ਧਰੇੜੀ ਜੱਟਾਂ ਟੋਲ ਪਲਾਜ਼ਾ ਤਿੰਨ ਘੰਟੇ ਲਈ ਕੀਤਾ ਟੋਲ ਮੁਕਤ
ਧਰੇੜੀ ਜੱਟਾਂ ਟੋਲ ਪਲਾਜਾ ਤਿੰਨ ਘੰਟੇ ਲਈ ਕੀਤਾ ਟੋਲ ਮੁਕਤ
Publish Date: Wed, 15 Apr 2026 06:50 PM (IST)
Updated Date: Wed, 15 Apr 2026 06:54 PM (IST)

- ਕਿਸਾਨ ਮਜਦੂਰ ਜਥੇਬੰਦੀਆਂ ਵਲੋਂ ਧਰੇੜੀ ਜੱਟਾਂ ਟੋਲ ਪਲਾਜ਼ ਵਿਖੇ ਧਰਨਾ -ਏਆਈ, ਜੀਪੀਐਸ ਤੇ ਬੂਥ ਰਹਿਤ ਪ੍ਰਣਾਲੀ ਦਾ ਕੀਤਾ ਵਿਰੋਧ -ਨਵੀਂ ਪ੍ਰਣਾਲੀ ਕਿਰਤੀ ਅਤੇ ਲੋਕ ਵਿਰੋਧੀ : ਟੋਲ ਯੂਨੀਅਨ ਫੋਟੋ 15ਪੀਟੀਐੱਲ-17 ਹਰਜੀਤ ਸਿੰਘ ਨਿੱਝਰ, ਪੰਜਾਬੀ ਜਾਗਰਣ, ਬਹਾਦਰਗੜ੍ਹ : ਬੁੱਧਵਾਰ ਨੂੰ ਪਟਿਆਲਾ ਰਾਜਪੁਰਾ ਰੋਡ ਨੈਸ਼ਨਲ ਹਾਈਵੇ ਨੰਬਰ 7 ’ਤੇ ਪਿੰਡ ਧਰੇੜੀ ਜੱਟਾਂ ਵਿਖੇ ਸਥਿਤ ਟੋਲ ਪਲਾਜ਼ਾ ਵਿਖੇ ਟੋਲ ਪਲਾਜ਼ਾ ਵਰਕਰਜ਼ ਯੂਨੀਅਨ ਪੰਜਾਬ ਵਲੋਂ ਵੱਖ-ਵੱਖ ਕਿਸਾਨ ਅਤੇ ਮਜ਼ਦੂਰ ਜਥੇਬੰਦੀਆਂ ਦੇ ਸਹਿਯੋਗ ਨਾਲ ਧਰਨਾ ਦੇ ਕੇ ਤਿੰਨ ਘੰਟੇ ਲਈ ਟੋਲ ਪਲਾਜ਼ਾ ਟੋਲ ਮੁਕਤ ਕੀਤਾ ਗਿਆ। ਇਹ ਧਰਨਾ ਕੇਂਦਰ ਸਰਕਾਰ ਵਲੋਂ ਲਿਆਂਦੀ ਜਾ ਰਹੀ ਨਵੀਂ ਏਆਈ, ਜੀਪੀਐਸ ਅਤੇ ਬੂਥ ਰਹਿਤ ਪ੍ਰਣਾਲੀ ਦੇ ਵਿਰੋਧ ’ਚ ਲਾਇਆ ਗਿਆ ਸੀ। ਇਸ ਮੌਕੇ ਟੋਲ ਪਲਾਜ਼ਾ ਵਰਕਰਜ਼ ਯੂਨੀਅਨ ਪੰਜਾਬ ਦੇ ਪ੍ਰਧਾਨ ਦਰਸ਼ਨ ਸਿੰਘ ਲਾਡੀ ਨੇ ਕਿਹਾ ਕਿ ਨੈਸ਼ਨਲ ਹਾਈਵੇ ਅਥਾਰਟੀ ਆਫ ਇੰਡੀਆ ਵਲੋਂ ਲਾਗੂ ਕੀਤੀ ਗਈ ਨਵੀਂ ਨੀਤੀ ਜ਼ਮੀਨੀ ਹਕੀਕਤਾਂ ਨਾਲ ਮੇਲ ਨਹੀਂ ਖਾਂਦੀ ਅਤੇ ਇਸ ਨਾਲ ਆਮ ਲੋਕਾਂ ਅਤੇ ਟੋਲ ਪਲਾਜ਼ਾ ਮੁਲਾਜ਼ਮਾਂ ਨੂੰ ਗੰਭੀਰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਵੇਗਾ। ਇਸ ਨੀਤੀ ਨਾਲ ਸੈਂਕੜੇ ਟੋਲ ਪਲਾਜ਼ਿਆਂ ’ਤੇ ਲੱਖਾਂ ਮਜਦੂਰ ਆਪਣੇ ਪਰਿਵਾਰਾਂ ਦੀ ਰੋਜੀ ਰੋਟੀ ਤੋਂ ਵਾਂਝੇ ਹੋ ਜਾਣਗੇ। ਇਹ ਟੋਲ ਪਲਾਜ਼ੇ ਗਰੀਬ ਅਤੇ ਮਜ਼ਦੂਰ ਵਰਗ ਲਈ ਰੁਜ਼ਗਾਰ ਦਾ ਇੱਕ ਮਹੱਤਵਪੂਰਨ ਸਰੋਤ ਹਨ। ਪਰ ਹੁਣ ਨਵੀਂ ਏਆਈ, ਜੀਪੀਐਸ ਅਤੇ ਬੂਥ ਰਹਿਤ ਪ੍ਰਣਾਲੀ ਲਾਗੂ ਹੋਣ ਨਾਲ ਜਿਥੇ ਲੱਖਾਂ ਵਰਕਰਾਂ ਦੀ ਨੌਕਰੀ ’ਤੇ ਖਤਰਾ ਖੜਾ ਹੋ ਗਿਆ ਹੈ ਉਥੇ ਹੀ ਵਾਹਨ ਚਾਲਕਾਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਵੇਗਾ। ਉਨਾਂ ਚਿਤਾਵਨੀ ਦਿੱਤੀ ਕਿ ਜੇਕਰ ਸਰਕਾਰ ਵਲੋਂ ਕੈਸ਼ਲੈਸ ਪ੍ਰਣਾਲੀ ਨੂੰ ਵਾਪਸ ਨਾ ਲਿਆ ਗਿਆ ਤਾਂ ਆਉਣ ਵਾਲੇ ਸਮੇਂ ’ਚ ਟੋਲ ਪਲਾਜ਼ਿਆਂ ਨੂੰ ਅਣਮਿੱਥੇ ਸਮੇਂ ਲਈ ਟੋਲ ਮੁਕਤ ਕੀਤਾ ਜਾਵੇਗਾ। ਪ੍ਰਧਾਨ ਦਰਸ਼ਨ ਸਿੰਘ ਲਾਡੀ ਨੇ ਕਿਹਾ ਕਿ ਦੇਸ਼ ’ਚ ਪਹਿਲਾਂ ਹੀ ਵੱਡੀ ਗਿਣਤੀ ਨੌਜਵਾਨ ਬੇਰੁਜਗਾਰ ਹਨ, ਅਜਿਹੀ ਨੀਤੀ ਨਾਲ ਹਾਲਾਤ ਹੋਰ ਗੰਭੀਰ ਹੋ ਜਾਣਗੇ ਅਤੇ ਨੌਜਵਾਨੀ ਭੁੱਖਮਰੀ, ਨਸ਼ੇ ਅਤੇ ਖੁਦਕਸ਼ੀਆਂ ਵੱਲ ਧੱਕੀ ਜਾਵੇਗੀ। ਇਸ ਮੌਕੇ ਭਾਰਤੀ ਕਿਸਾਨ ਯੂਨੀਅਨ ਏਕਤਾ ਭਟੇੜੀਕਲਾਂ ਦੇ ਸੂਬਾ ਪ੍ਰਧਾਨ ਜੰਗ ਸਿੰਘ ਭਟੇੜੀ, ਬਲਾਕ ਪ੍ਰਧਾਨ ਅਮਰੀਕ ਸਿੰਘ ਬਹਾਦਰਗੜ੍ਹ, ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਦੇ ਜਿਲਾ ਕਮੇਟੀ ਮੈਂਬਰ ਸਤਪਾਲ ਸਿੰਘ ਮਹਿਮਦਪੁਰ, ਹਰਮੇਲ ਸਿੰਘ ਅੰਟਾਲ ਬਲਾਕ ਪ੍ਰਧਾਨ ਆਦਿ ਆਗੂਆਂ ਤੋਂ ਇਲਾਵਾ ਵੱਡੀ ਗਿਣਤੀ ’ਚ ਕਿਸਾਨ, ਮਜ਼ਦੂਰ ਅਤੇ ਮੁਲਾਜ਼ਮ ਜਥੇਬੰਦੀਆਂ ਨੇ ਸ਼ਮੂਲੀਅਤ ਕੀਤੀ।