ਘੱਗਾ ਟੋਲ ਪਲਾਜ਼ਾ ਵਿਖੇ ਅਣਮਿੱਥੇ ਸਮੇਂ ਦਾ ਧਰਨਾ ਲਗਾਤਾਰ ਜਾਰੀ
ਘੱਗਾ ਟੋਲ ਪਲਾਜਾ ਵਿਖੇ ਅਣਮਿੱਥੇ ਸਮੇਂ ਦਾ ਧਰਨਾ ਲਗਾਤਾਰ ਜਾਰੀ
Publish Date: Thu, 12 Mar 2026 06:30 PM (IST)
Updated Date: Thu, 12 Mar 2026 06:33 PM (IST)

ਫੋਟੋ 12ਪੀਟੀਐਲ: 25 ਭੁਪਿੰਦਰਜੀਤ ਮੌਲਵੀਵਾਲਾ, ਪੰਜਾਬੀ ਜਾਗਰਣ, ਪਾਤੜਾਂ : ਕੇਂਦਰ ਸਰਕਾਰ ਵੱਲੋਂ ਭਾਰਤ ਮਾਲਾ ਪਰਿਯੋਜਨਾ ਤਹਿਤ ਬਣਾਏ ਜਾ ਰਹੇ ਦਿੱਲੀ ਜੰਮੂ ਕਟੜਾ ਐਕਸਪ੍ਰੈਸ ਵੇਅ ਲਈ ਐਕਵਾਇਰ ਕੀਤੀ ਗਈ ਜ਼ਮੀਨ ਦੇ ਮਾਲਕ ਕਿਸਾਨਾਂ ਨਾਲ ਸਬੰਧਤ ਸਮੱਸਿਆਵਾਂ ਨੂੰ ਲੈ ਕੇ ਰੋਡ ਕਿਸਾਨ ਸੰਘਰਸ਼ ਕਮੇਟੀ ਅਤੇ ਭਾਰਤੀ ਕਿਸਾਨ ਯੂਨੀਅਨ ਏਕਤਾ ਆਜ਼ਾਦ ਵੱਲੋਂ ਘੱਗਾ ਟੋਲ ਪਲਾਜ਼ਾ ਵਿਖੇ ਅਣਮਿਥੇ ਸਮੇਂ ਦਾ ਦਿੱਤਾ ਜਾ ਰਿਹਾ ਧਰਨਾ ਲਗਾਤਾਰ ਜਾਰੀ ਹੈ। ਇਸ ਦੌਰਾਨ ਜਥੇਬੰਦੀਆਂ ਵੱਲੋਂ ਸੰਘਰਸ਼ ਨੂੰ ਤੇਜ਼ ਕਰਦਿਆਂ ਵੱਡਾ ਇਕੱਠ ਕਰਕੇ ਐਕਸਪ੍ਰੈਸ ਵੇਅ ਦਾ ਰੋਕਿਆ ਹੋਇਆ ਕੰਮ ਚਾਲੂ ਨਾ ਕਰਨ ਦੇਣ ਦੇ ਐਲਾਨ ਮਗਰੋਂ ਪ੍ਰਸ਼ਾਸਨ ਹਰਕਤ ਵਿਚ ਆ ਗਿਆ ਹੈ। ਧਰਨਾਕਾਰੀਆਂ ਦਾ ਪੱਖ ਜਾਨਣ ਲਈ ਤਹਿਸੀਲਦਾਰ ਪਾਤੜਾਂ ਸਵਪਨਦੀਪ ਕੌਰ ਅਤੇ ਨੈਸ਼ਨਲ ਹਾਈਵੇ ਅਥਾਰਟੀ ਦੇ ਐੱਸਡੀਓ ਸੁਲੇਮਾਨ ਨੇ ਪ੍ਰਦਰਸ਼ਨ ਵਾਲੀ ਥਾਂ ਉੱਤੇ ਪਹੁੰਚ ਕੇ ਧਰਨਾਕਾਰੀਆਂ ਦਾ ਪੱਖ ਸੁਣਿਆ। ਪ੍ਰਦਰਸ਼ਨਕਾਰੀ ਕਿਸਾਨਾਂ ਨੇ ਮੰਗ ਪੱਤਰ ਤਹਿਸੀਲਦਾਰ ਪਾਤੜਾਂ ਸਵਪਨਦੀਪ ਕੌਰ ਨੂੰ ਸੌਂਪਿਆ। ਇਸ ਦੌਰਾਨ ਪ੍ਰਸ਼ਾਸਨਿਕ ਅਧਿਕਾਰੀਆਂ ਵੱਲੋਂ ਪ੍ਰਦਰਸ਼ਨਕਾਰੀ ਕਿਸਾਨਾਂ ਨਾਲ ਮੀਟਿੰਗ ਦਾ ਸਮਾਂ ਤਹਿ ਕੀਤਾ ਗਿਆ ਹੈ। ਪ੍ਰਸ਼ਾਸਨਿਕ ਅਧਿਕਾਰੀਆਂ ਵੱਲੋਂ ਕਿਸਾਨਾਂ ਨੂੰ ਲਟਕਦੀਆਂ ਆ ਰਹੀਆਂ ਮੰਗਾਂ ਹੱਲ ਕਰਨ ਦਾ ਭਰੋਸਾ ਦਿੱਤਾ ਗਿਆ ਹੈ। ਰੋਸ ਪ੍ਰਦਰਸ਼ਨ ਕਰ ਰਹੇ ਕਿਸਾਨਾਂ ਨੂੰ ਸੰਬੋਧਨ ਕਰਦਿਆਂ ਭਾਰਤੀ ਕਿਸਾਨ ਯੂਨੀਅਨ ਏਕਤਾ ਆਜ਼ਾਦ ਦੇ ਸੂਬਾ ਆਗੂ ਮਨਜੀਤ ਸਿੰਘ ਨਿਆਲ ਨੇ ਕਿਹਾ ਕਿ ਨੈਸ਼ਨਲ ਹਾਈਵੇ ਅਥਾਰਟੀ ਵੱਲੋਂ ਐਕਸਪ੍ਰੈਸ ਵੇ ਦਾ ਨਿਰਮਾਣ ਕਰਨ ਸਮੇਂ ਕਿਸਾਨਾਂ ਦੀ ਐਕਵਾਇਰ ਕੀਤੀ ਗਈ ਜ਼ਮੀਨ ਨਾਲ ਸੰਬੰਧਿਤ ਬਹੁਤ ਸਾਰੇ ਮਸਲੇ ਲੰਬੇ ਸਮੇਂ ਤੋਂ ਲੰਬਿਤ ਪਏ ਹਨ ਪਰ ਹਾਈਵੇ ਅਥਾਰਟੀ ਅਤੇ ਪ੍ਰਸ਼ਾਸਨਿਕ ਅਧਿਕਾਰੀਆਂ ਵੱਲੋਂ ਕਿਸਾਨਾਂ ਦੀਆਂ ਮੰਗਾਂ ਵੱਲ ਕੋਈ ਧਿਆਨ ਨਹੀਂ ਦਿੱਤਾ ਜਾ ਰਿਹਾ ਜਿਸ ਕਰਕੇ ਮਜਬੂਰ ਕਿਸਾਨਾਂ ਨੂੰ ਐਕਸਪ੍ਰੈਸ ਵੇ ਦਾ ਕੰਮ ਰੋਕਣਾ ਪਿਆ ਹੈ। ਉਨ੍ਹਾਂ ਦੱਸਿਆ ਕਿ ਪਿੰਡ ਅਤਾਲਾਂ ਦੇ ਕਿਸਾਨ ਤਾਰਾ ਸਿੰਘ ਨੂੰ ਮਿਲਣ ਵਾਲੀ ਮੁਆਵਜੇ ਦੀ ਰਕਮ ਐਡੀਸ਼ਨਲ ਜੱਜ ਨੇ ਬੇਵਜਾ ਰੋਕੀ ਹੋਈ ਹੈ ਜੋ ਐਵਾਰਡ ਹੋ ਚੁੱਕੇ ਹਨ ਉਹਨਾਂ ਦੀ ਵੀ ਪੇਮੈਂਟ ਨਹੀਂ ਕੀਤੀ ਜਾ ਰਹੀ। ਉਹਨਾਂ ਮੰਗ ਕੀਤੀ ਕਿ ਘੱਗਾ ਦੇ ਚੱਲ ਰਹੇ ਐਵਾਰਡ ਜਮੀਨ ਦੇ ਮਾਰਕੀਟ ਰੇਟ ਮੁਤਾਬਕ ਕਰਨ ਦੇ ਨਾਲ ਨਾਲ ਐਕਵਾਇਰ ਹੋਈਆਂ ਪਾਈਪ ਲਾਈਨਾਂ ਦਾ ਐਵਾਰਡ ਕੀਤਾ ਜਾਵੇ। ਇਸ ਮੌਕੇ ਹੋਰਨਾਂ ਤੋਂ ਇਲਾਵਾ ਬੀਕੇਯੂ ਏਕਤਾ ਆਜ਼ਾਦ ਦੇ ਬਲਾਕ ਪ੍ਰਧਾਨ ਮਨਦੀਪ ਸਿੰਘ ਭੂਤਗੜ੍ਹ, ਕੁਲਦੀਪ ਸਿੰਘ ਬਰਾਸ, ਸੁੱਖਾ ਸਿੰਘ ਦਫਤਰੀਵਾਲਾ, ਬਿੱਕਰ ਸਿੰਘ ਬੂਰੜ, ਰਸਪਾਲ ਸਿੰਘ ਢੋਟ, ਅਮਰਿੰਦਰ ਸਿੰਘ ਘੱਗਾ, ਸੁਰਜੀਤ ਸਿੰਘ ਤੰਬੂਵਾਲਾ, ਰੋੜ ਕਿਸਾਨ ਸੰਘਰਸ਼ ਕਮੇਟੀ ਤੋਂ ਜਗਜੀਤ ਸਿੰਘ ਗਲੌਲੀ, ਜਤਿੰਦਰ ਸਿੰਘ ਸ਼ੁਤਰਾਣਾ, ਸਤਨਾਮ ਸਿੰਘ ਦੁਤਾਲ, ਅਜੈਬ ਸਿੰਘ ਬਣਵਾਲਾ, ਜੋਰਾਵਰ ਸਿੰਘ ਠਰੂਆ ਅਤੇ ਹਰਜੀਤ ਸਿੰਘ ਤੇਈਪੁਰ ਆਦਿ ਹਾਜ਼ਰ ਸਨ।