16 ਤੋਂ 20 ਮਾਰਚ ਤਕ ਮਨਾਇਆ ਜਾਵੇਗਾ ਵਿਸ਼ੇਸ਼ ਟੀਕਾਕਰਨ ਹਫ਼ਤਾ
ਸਪੈਸ਼ਲ ਟੀਕਾਕਰਨ ਹਫਤੇ ਦੌਰਾਨ ਗਰਭਵਤੀ ਮਾਵਾਂ ਅਤੇ ਬੱਚਿਆਂ ਨੂੰ ਲਗਾਏ ਜਾ ਰਹੇ ਹਨ ਟੀਕੇ
Publish Date: Tue, 17 Mar 2026 04:41 PM (IST)
Updated Date: Tue, 17 Mar 2026 04:43 PM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਪਟਿਆਲਾ : ਡਾਇਰੈਕਟਰ ਸਿਹਤ ਅਤੇ ਪਰਿਵਾਰ ਭਲਾਈ ਦੇ ਹੁਕਮਾਂ ਅਨੁਸਾਰ ਅਤੇ ਕਾਰਜਕਾਰੀ ਸਿਵਲ ਸਰਜਨ ਪਟਿਆਲਾ ਡਾ. ਰਚਨਾ ਕੌਰ ਦੇ ਦਿਸ਼ਾ ਨਿਰਦੇਸ਼ਾਂ ਦੀ ਪਾਲਨਾ ਕਰਦੇ ਹੋਏ ਸਿਹਤ ਵਿਭਾਗ ਪਟਿਆਲਾ ਵੱਲੋਂ ਜ਼ਿਲ੍ਹੇ ਦੀਆਂ ਸਮੂਹ ਸੰਸਥਾਵਾਂ ਦੇ ਏਰੀਏ ’ਚ 16 ਤੋਂ 20 ਮਾਰਚ ਤੱਕ ਵਿਸ਼ੇਸ਼ ਟੀਕਾਕਰਨ ਹਫ਼ਤਾ ਮਨਾਇਆ ਜਾ ਰਿਹਾ ਹੈ। ਜਿਸ ਤਹਿਤ ਕਿਸੇ ਕਾਰਨ ਟੀਕਾਕਰਨ ਤੋਂ ਵਾਂਝੇ ਰਹਿ ਗਏ ਬੱਚਿਆਂ ਅਤੇ ਗਰਭਵਤੀ ਔਰਤਾਂ ਨੂੰ ਕਵਰ ਕੀਤਾ ਜਾ ਰਿਹਾ ਹੈ। ਇਸ ਮੁਹਿੰਮ ਤਹਿਤ ਸਕੂਲੀ ਬੱਚਿਆਂ ਦਾ ਵੀ ਟੀਕਾਕਰਨ ਸਿਹਤ ਵਿਭਾਗ ਦੀਆਂ ਟੀਮਾਂ ਵੱਲੋਂ ਕੀਤਾ ਜਾ ਰਿਹਾ ਹੈ। ਟੀਕਾਕਰਨ ਹਫ਼ਤੇ ਦੇ ਸਬੰਧ ’ਚ ਜਾਣਕਾਰੀ ਦਿੰਦਿਆਂ ਡਾ.ਰਚਨਾ ਕੌਰ ਨੇ ਕਿਹਾ ਕਿ ਹਫਤਾ ਭਰ ਚੱਲਣ ਵਾਲੀ ਇਸ ਕੰਪੇਨ ਦੀ ਅਗਵਾਈ ਜ਼ਿਲ੍ਹਾ ਬੀ.ਸੀ.ਜੀ ਮੈਡੀਕਲ ਅਫਸਰ ਡਾ. ਜਤਿੰਦਰ ਕੌਰ ਅਤੇ ਜਿਲਾ ਸੁਪਰਵਾਈਜਰਾਂ ਵੱਲੋਂ ਕੀਤੀ ਜਾ ਰਹੀ ਹੈ ਜੋ ਕਿ ਜਿਲ੍ਹੇ ਭਰ ਵਿੱਚ ਗਠਿਤ ਕੀਤੀਆਂ ਗਈਆਂ ਸਿਹਤ ਵਿਭਾਗ ਦੀਆਂ ਟੀਮਾਂ ਦੀ ਚੈਕਿੰਗ ਵੀ ਕਰ ਰਹੇ ਹਨ ਅਤੇ ਉਹਨਾਂ ਦੱਸਿਆ ਕਿ ਸਿਹਤ ਵਿਭਾਗ ਦੀਆਂ ਟੀਮਾਂ ਵੱਲੋਂ ਪਹਿਲਾਂ ਤੋਂ ਹੀ ਘਰ ਘਰ ਜਾ ਕੇ ਡਰਾਪ ਆਉਟ ਤੇ ਲੈਫਟ ਆਉਟ ਬੱਚਿਆਂ ਤੇ ਗਰਭਵਤੀ ਮਾਵਾਂ ਦੀਆਂ ਸੂਚੀਆਂ ਤਿਆਰ ਕੀਤੀਆਂ ਗਈਆਂ ਹਨ। ਇਸ ਸਬੰਧੀ ਬਕਾਇਦਾ ਐਕਸ਼ਨ ਪਲਾਨ ਬਣਾ ਕੇ ਟੀਕਾਕਰਨ ਕੀਤਾ ਜਾ ਰਿਹਾ ਹੈ ਤਾਂ ਕਿ ਕੋਈ ਵੀ ਬੱਚਾ ਜਾਂ ਗਰਭਵਤੀ ਔਰਤ ਟੀਕਾਕਰਨ ਤੋਂ ਵਾਂਝਾ ਨਾ ਰਹਿ ਜਾਵੇ। ਜ਼ਿਲ੍ਹਾ ਟੀਕਾਕਰਨ ਅਧਿਕਾਰੀ ਡਾ.ਜਤਿੰਦਰ ਕੌਰ ਨੇ ਦੱਸਿਆ ਕਿ ਇਸ ਕੰਪੇਨ ਦੌਰਾਨ ਉੱਚ ਜੋਖਮ ਵਾਲੇ ਖੇਤਰਾਂ ਤੇ ਮਾਈਗਰੇਟਰੀ ਆਬਾਦੀ ਦੇ ਘਰਾਂ ’ਚ ਪੈਦਾ ਹੋਏ ਨਵਜੰਮੇ ਬੱਚੇ, ਝੁੱਗੀਆਂ ਝੌਂਪੜੀਆਂ, ਅਨਾਥ ਆਸ਼ਰਮਾਂ ਤੇ ਅਨਾਜ ਮੰਡੀਆਂ ਵਿਚ ਕੰਮ ਕਰਦੀ ਲੇਬਰ ਕੰਪੇਨ ਦੌਰਾਨ ਬੱਚਿਆਂ ਨੂੰ ਬਿਮਾਰੀਆਂ ਤੋਂ ਬਚਾਉਣ ਲਈ ਟੀਕਾਕਰਨ ਜ਼ਰੂਰ ਕਰਵਾਉਣ ਅਤੇ ਇਸ ਮੁਹਿੰਮ ਦਾ ਵੱਧ ਤੋਂ ਵੱਧ ਲਾਭ ਉਠਾਉਣ।