰ ਸਮੇਂ ਧੁੱਪ ਨੂੰ ਝੱਲਣਾ ਔਖਾ ਹੋ ਰਿਹਾ ਹੈ। ਵਧਦੇ ਤਾਪਮਾਨ ਦੇ ਮੱਦੇਨਜ਼ਰ ਜ਼ਿਆਦਾਤਰ ਲੋਕਾਂ ਨੇ ਸਿਆਲ ਵਾਲੇ ਲੀੜੇ ਸਾਂਭ ਦਿੱਤੇ ਹਨ। ਲੋਕ ਸਵੇਰੇ ਮੋਟੇ ਕੱਪੜੇ ਪਾਉਂਦੇ ਹਨ ਤੇ ਦੁਪਹਿਰ ਨੂੰ ਅੱਧੀ ਬਾਂਹਾਂ ਵਾਲੇ ਕੱਪੜੇ ਪਹਿਨਣ ਲੱਗ ਪਏ ਹਨ। ਗਰਮੀ ਵੱਧਣ ਨਾਲ ਲੋਕ ਹੁਣ ਤੋਂ ਹੀ ਫ਼ਲਾਂ ਦੇ ਜੂਸ ਪੀਣ ਲੱਗ ਪਏ ਹਨ, ਜਦਕਿ ਪਹਿਲਾਂ ਇਹ ਰੁਝਾਨ ਅੱਧਾ ਮਾਰਚ ਲੰਘਣ ਤੋਂ ਬਾਅਦ ਹੀ ਵੇਖਣ ਨੂੰ ਮਿਲਦਾ ਸੀ। ਤਾਪਮਾਨ ਵੱਧਣ ਨਾਲ ਕਣਕ ਦਾ ਦਾਣਾ ਸੁੱਕਣ ਦਾ ਖ਼ਤਰਾ ਜੇਕਰ ਖੇਤੀਬਾੜੀ ਦੀ ਗੱਲ ਕਰੀਏ ਤਾਂ ਕਿਸਾਨ ਵੀ ਵੱਧਦੇ ਤਾਪਮਾਨ ਤੋਂ ਪਰੇਸ਼ਾਨ ਹਨ। ਉਨ੍ਹਾਂ ਦਾ ਮੰਨਣਾ ਹੈ ਕਿ ਤਾਪਮਾਨ ਵੱਧਣ ਨਾਲ ਕਣਕ ਦਾ ਦਾਣਾ ਠੀਕ ਤਰੀਕੇ ਨਾਲ ਤਿਆਰ ਨਹੀਂ ਹੋਵੇਗਾ। ਇਸ ਦੁੱਧ ਨੇ ਠੋਸ ਹੋ ਕੇ ਦਾਣੇ ਦਾ ਰੂਪ ਲੈਣਾ ਸੀ, ਉਹ ਗਰਮੀ ਕਾਰਨ ਪਹਿਲਾਂ ਹੀ ਸੁੱਕ ਸਕਦਾ ਹੈ ਤੇ ਅਨਾਜ ਢੰਗ ਨਾਲ ਨਹੀਂ ਬਣੇਗਾ। ਜੇਕਰ ਅਜਿਹਾ ਹੁੰਦਾ ਹੈ ਤਾਂ ਫ਼ਸਲ ਦੀ ਪੈਦਾਵਾਰ ਦੋ ਸਾਲ ਪਹਿਲਾਂ ਵਾਂਗ ਘੱਟ ਹੋ ਸਕਦੀ ਹੈ। ਜੋ ਕਿਸਾਨਾਂ ਲਈ ਚਿੰਤਾ ਦਾ ਵਿਸ਼ਾ ਹੈ। ਸਬਜ਼ੀਆਂ ਦੀ ਹਲਕੀ ਸਿੰਚਾਈ ਜਾਰੀ ਸਬਜ਼ੀ ਉਤਪਾਦਕਾਂ ਦੀ ਗੱਲ ਕਰੀਏ ਤਾਂ ਉਨ੍ਹਾਂ ਨੂੰ ਬੂਟਿਆਂ ’ਤੇ ਫੁੱਲ ਤੇ ਫਲ ਝੜਣ ਦਾ ਡਰ ਹੈ। ਭਿੰਡੀ, ਕੱਦੂ, ਤੋਰੀ, ਕਰੇਲਾ, ਪਿਆਜ਼, ਖੀਰਾ ਆਦਿ ਨੂੰ ਬਚਾਉਣ ਲਈ ਉਹ ਲਗਾਤਾਰ ਸਪ੍ਰੇ ਕਰ ਰਹੇ ਹਨ। ਸਬਜ਼ੀਆਂ ਦੇ ਬੂਟੇ ਵੱਧ ਧੁੰਦ, ਮੀਂਹ ਤੇ ਤਾਪਮਾਨ ਨੂੰ ਸਹਿ ਨਹੀਂ ਸਕਦੇ। ਧੁੰਦ ਤੋਂ ਬਚਾਅ ਲਈ ਲਾਇਆ ਗਿਆ ਪਲਾਸਟਿਕ ਕਵਰ ਹੁਣ ਹਟਾ ਦਿੱਤਾ ਗਿਆ ਹੈ, ਪਰ ਤੇਜ਼ ਗਰਮੀ ਤੋਂ ਬਚਾਉਣ ਲਈ ਸਿੰਚਾਈ ਲਗਾਤਾਰ ਜਾਰੀ ਹੈ। ਅੱਗੇ ਅਜਿਹਾ ਰਹੇਗਾ ਮੌਸਮ ਅਗਲੇ ਸੱਤ ਦਿਨਾਂ ’ਚ ਵੱਧ ਤੋਂ ਵੱਧ ਤਾਪਮਾਨ ’ਚ 3 ਤੋਂ 4 ਡਿਗਰੀ ਤੱਕ ਵਾਧਾ ਹੋਣ ਦੀ ਸੰਭਾਵਨਾ ਹੈ। 27 ਫਰਵਰੀ ਤੋਂ ਬਾਅਦ ਰਾਤ ਦਾ ਤਾਪਮਾਨ ਵੀ ਵੱਧੇਗਾ। ਤਾਪਮਾਨ ਆਮ ਤੋਂ 4–5 ਡਿਗਰੀ ਵੱਧ ਰਹਿ ਸਕਦਾ ਹੈ, ਜੋ ਸਮੇਂ ਤੋਂ ਪਹਿਲਾਂ ਗਰਮੀਆਂ ਦੀ ਸ਼ੁਰੂਆਤ ਦਾ ਸੰਕੇਤ ਹੈ। ਇਸ ਨਾਲ ਦੁਪਹਿਰ ਦੇ ਸਮੇਂ ਗਰਮੀ ਤੇ ਉਮਸ ਮਹਿਸੂਸ ਹੋ ਸਕਦੀ ਹੈ।